ਰੰਧਾਵਾ ਤੇ ਚੰਨੀ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣ ਵਾਲੀ ਸਰਕਾਰ ’ਚ ਮੰਤਰੀ ਰਹਿਣ ਲਈ ਮੰਗਣ ਮੁਆਫ਼ੀ : ਚੀਮਾ

Monday, May 24, 2021 - 02:07 PM (IST)

ਰੰਧਾਵਾ ਤੇ ਚੰਨੀ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣ ਵਾਲੀ ਸਰਕਾਰ ’ਚ ਮੰਤਰੀ ਰਹਿਣ ਲਈ ਮੰਗਣ ਮੁਆਫ਼ੀ : ਚੀਮਾ

ਚੰਡੀਗੜ੍ਹ (ਰਮਨਜੀਤ) : ਹੱਥ ’ਚ ਸ੍ਰੀ ਗੁਟਕਾ ਸਾਹਿਬ ਫੜ੍ਹ ਕੇ ਬਰਗਾੜੀ ਅਤੇ ਹੋਰ ਸਥਾਨਾਂ ’ਤੇ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਲਈ ਦੋਸ਼ੀ ਵਿਅਕਤੀਆਂ ਉੱਪਰ ਕਾਰਵਾਈ ਦੀ ਝੂਠੀ ਸਹੁੰ ਖਾਣ ਵਾਲੇ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਮੰਤਰੀਆਂ ’ਤੇ ਵਰ੍ਹਦਿਆਂ ਹਰਪਾਲ ਸਿੰਘ ਚੀਮਾ ਨੇ ਇਸ ਨੂੰ ਦੋਹਰੀ ਬੇਅਦਬੀ ਕਰਾਰ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹੁਣ 2022 ਦੀਆਂ ਚੋਣਾਂ ਨੂੰ ਨੇੜੇ ਦੇਖਦਿਆਂ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਮੰਤਰੀ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਆਪਸ ਵਿਚ ਗੁੱਥਮ-ਗੁੱਥਾ ਹੋਣ ਦਾ ਨਾਟਕ ਕਰ ਰਹੇ ਹਨ। ਚੀਮਾ ਨੇ ਕਿਹਾ ਕਿ ਕਾਂਗਰਸੀ ਮੰਤਰੀ ਅਤੇ ਨੇਤਾ ਆਮ ਲੋਕਾਂ ਨੂੰ ਮੂਰਖ ਬਣਾਉਣ ਦੇ ਯਤਨ ਕਰ ਰਹੇ ਹਨ। ਕਾਂਗਰਸੀ ਮੰਤਰੀਆਂ ’ਤੇ ਵਰ੍ਹਦਿਆਂ ਚੀਮਾ ਨੇ ਕਿਹਾ ਕਿ ਉਹ ਦੱਸਣ ਕਿ ਹੁਣ ਤੱਕ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਇਨਸਾਫ਼ ਪ੍ਰਾਪਤ ਕਰਨ ਲਈ ਅਖ਼ਬਾਰੀ ਬਿਆਨਬਾਜ਼ੀ ਤੋਂ ਇਲਾਵਾ ਮੁੱਖ ਮੰਤਰੀ ’ਤੇ ਹੋਰ ਕਿਹੜਾ ਦਬਾਅ ਬਣਾਇਆ ਹੈ।

ਇਹ ਵੀ ਪੜ੍ਹੋ : ਬਾਜਵਾ ਦਾ ਪ੍ਰਧਾਨ ਮੰਤਰੀ ਨੂੰ ਟਵੀਟ, ‘ਕਿਸਾਨਾਂ ਨੂੰ ਕੋਰੋਨਾ ਤੋਂ ਵੱਧ ਖੇਤੀ ਕਾਨੂੰਨਾਂ ਦਾ ਡਰ’

ਵਿਧਾਨ ਸਭਾ ਦੀ ਕਾਰਵਾਈ ਦੌਰਾਨ ਹੀ ਮੰਤਰੀ ਸੁੱਖੀ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਆਪਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸੋਂ ਇਨਸਾਫ਼ ਦੀ ਮੰਗ ਲਈ ਝੋਲੀਆਂ ਅੱਡਣ ਦਾ ਨਾਟਕ ਕਰ ਚੁੱਕੇ ਹਨ ਪਰ ਬਾਹਰ ਆ ਕੇ ਉਹ ਫਿਰ ਉਸੇ ਸਰਕਾਰ ਦਾ ਹਿੱਸਾ ਬਣ ਕੇ ਕਾਰਜ ਕਰਦੇ ਰਹੇ। ਇਹੀ ਮੰਤਰੀ ਬਰਗਾੜੀ ਮੋਰਚੇ ’ਚ ਜਾ ਕੇ ਇਨਸਾਫ਼ ਦਾ ਵਾਅਦਾ ਕਰਕੇ ਆਏ ਸਨ ਪਰ ਵਾਪਸ ਚੰਡੀਗੜ੍ਹ ਆ ਕੇ ਕੈਪਟਨ ਦੀ ਵਜ਼ਾਰਤ ਦਾ ਆਨੰਦ ਲੈਂਦਿਆਂ ਸਾਰੇ ਵਾਅਦਿਆਂ ਨੂੰ ਭੁੱਲ ਗਏ। ਪੰਜਾਬ ਦੇ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ ਅਤੇ ਆਪਣੇ ਗੁਰੂ ਦੀ ਬੇਅਦਬੀ ਲਈ ਜ਼ਿੰਮੇਵਾਰ ਆਗੂਆਂ ਅਤੇ ਉਨ੍ਹਾਂ ਨੂੰ ਬਚਾਉਣ ਵਾਲਿਆਂ ਨੂੰ ਮੂੰਹ ਤੋੜ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਤੇ ਪਰਗਟ ਸਿੰਘ ਭਾਵੇਂ ਆਪਣੀ ਸਰਕਾਰ ਖ਼ਿਲਾਫ਼ ਸਵਾਲ ਉਠਾ ਰਹੇ ਹਨ ਪਰ ਅਜੇ ਵੀ ਵਿਧਾਇਕ ਦੀ ਕੁਰਸੀ ’ਤੇ ਬੈਠੇ ਹਨ। ਸਿੱਧੂ ਅਤੇ ਪਰਗਟ ਸਿੰਘ ਨੂੰ ਤੁਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣ ਵਾਲੀ ਸਰਕਾਰ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਦੀ ਤਲਖ਼ੀ ਤੋਂ ਬਾਅਦ ਇੰਝ ਸ਼ੁਰੂ ਹੋਇਆ ਸੀ ਰੇੜਕਾ, ਕੈਪਟਨ ਨੇ ਹੀ ਮੰਗੇ ਸਨ ਮੰਤਰੀਆਂ ਤੋਂ ਅਸਤੀਫ਼ੇ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News