ਆਪਣੇ ਹੀ ਸਹਿਯੋਗੀ ਮੰਤਰੀਆਂ ਦੀ ਰੁਸਵਾਈ ਦਾ ਸ਼ਿਕਾਰ ਰੰਧਾਵਾ

01/08/2021 2:16:21 AM

ਚੰਡੀਗੜ੍ਹ, (ਅਸ਼ਵਨੀ)- ਪ੍ਰਾਈਵੇਟ ਬੈਂਕਾਂ ਦੀ ਬਜਾਏ ਸਹਕਾਰੀ ਬੈਂਕ ਵਿਚ ਕਰਮਚਾਰੀਆਂ ਦੇ ਬੈਂਕ ਖਾਤੇ ਖੁੱਲ੍ਹਵਾਉਣ ਦੀ ਕੋਸ਼ਿਸ਼ ਵਿਚ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਆਪਣੇ ਹੀ ਸਾਥੀ ਮੰਤਰੀਆਂ ਦੇ ਨਿਸ਼ਾਨੇ ’ਤੇ ਆ ਗਏ ਹਨ। ਇਸ ਦੇ ਚਲਦੇ ਉਨ੍ਹਾਂ ਨੂੰ ਆਪਣੀ ਕਾਂਗਰਸ ਪਾਰਟੀ ਵਿਚ ਹੀ ਕਾਫ਼ੀ ਵਿਰੋਧ ਝੱਲਣਾ ਪੈ ਰਿਹਾ ਹੈ। ਇਹ ਦਰਦ ਖੁਦ ਵੀਰਵਾਰ ਨੂੰ ਰੰਧਾਵਾ ਨੇ ਪੰਜਾਬ ਭਵਨ ਵਿਚ ਗੱਲਬਾਤ ਕਰਦਿਆਂ ਬਿਆਨ ਕੀਤਾ। ਪ੍ਰਾਈਵੇਟ ਬੈਂਕਾਂ ਵਿਚ ਕਰਮਚਾਰੀਆਂ ਦੇ ਬੈਂਕ ਖਾਤੇ ਸਬੰਧੀ ਸਵਾਲ ’ਤੇ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੇ ਕਰਮਚਾਰੀਆਂ ਦੇ ਬੈਂਕ ਖਾਤੇ ਸਹਿਕਾਰੀ ਬੈਂਕ ਵਿਚ ਲਿਆਉਣ ਨੂੰ ਲੈ ਕੇ ਵਿਸ਼ੇਸ਼ ਮੁਹਿੰਮ ਚਲਾਈ ਸੀ ਪਰ ਹੁਣ ਤੱਕ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲ ਸਕੀ ਹੈ ਕਿਉਂਕਿ ਕਈ ਮੰਤਰੀਆਂ ਤੱਕ ਨੇ ਉਨ੍ਹਾਂ ਦੀ ਇਸ ਪਹਿਲ ਦਾ ਵਿਰੋਧ ਕੀਤਾ ਹੈ। ਰੰਧਾਵਾ ਨੇ ਕਿਹਾ ਕਿ ਜ਼ਿਲ੍ਹਾਂ ਕੇਂਦਰੀ ਸਹਿਕਾਰੀ ਬੈਂਕਾਂ (ਡੀ.ਸੀ.ਸੀ.ਬੀ.) ਦਾ ਪੰਜਾਬ ਰਾਜ ਸਹਿਕਾਰੀ ਬੈਂਕ (ਪੀ.ਐੱਸ.ਸੀ.ਬੀ.) ਵਿਚ ਰਲੇਵਾਂ ਕਰਨ ਨੂੰ ਲੈ ਕੇ ਵੀ ਕਾਫ਼ੀ ਬਵਾਲ ਕੀਤਾ ਜਾ ਰਿਹਾ ਹੈ। ਹਾਲਾਂਕਿ ਉਹ ਆਪਣੇ ਫ਼ੈਸਲੇ ’ਤੇ ਅਟਲ ਹੈ।

ਸਹਿਕਾਰਤਾ ਮੰਤਰੀ ਨੇ ਕਿਹਾ ਕਿ ਅਗਲੇ ਇਕ ਸਾਲ ਦੇ ਵਿਚ ਸਹਿਕਾਰੀ ਬੈਂਕਾਂ ਨੂੰ ਨਿੱਜੀ ਖੇਤਰ ਦੇ ਬੈਂਕਾਂ ਬਰਾਬਰ ਖੜ੍ਹਾ ਕਰ ਦਿੱਤਾ ਜਾਵੇਗਾ ਜਿਸ ਲਈ ਬੈਂਕ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। 1600 ਮੁਲਾਜ਼ਮਾਂ ਦੀ ਨਵੀਂ ਭਰਤੀ ਦਾ ਇਸ਼ਤਿਹਾਰ ਅਗਲੇ ਹਫਤੇ ਤਕ ਜਾਰੀ ਹੋ ਜਾਵੇਗਾ। ਬੈਂਕ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ (ਡੀ.ਸੀ.ਸੀ.ਬੀ.) ਦਾ ਪੰਜਾਬ ਰਾਜ ਸਹਿਕਾਰੀ ਬੈਂਕ (ਪੀ.ਐੱਸ.ਸੀ.ਬੀ.) ਨਾਲ ਰਲੇਵਾਂ ਅੰਤਿਮ ਪੜਾਅ ਵਿੱਚ ਹੈ। ਇਸ ਸਬੰਧੀ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਸਿਧਾਂਤਕ ਪ੍ਰਵਾਨਗੀ ਮਿਲ ਗਈ ਹੈ ਅਤੇ ਅੰਤਿਮ ਮਨਜ਼ੂਰੀ ਦੀ ਉਡੀਕ ਹੈ। ਉਨ੍ਹਾਂ ਕਿਹਾ ਕਿ ਬੈਂਕ ਦੀਆਂ 802 ਬਰਾਂਚਾਂ ਹੈ ਜਿਨ੍ਹਾਂ ਵਿੱਚੋਂ ਕਈ ਦੂਰ-ਦੁਰਾਡੇ ਖੇਤਰ ਵਿੱਚ ਹਨ ਜੋ ਲੋਕਾਂ ਨਾਲ ਸਿੱਧਾ ਰਾਬਤਾ ਰੱਖ ਸਕਦੀਆਂ ਹਨ।

ਕਰਮਚਾਰੀਆਂ ਲਈ ਹਾਊਸਿੰਗ ਸਕੀਮ

ਰੰਧਾਵਾ ਨੇ ਕਿਹਾ ਕਿ ਹਾਊਸਫੈੱਡ ਨੂੰ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ। ਸੂਬੇ ਵਿਚ ਸਹਿਕਾਰੀ ਵਿਭਾਗ/ਸਹਿਕਾਰੀ ਸੰਸਥਾਵਾਂ ਦੇ ਕਰਮਚਾਰੀਆਂ ਨੂੰ ਹਾਊਸਫੈੱਡ ਜ਼ਰੀਏ ਮੁਹਾਲੀ ਵਿੱਚ ਫਲੈਟ ਮੁਹੱਈਆ ਕਰਵਾਉਣ ਲਈ ਹਾਊਸਿੰਗ ਸਕੀਮ ਤਹਿਤ ਇਕ ਮੰਗ ਸਰਵੇਖਣ ਵੀ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸਹਿਕਾਰੀ ਵਿਭਾਗ ਦੇ ਕਰਮਚਾਰੀਆਂ ਤੋਂ ਇਲਾਵਾ ਪੱਤਰਕਾਰਾਂ ਨੂੰ ਵੀ ਹਾਊਸਿੰਗ ਸਕੀਮ ਵਿਚ ਸ਼ਾਮਲ ਕੀਤਾ ਜਾਵੇਗਾ। ਰੰਧਾਵਾ ਨੇ ਅੱਗੇ ਦੱਸਿਆ ਕਿ ਇਸ ਸਾਲ ਬਟਾਲਾ ਅਤੇ ਗੁਰਦਾਸਪੁਰ ਵਿਖੇ ਦੋ ਨਵੀਆਂ ਸ਼ੂਗਰ ਮਿੱਲ ਸਥਾਪਿਤ ਕੀਤੀਆਂ ਜਾਣਗੀਆਂ ਜਿਸ ਸਬੰਧੀ ਵਿਸਤ੍ਰਿਤ ਪ੍ਰਾਜੈਕਟ ਰਿਪੋਰਟਾਂ (ਡੀ.ਪੀ.ਆਰਜ਼) ਪਹਿਲਾਂ ਹੀ ਤਿਆਰ ਕਰ ਲਈਆਂ ਗਈਆਂ ਹਨ ਅਤੇ ਅਗਲੇ ਮਹੀਨੇ ਤੱਕ ਟੈਂਡਰ ਜਾਰੀ ਹੋ ਜਾਵੇਗਾ। ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਵਿਖੇ 5000 ਟੀ.ਸੀ.ਡੀ. ਦੀ ਸਮਰੱਥਾ ਦਾ ਸ਼ੂਗਰ ਪਲਾਂਟ ਸਮੇਤ 120 ਕੇ.ਐੱਲ.ਪੀ.ਡੀ ਡਿਸਟੀਲਰੀ ਅਤੇ ਬਟਾਲਾ ਵਿਖੇ 3500 ਟੀ.ਸੀ.ਡੀ. ਸ਼ੂਗਰ ਪਲਾਂਟ ਜੋ ਕਿ 5000 ਟੀ.ਸੀ.ਡੀ ਤੱਕ ਵਧਾਇਆ ਜਾ ਸਕਣ ਵਾਲਾ ਲਗਾਇਆ ਜਾ ਰਿਹਾ ਹੈ।

ਨਬਾਰਡ ਤੋਂ ਮਿਲੀ 750 ਕਰੋੜ ਦੀ ਸਹਾਇਤਾ

ਸਹਿਕਾਰਤਾ ਮੰਤਰੀ ਨੇ ਅੱਗੇ ਦੱਸਿਆ ਕਿ ਮੁੰਬਈ ਵਿਖੇ ਨਾਬਾਰਡ ਦੇ ਚੇਅਰਮੈਨ ਨਾਲ ਮੁਲਾਕਾਤ ਕਰਕੇ ਕੀਤੀ ਚਾਰਾਜੋਈ ਸਦਕਾ ਨਾਬਾਰਡ ਤੋਂ ਸਪੈਸ਼ਲ ਲਿਕੁਈਟਿਡੀ ਫੰਡ (ਐੱਸ.ਐੱਲ.ਐੱਫ਼) ਤਹਿਤ ਪ੍ਰਾਪਤ 750 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਿਲੀ। ਕੋਵਿਡ ਦੇ ਮੱਦੇਨਜ਼ਰ ਹਾੜੀ ਦੀ ਵਸੂਲੀ ਮੁਹਿੰਮ 2020 ਦੌਰਾਨ ਬੈਂਕ ਨੇ 1 ਮਾਰਚ 2020 ਤੋਂ 31 ਜੁਲਾਈ 2020 ਤੱਕ ਉਨ੍ਹਾਂ ਸਾਰੇ ਉਧਾਰ ਲੈਣ ਵਾਲਿਆਂ ਦਾ ਜ਼ੁਰਮਾਨਾ ਮੁਆਫ ਕਰ ਦਿੱਤਾ, ਜਿਨ੍ਹਾਂ ਨੇ ਆਪਣੀ ਪੂਰੀ ਡਿਫਾਲਟ ਰਕਮ ਅਦਾ ਕੀਤੀ ਸੀ ਅਤੇ ਆਪਣੇ ਲੋਨ ਖਾਤੇ ਨਿਯਮਤ ਕੀਤੇ ਜਾਂ ਬੰਦ ਕਰ ਦਿੱਤੇ। 1199 ਕਿਸਾਨਾਂ/ਖਾਤਾ ਧਾਰਕਾਂ ਨੂੰ 6.16 ਲੱਖ ਰੁਪਏ ਦੀ ਰਾਹਤ ਮਿਲੀ ਅਤੇ ਅਜਿਹੇ ਖਾਤਿਆਂ ਨਾਲ 31.02 ਕਰੋੜ ਰੁਪਏ ਦੀ ਵਸੂਲੀ ਪ੍ਰਭਾਵਤ ਹੋਈ।


Bharat Thapa

Content Editor

Related News