ਪੰਜਾਬ ਬੰਦ ਲਈ ਡਟੇ ਪੰਜਾਬੀ ਕਲਾਕਾਰ, ਰਣਜੀਤ ਬਾਵਾ ਸਣੇ ਇਨ੍ਹਾਂ ਕਲਾਕਾਰਾਂ ਨੇ ਕੀਤੀ ਹਮਾਇਤ
Tuesday, Sep 22, 2020 - 05:02 PM (IST)
ਜਲੰਧਰ (ਬਿਊਰੋ) : ਕਿਸਾਨਾਂ ਦੇ ਹੱਕ ਲਈ ਪੰਜਾਬੀ ਕਲਾਕਾਰ ਖੁੱਲ੍ਹ ਕੇ ਬੋਲ ਰਹੇ ਹਨ। ਹੁਣ ਤਕ ਕਈ ਕਲਾਕਾਰਾਂ ਨੇ 25 ਸਤੰਬਰ ਨੂੰ ਧਰਨੇ ‘ਚ ਸ਼ਾਮਲ ਹੋਣ ਦਾ ਐਲਾਨ ਵੀ ਕੀਤਾ ਹੈ। ਦੱਸ ਦਈਏ ਕਿ ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦੇ ਹੋਇਆਂ ਇੱਕ ਖ਼ਾਸ ਸੁਨੇਹਾ ਲਿਖਿਆ। “ਅਸੀਂ ਸਾਰੇ ਕਲਾਕਾਰ ਖ਼ਾਸ ਤੌਰ ‘ਤੇ ਨੌਜਵਾਨਾਂ ਅਤੇ ਪੰਜਾਬ ਦੀਆਂ ਸਾਰੀਆਂ ਧਿਰਾਂ ਤੇ ਵਰਗਾਂ ਨੂੰ ਕਿਸਾਨਾਂ ਤੇ ਮਜ਼ਦੂਰਾਂ ਦੇ ਹਿੱਤਾਂ ਦੀ ਰਖਵਾਲੀ ਅਤੇ ਚੜ੍ਹਦੀ ਕਲਾ ਲਈ 25 ਸਤੰਬਰ ਦੇ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਲਈ ਅੱਗੇ ਆਉਣ ਲਈ ਪੁਰਜ਼ੋਰ ਅਪੀਲ ਕਰਦੇ ਹਾਂ।“
ਉਨ੍ਹਾਂ ਨੇ ਅੱਗੇ ਕਿਹਾ, “ਸਾਡੇ ਬਹੁਤ ਸਾਰੇ ਕਲਾਕਾਰ ਭਰਾ ਧਰਨਿਆਂ ਵਿਚ ਜਾ ਕੇ ਸ਼ਮੂਲੀਅਤ ਕਰ ਚੁੱਕੇ ਹਨ। ਹਰਭਜਨ ਮਾਨ ਬਾਈ ਜੀ, ਹਰਜੀਤ ਹਰਮਨ ਬਾਈ, ਛੋਟਾ ਵੀਰ ਅਵਕਾਸ਼ ਮਾਨ ਤੇ ਹੋਰ ਬਹੁਤ ਸਾਰੇ ਕਲਾਕਾਰ ਭਰਾ 25 ਸਤੰਬਰ ਦੇ ਪੰਜਾਬ ਬੰਦ ਵਿੱਚ ਹਿੱਸਾ ਲੈਣਗੇ।“ ਕਿਸਾਨ ਮਜਦੂਰ ਏਕਤਾ ਜਿੰਦਾਬਾਦ।
ਹੁਣ ਪੰਜਾਬ ਦੇ ਕਈ ਕਲਾਕਾਰ ਇਸ ਧਰਨੇ ‘ਚ ਸ਼ਾਮਲ ਹੋਣ ਲਈ ਤਿਆਰ ਹਨ। ਪੰਜਾਬੀ ਗਾਇਕ ਬੱਬੂ ਮਾਨ ਨੇ ਵੀ 25 ਤਾਰੀਕ ਨੂੰ ਧਰਨੇ ‘ਚ ਸ਼ਾਮਲ ਹੋਣ ਦੀ ਗੱਲ ਕਹਿੰਦੇ ਹੋਏ ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟ ਕੀਤੀ। ਪੰਜਾਬ ਦੇ ਕਿਸਾਨ ਖੇਤੀਬਾੜੀ ਬਿੱਲ ਖ਼ਿਲਾਫ਼ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਨ ਤੇ ਕਈ ਪੰਜਾਬੀ ਕਲਾਕਾਰ ਲਗਾਤਾਰ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ।
ਦੱਸ ਦਈਏ ਕਿ ਇਸ ਬਿੱਲ ਖਿਲਾਫ਼ ਜਿੱਥੇ ਕਿਸਾਨ ਜਥੇਬੰਦੀਆਂ ਅਤੇ ਵੱਖ-ਵੱਖ ਰਾਜਨੀਤਕ ਪਾਰਟੀਆਂ ਵਿਰੋਧ ਕਰ ਰਹੀਆਂ ਹਨ, ਅਜਿਹੇ 'ਚ ਪੰਜਾਬੀ ਗਾਇਕਾਂ ਅਤੇ ਕਲਾਕਾਰਾਂ ਨੇ ਵੀ ਖੇਤੀ ਬਿੱਲਾਂ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ।