ਬੇਤਰਤੀਬ ਢੰਗ ਨਾਲ ਖੜ੍ਹੇ ਟਰੱਕਾਂ ਨੇ 4 ਘੰਟੇ ਰੋਕਿਆ ਆਯਾਤ-ਨਿਰਯਾਤ
Wednesday, Dec 27, 2017 - 07:19 AM (IST)
ਅੰਮ੍ਰਿਤਸਰ, (ਨੀਰਜ)- ਕਦੇ ਲੇਬਰ ਦੀ ਹੜਤਾਲ, ਕਦੇ ਟਰਾਂਸਪੋਰਟ ਮਾਫੀਆ ਦੀ ਧੱਕੇਸ਼ਾਹੀ ਤੇ ਕਦੇ ਪਾਕਿਸਤਾਨ ਦੇ ਪਲਾਂਟ ਕੋਰੀਂਟੀਨ ਵਿਭਾਗ ਦੀਆਂ ਨਾਦਰਸ਼ਾਹੀ ਨੀਤੀਆਂ ਕਾਰਨ ਭਾਰਤ ਅਤੇ ਪਾਕਿਸਤਾਨ ਵਿਚ ਆਈ. ਸੀ. ਪੀ. (ਇੰਟੈਗ੍ਰੇਟਿਡ ਚੈੱਕ ਪੋਸਟ) ਅਟਾਰੀ ਦੇ ਰਸਤੇ ਹੋਣ ਵਾਲਾ ਆਯਾਤ-ਨਿਰਯਾਤ ਤਾਂ ਆਏ ਦਿਨ ਰੁਕਦਾ ਹੀ ਰਹਿੰਦਾ ਹੈ, ਉਥੇ ਹੀ ਹੁਣ ਆਈ. ਸੀ. ਪੀ. ਵੱਲ ਜਾਣ ਵਾਲੀ ਅਟਾਰੀ ਰੋਡ 'ਤੇ ਬੇਤਰਤੀਬ ਢੰਗ ਨਾਲ ਖੜ੍ਹੇ ਕੀਤੇ ਗਏ ਟਰੱਕਾਂ ਨੇ 4 ਘੰਟੇ ਤੋਂ ਵੱਧ ਸਮੇਂ ਤੱਕ ਭਾਰਤ-ਪਾਕਿ ਕਾਰੋਬਾਰ ਨੂੰ ਰੋਕ ਦਿੱਤਾ, ਜਿਸ ਨਾਲ ਵਪਾਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਜਾਣਕਾਰੀ ਅਨੁਸਾਰ ਬੇਤਰਤੀਬੇ ਟਰੱਕ ਖੜ੍ਹੇ ਹੋਣ ਕਾਰਨ ਪਾਕਿਸਤਾਨ ਨੂੰ ਐਕਸਪੋਰਟ ਕੀਤੀਆਂ ਜਾਣ ਵਾਲੀਆਂ ਵਸਤਾਂ ਨਾਲ ਲੱਦੇ ਟਰੱਕਾਂ ਨੂੰ ਵੀ ਕਾਫ਼ੀ ਸਮੇਂ ਤੱਕ ਰੋਕਿਆ ਗਿਆ, ਜਿਸ ਨਾਲ ਪ੍ਰਸ਼ਾਸਨ ਨੂੰ ਦਖਲ ਦੇਣਾ ਪਿਆ ਅਤੇ ਡੀ. ਐੱਸ. ਪੀ. ਅਟਾਰੀ ਅਮਨਦੀਪ ਕੌਰ ਨੇ ਮੌਕੇ 'ਤੇ ਜਾ ਕੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਸਮੱਸਿਆ ਦਾ ਹੱਲ ਕੀਤਾ। ਅਟਾਰੀ ਮੋੜ ਤੋਂ ਝਬਾਲ ਵੱਲ ਜਾਣ ਵਾਲੀ ਸੜਕ 'ਤੇ ਵੀ ਟਰੱਕਾਂ ਦੀ ਲੰਬੀ ਲਾਈਨ ਖੜ੍ਹੀ ਨਜ਼ਰ ਆਈ, ਜਿਸ ਨਾਲ ਬਾਹਰੀ ਰਾਜਾਂ ਤੋਂ ਅੰਮ੍ਰਿਤਸਰ ਆਈ. ਸੀ. ਪੀ. 'ਤੇ ਜਾਣ ਵਾਲੇ ਟਰੱਕ ਡਰਾਈਵਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਟਰੱਕਾਂ ਨੂੰ ਬੇਤਰਤੀਬ ਢੰਗ ਨਾਲ ਖੜ੍ਹੇ ਕੀਤੇ ਜਾਣ ਦੇ ਨਾਲ-ਨਾਲ ਇਨ੍ਹੀਂ ਦਿਨੀਂ ਸਕੂਲਾਂ ਵਿਚ ਹੋਈਆਂ ਛੁੱਟੀਆਂ ਕਾਰਨ ਵੀ ਅਟਾਰੀ ਬਾਰਡਰ 'ਤੇ ਬੀ. ਐੱਸ. ਐੱਫ. ਅਤੇ ਪਾਕਿਸਤਾਨ ਰੇਂਜਰਸ ਵਿਚ ਹੋਣ ਵਾਲੀ ਪਰੇਡ ਦੇਖਣ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਿਚ ਵੀ ਦੁੱਗਣੇ ਤੋਂ ਜ਼ਿਆਦਾ ਵਾਧਾ ਹੋ ਚੁੱਕਾ ਹੈ, ਜਿਸ ਨਾਲ ਟ੍ਰੈਫਿਕ ਸਮੱਸਿਆ ਹੋਰ ਵੱਧ ਵਿਗੜ ਗਈ ਹੈ।
5 ਜਨਵਰੀ ਤੱਕ ਰੈੱਡ ਅਲਰਟ
ਕੇਂਦਰੀ ਘਰ ਮੰਤਰਾਲੇ ਵੱਲੋਂ ਪੂਰੇ ਪੰਜਾਬ ਬਾਰਡਰ ਸਮੇਂ 'ਤੇ ਦੇਸ਼ ਦੇ ਮੁੱਖ ਮਹਾਨਗਰਾਂ ਵਿਚ 5 ਜਨਵਰੀ ਤੱਕ ਰੈੱਡ ਅਲਰਟ ਜਾਰੀ ਕੀਤਾ ਜਾ ਚੁੱਕਾ ਹੈ ਕਿਉਂਕਿ ਕ੍ਰਿਸਮਸ ਅਤੇ ਨਵੇਂ ਸਾਲ ਦੀ ਆਮਦ ਵਿਚ ਪਾਕਿਸਤਾਨ ਦੀ ਆਈ. ਐੱਸ. ਆਈ. ਵਰਗੀ ਏਜੰਸੀ ਕਿਸੇ ਨਾ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਵਿਚ ਲੱਗੀ ਹੋਈ ਹੈ। ਇਸ ਲੜੀ ਵਿਚ ਅਟਾਰੀ ਰੋਡ ਅਤੇ ਆਈ. ਸੀ. ਪੀ. ਵੱਲ ਜਾਣ ਵਾਲੇ ਵਾਹਨਾਂ ਦੀ ਪੁਲਸ ਵੱਲੋਂ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ, ਹਾਲਾਂਕਿ ਪਰੇਡ ਦੇਖਣ ਜਾਣ ਵਾਲੇ ਸੈਲਾਨੀਆਂ ਦੀ ਗਿਣਤੀ ਅਤੇ ਵਾਹਨ ਦੀ ਗਿਣਤੀ ਅਣਗਿਣਤ ਵਿਚ ਹੈ ਪਰ ਫਿਰ ਵੀ ਪੁਲਸ ਵੱਲੋਂ ਕਈ ਥਾਵਾਂ 'ਤੇ ਨਾਕਾਬੰਦੀ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਵਾਹਨਾਂ ਨੂੰ ਰੋਕ ਕੇ ਚੈੱਕ ਕੀਤਾ ਜਾ ਰਿਹਾ ਹੈ। ਜੁਆਇੰਟ ਚੈੱਕ ਪੋਸਟ ਅਟਾਰੀ ਅਤੇ ਇਸ ਤੋਂ ਪਹਿਲਾਂ ਐਂਟਰੀ ਪੁਆਇੰਟਸ 'ਤੇ ਬੀ. ਐੱਸ. ਐੱਫ. ਸਾਰੇ ਵਾਹਨਾਂ ਦੀ ਮੈਨੂਅਲੀ ਚੈਕਿੰਗ ਕਰ ਰਹੀ ਹੈ, ਖਾਸ ਤੌਰ 'ਤੇ ਵੀ. ਵੀ. ਆਈ. ਪੀ. ਪਾਰਕਿੰਗ ਵਿਚ ਖੜ੍ਹੇ ਕੀਤੇ ਜਾਣ ਵਾਲੇ ਵਾਹਨਾਂ 'ਤੇ ਤਾਂ ਖਾਸ ਨਜ਼ਰ ਰੱਖੀ ਜਾ ਰਹੀ ਹੈ।
ਆਈ. ਸੀ. ਪੀ. ਅਟਾਰੀ 'ਚ 500 ਟਰੱਕ ਖੜ੍ਹੇ ਕਰਨ ਦੀ ਹੈ ਵਿਵਸਥਾ
120 ਏਕੜ ਤੋਂ ਵੱਧ ਜ਼ਮੀਨ 'ਤੇ 150 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਆਈ. ਸੀ. ਪੀ. ਅਟਾਰੀ ਵਿਚ 500 ਟਰੱਕ ਖੜ੍ਹੇ ਕਰਨ ਦੀ ਵਿਵਸਥਾ ਹੈ, ਇਸ ਦੇ ਬਾਵਜੂਦ ਅਟਾਰੀ ਰੋਡ 'ਤੇ ਟਰੱਕਾਂ ਦਾ ਜਾਮ ਨਜ਼ਰ ਆਉਂਦਾ ਹੈ। ਇਸ ਮਾਮਲੇ ਵਿਚ ਸੀ. ਡਬਲਿਊ. ਸੀ. ਦੀ ਮਿਲੀਭੁਗਤ ਦੇ ਵੀ ਸੰਕੇਤ ਮਿਲ ਰਹੇ ਹਨ। ਅੱਜ ਲੱਗੇ ਟ੍ਰੈਫਿਕ ਜਾਮ ਤੋਂ ਬਾਅਦ ਪੁਲਸ ਨੇ ਸੀ. ਡਬਲਿਊ. ਸੀ ਅਤੇ ਸਬੰਧਤ ਵਿਭਾਗਾਂ ਨੂੰ ਟਰੱਕਾਂ ਨੂੰ ਆਈ. ਸੀ. ਪੀ. ਦੇ ਅੰਦਰ ਖੜ੍ਹੇ ਕਰਨ ਲਈ ਸਲਾਹ ਦਿੱਤੀ ਤਾਂ ਕਿ ਰੋਜ਼ ਦੀ ਪ੍ਰੇਸ਼ਾਨੀ ਨੂੰ ਖਤਮ ਕੀਤਾ ਜਾ ਸਕੇ। ਉਂਝ ਵੀ ਇਸ ਸਮੇਂ ਹਾਈ ਅਲਰਟ ਚੱਲ ਰਿਹਾ ਹੈ ਅਤੇ ਜ਼ਿਲਾ ਪੁਲਸ ਨਹੀਂ ਚਾਹੁੰਦੀ ਕਿ ਟਰੱਕਾਂ ਦੇ ਜਾਮ ਕਾਰਨ ਸੁਰੱਖਿਆ ਵਿਚ ਕਿਸੇ ਤਰ੍ਹਾਂ ਦੀ ਗਲਤੀ ਹੋਵੇ। ਇਸ ਮਾਮਲੇ ਵਿਚ ਕਸਟਮ ਵਿਭਾਗ ਵੱਲੋਂ ਵੀ ਸੀ. ਡਬਲਿਊ. ਸੀ. ਨੂੰ ਲਿਖਿਆ ਗਿਆ ਹੈ ਕਿ ਟਰੱਕਾਂ ਨੂੰ ਆਈ. ਸੀ. ਪੀ. ਦੇ ਅੰਦਰ ਖੜ੍ਹਾ ਕੀਤਾ ਜਾਵੇ ਤਾਂ ਕਿ ਟ੍ਰੈਫਿਕ ਜਾਮ ਦਾ ਸਾਹਮਣਾ ਨਾ ਕਰਨਾ ਪਏ। ਸਰਕਾਰ ਵੱਲੋਂ ਇਕੱਠੇ 500 ਟਰੱਕ ਖੜ੍ਹੇ ਕਰਨ ਦੀ ਵਿਵਸਥਾ ਵੀ ਇਸ ਲਈ ਹੀ ਕੀਤੀ ਗਈ ਹੈ ਤਾਂ ਕਿ ਵਪਾਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ।
ਵਪਾਰੀਆਂ ਨੇ ਲੋਕਲ ਟਰੱਕ ਆਪ੍ਰੇਟਰਾਂ 'ਤੇ ਲਾਇਆ ਦੋਸ਼
ਅਟਾਰੀ ਦੇ ਕੁਝ ਲੋਕਲ ਟਰੱਕ ਆਪ੍ਰੇਟਰਾਂ ਨਾਲ ਵਪਾਰੀਆਂ ਦਾ ਪਿਛਲੇ ਲੰਬੇ ਸਮੇਂ ਤੋਂ ਵਿਵਾਦ ਚੱਲਦਾ ਆ ਰਿਹਾ ਹੈ ਅਤੇ ਇਸ ਵਾਰ ਵੀ ਵਪਾਰੀਆਂ ਨੇ ਕੁਝ ਲੋਕਲ ਟਰੱਕ ਆਪ੍ਰੇਟਰਾਂ 'ਤੇ ਹੀ ਜਾਣਬੁੱਝ ਕੇ ਬੇਤਰਤੀਬ ਢੰਗ ਨਾਲ ਟਰੱਕ ਖੜ੍ਹੇ ਕਰਨ ਦੀ ਸਾਜ਼ਿਸ਼ ਦੱਸਿਆ ਤਾਂ ਕਿ ਬਾਹਰੀ ਰਾਜਾਂ ਤੋਂ ਆਈ. ਸੀ. ਪੀ. ਅਟਾਰੀ ਵੱਲ ਆਉਣ ਵਾਲੇ ਟਰੱਕਾਂ ਨੂੰ ਲੋਕਲ ਆਪ੍ਰੇਟਰਾਂ ਦੀ ਮਦਦ ਲੈਣੀ ਪਏ ਅਤੇ ਆਉਣ ਵਾਲੇ ਸਾਮਾਨ ਦੀ ਲੋਡਿੰਗ ਵਿਚ ਵੀ ਲੋਕਲ ਆਪ੍ਰੇਟਰਾਂ ਨੂੰ ਸੇਵਾਵਾਂ ਮਿਲ ਸਕਣ। ਹਾਲਾਂਕਿ ਇਸ ਮਾਮਲੇ ਵਿਚ ਸੱਚਾਈ ਕੀ ਹੈ, ਦੀ ਜਾਂਚ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਅਤੇ ਪੁਲਸ ਨੇ ਸਾਰੇ ਟਰੱਕ ਆਪ੍ਰੇਟਰਾਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਇੰਟਰਨੈਸ਼ਨਲ ਬਾਰਡਰ 'ਤੇ ਕਿਸੇ ਵੀ ਪ੍ਰਕਾਰ ਦੀ ਮਨਮਾਨੀ ਨਹੀਂ ਚੱਲੇਗੀ, ਸਾਰੇ ਟਰੱਕ ਆਪ੍ਰੇਟਰ ਚਾਹੇ ਅਟਾਰੀ ਦੇ ਲੋਕਲ ਆਪ੍ਰੇਟਰ ਹੋਣ ਜਾਂ ਫਿਰ ਬਾਹਰੀ ਰਾਜਾਂ ਦੇ ਟਰੱਕ ਆਪ੍ਰੇਟਰ ਜਾਂ ਫਿਰ ਅੰਮ੍ਰਿਤਸਰ ਸ਼ਹਿਰ ਦੇ ਟਰੱਕ ਆਪ੍ਰੇਟਰ, ਸਾਰਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਠੀਕ ਢੰਗ ਨਾਲ ਟਰੱਕ ਖੜ੍ਹੇ ਕਰਨੇ ਪੈਣਗੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
