ਢੱਡਰੀਆਂਵਾਲਿਆਂ ਦਾ ਖੁਲਾਸਾ, ਐੱਸ. ਜੀ. ਪੀ. ਸੀ. ਦੀ ਸ਼ਹਿ ''ਤੇ ਮਿਲ ਰਹੀਆਂ ਧਮਕੀਆਂ
Tuesday, Feb 04, 2020 - 06:21 PM (IST)
ਪਟਿਆਲਾ : ਨਿਹੰਗ ਸਿੰਘਾਂ ਵਲੋਂ ਸੋਸ਼ਲ ਮੀਡੀਆ 'ਤੇ ਦਿੱਤੀਆਂ ਜਾ ਰਹੀਆਂ ਧਮਕੀਆਂ ਪਿੱਛੇ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਨੇ ਐੱਸ. ਜੀ. ਪੀ. ਸੀ. ਦਾ ਹੱਥ ਹੋਣ ਦੀ ਗੱਲ ਆਖੀ ਹੈ। ਢੱਡਰੀਆਂਵਾਲਿਆਂ ਦਾ ਕਹਿਣਾ ਹੈ ਕਿ ਐੱਸ. ਜੀ. ਪੀ. ਸੀ. ਦੀ ਸ਼ਹਿ 'ਤੇ ਹੀ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਭਾਈ ਢੱਡਰੀਆਂਵਾਲਿਆਂ ਨੇ ਕਿਹਾ ਕਿ ਸੰਗਰੂਰ ਦੇ ਪਿੰਡ ਗਿਦੜਿਆਣੀ ਵਿਖੇ ਪਹਿਲੇ ਦਿਨ ਦੇ ਦੀਵਾਨ ਦੌਰਾਨ ਭਾਰੀ ਪੁਲਸ ਫੋਰਸ ਦੇਖ ਕੇ ਉਨ੍ਹਾਂ ਬਾਕੀ ਦੋ ਦਿਨ ਦਾ ਪ੍ਰੋਗਰਾਮ ਰੱਦ ਕਰਨ ਦਾ ਫੈਸਲਾ ਕੀਤਾ ਸੀ ਪਰ ਸੰਗਤ ਦੇ ਆਖਣ ਤੋਂ ਬਾਅਦ ਉਨ੍ਹਾਂ ਇਕ ਦਿਨ ਹੋਰ ਦੀਵਾਨ ਲਗਾਉਣ ਦਾ ਫੈਸਲਾ ਕੀਤਾ।
ਉਨ੍ਹਾਂ ਕਿਹਾ ਕਿ ਜਿਸ ਸਮੇਂ ਡੇਰਾ ਸੱਚਾ ਸੌਦਾ ਮੁਖੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੁਆਫੀ ਦਿੱਤੀ ਗਈ ਸੀ ਤਾਂ ਉਸ ਸਮੇਂ ਇਸ ਦੀ ਜਾਂਚ ਲਈ ਪੰਜ ਮੈਂਬਰੀ ਕਮੇਟੀ ਕਿਉਂ ਨਹੀਂ ਬਣਾਈ ਗਈ। ਢੱਡਰੀਆਂਵਾਲਿਆਂ ਨੇ ਕਿਹਾ ਕਿ ਇੰਝ ਜਾਪਦਾ ਹੈ ਕਿ ਐੱਸ. ਜੀ. ਪੀ. ਸੀ. ਦੀ ਸ਼ਹਿ 'ਤੇ ਹੀ ਨਿਹੰਗਾਂ ਵਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਐੱਸ. ਜੀ. ਪੀ. ਸੀ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਗਿਦੜਿਆਣੀ ਦਾ ਦੀਵਾਨ ਰੱਦ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਦੀਵਾਨ ਰੱਦ ਨਹੀਂ ਹੋਇਆ ਤਾਂ ਉਨ੍ਹਾਂ ਨਵਾਂ ਪੈਂਤੜਾ ਵਰਤਿਆ। ਇਸ ਦੇ ਨਾਲ ਹੀ ਢੱਡਰੀਆਂਵਾਲਿਆਂ ਨੇ ਇਕ ਵਾਰ ਫਿਰ ਸਾਫ ਕੀਤਾ ਹੈ ਕਿ ਉਹ ਕਿਸੇ ਵੀ ਪੰਜ ਮੈਂਬਰੀ ਕਮੇਟੀ ਅੱਗੇ ਪੇਸ਼ ਨਹੀਂ ਹੋਣਗੇ।