ਭਾਈ ਢੱਡਰੀਆਂਵਾਲੇ ਵਲੋਂ ਲਗਾਏ ਦੋਸ਼ਾਂ ''ਤੇ ਲੌਂਗੋਵਾਲ ਦਾ ਵੱਡਾ ਬਿਆਨ

02/07/2020 6:58:00 PM

ਸੰਗਰੂਰ (ਹਨੀ ਕੋਹਲੀ) : ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਵਲੋਂ ਲਗਾਏ ਜਾ ਰਹੇ ਦੋਸ਼ਾਂ 'ਤੇ ਐੱਸ. ਜੀ. ਪੀ. ਸੀ. ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜਵਾਬ ਦਿੱਤਾ ਹੈ। ਭਾਈ ਲੌਂਗੋਵਾਲ ਦਾ ਕਹਿਣਾ ਹੈ ਕਿ ਕੋਈ ਵੀ ਮਾਮਲਾ ਗੱਲਬਾਤ ਰਾਹੀਂ ਹੀ ਹੱਲ ਹੋ ਸਕਦਾ ਹੈ। ਉਨ੍ਹਾਂ ਢੱਡਰੀਆਂਵਾਲਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਅੱਗੇ ਪੇਸ਼ ਹੋਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਢੱਡਰੀਆਂਵਾਲਿਆਂ 'ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਬਣਾਇਆ ਜਾ ਰਿਹਾ, ਇਸ ਲਈ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਣ ਲਈ ਨਹੀਂ ਕਿਹਾ ਗਿਆ ਸਗੋਂ ਉਨ੍ਹਾਂ ਨੂੰ ਆਪਣੀ ਸਹੂਲਤ ਮੁਤਾਬਕ ਸਮਾਂ 'ਤੇ ਸਥਾਨ ਚੁਨਣ ਲਈ ਕਿਹਾ ਗਿਆ ਹੈ, ਜਿਸ ਦੀ ਜਾਣਕਾਰੀ ਉਹ ਪੰਜ ਮੈਂਬਰ ਕਮੇਟੀ ਨੂੰ ਦੇਣਗੇ ਅਤੇ ਕਮੇਟੀ ਖੁਦ ਉਸੇ ਜਗ੍ਹਾ 'ਤੇ ਜਾ ਕੇ ਉਨ੍ਹਾਂ ਨਾਲ ਸੰਵਾਦ ਕਰੇਗੀ। ਲੌਂਗੋਵਾਲ ਨੇ ਢੱਡਰੀਆਂਵਾਲੇ ਨੂੰ ਨਸੀਹਤ ਦਿੱਤੀ ਕਿ ਉਹ ਹੰਕਾਰ ਛੱਡ ਕੇ ਸਿੱਖ ਵਿਦਵਾਨਾਂ ਦੀ ਗੱਲ ਸੁਨਣ। 

ਇਸ ਦੇ ਨਾਲ ਹੀ ਦੀਵਾਨ ਰੱਦ ਕਰਵਾਉਣ ਦੇ ਢੱਡਰੀਆਂਵਾਲੇ ਵਲੋਂ ਲਗਾਏ ਜਾ ਰਹੇ ਦੋਸ਼ਾਂ 'ਤੇ ਭਾਈ ਲੌਂਗੋਵਾਲ ਨੇ ਕਿਹਾ ਕਿ ਸਿੱਖ ਜਥੇਬੰਦੀਆਂ ਆਪਣੀ ਮਰਜ਼ੀ ਨਾਲ ਵਿਰੋਧ ਕਰਨ ਗਈਆਂ ਸਨ, ਜਦਕਿ ਉਨ੍ਹਾਂ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਇਥੇ ਦੱਸਣਯੋਗ ਹੈ ਕਿ ਰਣਜੀਤ ਸਿੰਘ ਢੱਡਰੀਆਂਵਾਲੇ ਨਾਲ ਪੈਦਾ ਹੋਏ ਵਿਵਾਦ ਦੇ ਹੱਲ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਗੱਲਬਾਤ ਲਈ 5 ਸਿੱਖ ਵਿਦਵਾਨਾਂ ਦੀ ਕਮੇਟੀ ਬਣਾਈ ਗਈ ਹੈ। ਢੱਡਰੀਆਂਵਾਲਿਆਂ ਨੂੰ ਇਸ ਕਮੇਟੀ ਨਾਲ ਗੱਲਬਾਤ ਲਈ 1 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ, ਜਦਕਿ ਢੱਡਰੀਆਂਵਾਲੇ ਇਸ ਕਮੇਟੀ ਕੋਲ ਪੇਸ਼ ਹੋਣ ਤੋਂ ਇਨਕਾਰ ਕਰ ਚੁੱਕੇ ਹਨ।


Gurminder Singh

Content Editor

Related News