ਖੇਤੀਬਾੜੀ ਮੰਤਰੀ ਰਣਦੀਪ ਨਾਭਾ ਵੱਲੋਂ ਕੇਂਦਰ ਨੂੰ ਡੀਏਪੀ ਦੀ ਸਪਲਾਈ ’ਚ ਤੇਜ਼ੀ ਲਿਆਉਣ ਦੀ ਮੰਗ

Friday, Nov 12, 2021 - 06:00 PM (IST)

ਖੇਤੀਬਾੜੀ ਮੰਤਰੀ ਰਣਦੀਪ ਨਾਭਾ ਵੱਲੋਂ ਕੇਂਦਰ ਨੂੰ ਡੀਏਪੀ ਦੀ ਸਪਲਾਈ ’ਚ ਤੇਜ਼ੀ ਲਿਆਉਣ ਦੀ ਮੰਗ

ਚੰਡੀਗੜ੍ਹ : ਪੰਜਾਬ ਦੇ ਖੇਤੀਬਾੜੀ ਮੰਤਰੀ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਕੇਂਦਰ ਸਰਕਾਰ ਨੇ ਪੰਜਾਬ ਨੂੰ ਡੀ-ਅਮੋਨੀਅਮ ਫਾਸਫੇਟ (ਡੀਏਪੀ) ਅਤੇ ਹੋਰ ਖਾਦਾਂ ਦੀ ਸਪਲਾਈ ਵਿਚ ਤੇਜ਼ੀ ਲਿਆਉਣ ਦਾ ਭਰੋਸਾ ਦਿੱਤਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਡੀਏਪੀ ਦੇ ਰੈਕ ਸੂਬੇ ਵਿਚ ਪਹਿਲ ਦੇ ਆਧਾਰ ’ਤੇ ਭੇਜੇ ਜਾਣਗੇ। ਇਸ ਤੋਂ ਪਹਿਲਾਂ ਪੰਜਾਬ ਦੇ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਡੀਏਪੀ ਦੀ ਸਪਲਾਈ ਵਿਚ ਤੇਜ਼ੀ ਲਿਆਉਣ ਲਈ ਬੇਨਤੀ ਕੀਤੀ ਸੀ ਅਤੇ ਦੱਸਿਆ ਸੀ ਕਿ ਸੂਬੇ ਕੋਲ ਹਾੜੀ 2021-22 ਲਈ ਕੁੱਲ 5.50 ਲੱਖ ਮੀਟ੍ਰਿਕ ਟਨ (ਐੱਲਐੱਮਟੀ) ਡੀਏਪੀ ਦੀ ਬਕਾਇਆ ਅਲਾਟਮੈਂਟ ਹੈ ਪਰ ਸਾਨੂੰ ਸਿਰਫ਼ 1.51 ਲੱਖ ਮੀਟਰਕ ਟਨ ਡੀ.ਏ.ਪੀ.ਪ੍ਰਾਪਤ ਹੋਈ ਹੈ। ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨੇ ਕਿਹਾ ਕਿ ਸੂਬੇ ਨੇ ਅਕਤੂਬਰ-2021 ਦੌਰਾਨ 2.75 ਲੱਖ ਮੀਟਰਕ ਟਨ ਡੀਏਪੀ ਦੀ ਮੰਗ ਕੀਤੀ ਸੀ, ਜਿਸ ਵਿਚੋਂ ਭਾਰਤ ਸਰਕਾਰ ਵੱਲੋਂ ਅਕਤੂਬਰ ਮਹੀਨੇ ਲਈ ਸਿਰਫ਼ 1.97 ਲੱਖ ਮੀਟਰਕ ਟਨ ਹੀ ਅਲਾਟ ਕੀਤੀ ਗਈ ਸੀ ਪਰ ਸਾਨੂੰ 1.51 ਲੱਖ ਮੀਟਰਕ ਟਨ ਪ੍ਰਾਪਤ ਹੋਈ।

ਇਸ ਨਾਲ ਸਿਰਫ ਅਕਤੂਬਰ ਵਿਚ 1.24 ਲੱਖ ਮੀਟਰਕ ਟਨ ਡੀਏਪੀ ਦੀ ਕਮੀ ਆਈ। ਉਨ੍ਹਾਂ ਅੱਗੇ ਕਿਹਾ ਕਿ ਰਾਜ ਨੇ ਨਵੰਬਰ 2021 ਲਈ ਪਹਿਲਾਂ ਹੀ 2.50 ਐੱਲਐੱਮਟੀ ਡੀਏਪੀ ਦੀ ਮੰਗ ਕੀਤੀ ਸੀ। ਜੇਕਰ ਅਸੀਂ ਅਕਤੂਬਰ-2021 ਦੀ ਘਾਟ ਨੂੰ ਜੋੜਦੇ ਹਾਂ ਤਾਂ ਨਵੰਬਰ-2021 ਦੀ ਮੰਗ 3.74 ਐੱਲਐੱਮਟੀ ਤੱਕ ਵੱਧ ਜਾਂਦੀ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਦੱਸਿਆ ਕਿ ਨਵੰਬਰ-2021 ਵਿਚ 3.74 ਲੱਖ ਮੀਟਰਕ ਟਨ ਦੀ ਲੋੜ ਦੇ ਮੁਕਾਬਲੇ 11 ਨਵੰਬਰ 2021 ਤੱਕ ਸਿਰਫ਼ 0.68 ਲੱਖ ਮੀਟਰਕ ਟਨ ਹੀ ਪ੍ਰਾਪਤ ਹੋਈ ਹੈ।

ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਕਣਕ ਦੀ 85 ਫੀਸਦੀ ਬਿਜਾਈ 25 ਨਵੰਬਰ-2021 ਤੱਕ ਮੁਕੰਮਲ ਹੋ ਜਾਵੇਗੀ ਅਤੇ ਹੁਣ ਬਿਜਾਈ ਆਪਣੇ ਸਿਖਰ ’ਤੇ ਹੈ। ਉਨ੍ਹਾਂ ਸੂਬੇ ਦੇ ਖੇਤੀਬਾੜੀ ਅਧਿਕਾਰੀਆਂ ਨੂੰ ਪਹਿਲਾਂ ਹੀ ਡੀ.ਏ.ਪੀ ਦੀ ਕਾਲਾਬਾਜ਼ਾਰੀ ਅਤੇ ਜ਼ਮ੍ਹਾਖੋਰੀ ਅਤੇ ਹੋਰ ਉਤਪਾਦਾਂ ਦੀ ਬੇਲੋੜੀ ਟੈਗਿੰਗ ’ਤੇ ਸਖ਼ਤ ਨਜ਼ਰ ਰੱਖਣ ਲਈ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਡਿਫਾਲਟਰ ਡੀਲਰਾਂ/ਪੀਏਸੀਐਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।


author

Gurminder Singh

Content Editor

Related News