ਰਾਣਾ ਕਪੂਰ ਨੇ ਪ੍ਰਿਯੰਕਾ ਗਾਂਧੀ ਤੋਂ ਖਰੀਦੀ ਸੀ ਰਾਜੀਵ ਦੀ ਪੇਂਟਿੰਗ, ਅਦਾਇਗੀ ਹੋਈ ਚੈੱਕ ਰਾਹੀਂ

03/09/2020 7:38:40 PM

ਨਵੀਂ ਦਿੱਲੀ — ਭਾਜਪਾ ਦੇ ਆਈ. ਟੀ. ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਐਤਵਾਰ ਟਵੀਟ ਕਰਦੇ ਹੋਏ ਇਲਜ਼ਾਮ ਲਾਇਆ ਕਿ ਭਾਰਤ 'ਚ ਹਰ ਮਾਲੀ ਜੁਰਮ ਨਾਲ ਗਾਂਧੀ ਪਰਿਵਾਰ ਦਾ ਸਬੰਧ ਹੁੰਦਾ ਹੈ। ਵਿਜੇ ਮਾਲਿਆ ਸੋਨੀਆ ਗਾਂਧੀ ਨੂੰ ਫਲਾਈਟ ਅਪਗਰੇਡ ਟਿਕਟ ਭੇਜਦਾ ਸੀ। ਉਸ ਦੀ ਮਨਮੋਹਨ ਸਿੰਘ ਅਤੇ ਪੀ. ਚਿਦਾਂਬਰਮ ਤਕ ਪਹੁੰਚ ਸੀ। ਉਨ੍ਹਾਂ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਨੇ ਨੀਰਵ ਮੋਦੀ ਦੇ ਜਿਊਲਰੀ ਕਲੈਕਸ਼ਨ ਦਾ ਉਦਘਾਟਨ ਕੀਤਾ। ਉਨ੍ਹਾਂ ਇਹ ਇਲਜ਼ਾਮ ਲਾ ਕੇ ਨਵਾਂ ਝਗੜਾ ਖੜ੍ਹਾ ਕਰ ਦਿੱਤਾ ਕਿ ਯੈੱਸ ਬੈਂਕ ਦੇ ਬਾਨੀ ਰਾਣਾ ਕਪੂਰ ਨੇ ਕੁਝ ਸਾਲ ਪਹਿਲਾਂ ਕਾਂਗਰਸ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਢੇਰਾ ਤੋਂ ਐੱਮ. ਐੱਫ. ਹੁਸੈਨ ਦੀ ਰਾਜੀਵ ਗਾਂਧੀ ਦੀ ਤਸਵੀਰ ਵਾਲੀ ਪੇਂਟਿੰਗ ਖਰੀਦੀ ਸੀ।

ਦੂਜੇ ਪਾਸੇ ਕਾਂਗਰਸ ਦੇ ਤਰਜਮਾਨ ਸਿੰਘਵੀ ਨੇ ਭਾਜਪਾ 'ਤੇ ਜਵਾਬੀ ਵਾਰ ਕਰਦੇ ਹੋਏ ''ਰਾਜੀਵ ਗਾਂਧੀ ਦੀ ਉਹ ਤਸਵੀਰ ਜਿਹੜੀ ਐੱਮ. ਐੱਫ. ਹੁਸੈਨ ਨੇ ਬਣਾਈ ਸੀ, ਉਸ ਨੂੰ 2 ਕਰੋੜ ਰੁਪਏ ਵਿਚ ਵੇਚਿਆ ਗਿਆ। ਇਹ ਕਿਉਂ ਨਹੀਂ ਦੱਸਿਆ ਗਿਆ ਕਿ ਉਸ ਰਕਮ ਦੀ ਅਦਾਇਗੀ ਚੈੱਕ ਰਾਹੀਂ ਹੋਈ ਸੀ ਤੇ ਉਸ ਨੂੰ ਇਨਕਮ ਟੈਕਸ ਭਰਨ ਸਮੇਂ ਦੱਸਿਆ ਗਿਆ ਸੀ?''

ਉਨ੍ਹਾਂ ਦਾਅਵਾ ਕੀਤਾ ਕਿ ਰਾਣਾ ਕਪੂਰ ਅਤੇ ਯੈੱਸ ਬੈਂਕ ਬੀਤੇ ਸਮਿਆਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਾਲੇ ਕਈ ਪ੍ਰੋਗਰਾਮਾਂ ਦਾ ਪ੍ਰਾਯੋਜਕ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਈ ਵਾਰ ਰਾਣਾ ਕਪੂਰ ਦੀ ਤਾਰੀਫ ਕੀਤੀ ਤੇ ਉਸ ਦੇ ਸੱਦੇ 'ਤੇ ਗਏ। ਉਨ੍ਹਾਂ ਕਿਹਾ ਕਿ ਅਸੀਂ ਇਸ ਦਾ ਪੂਰਾ ਵੇਰਵਾ ਜਾਰੀ ਕਰ ਰਹੇ ਹਾਂ। ਇਸ ਤਰ੍ਹਾਂ ਦੀ ਰਾਜਨੀਤੀ ਨਾਲ ਤੁਸੀਂ (ਮਾਲਵੀਆ) ਆਪਣਾ ਅਤੇ ਆਪਣੀ ਪਾਰਟੀ ਦਾ ਮਜ਼ਾਕ ਉਡਾ ਰਹੇ ਹੋ।

ਕਾਂਗਰਸ ਸਰਕਾਰ ਵੇਲੇ ਦਿੱਤੇ ਗਏ ਸਨ ਲੋਨ : ਰਵੀਸ਼ੰਕਰ ਪ੍ਰਸਾਦ

ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸ਼ਾਦ ਨੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਿਸਥਾਰ ’ਚ ਦੱਸਿਆ ਹੈ ਕਿ ਜਿਸ ਲੋਨ ਕਾਰਣ ਯੈੱਸ ਬੈਂਕ ਦੀ ਹਾਲਤ ਡਾਵਾਂਡੋਲ ਹੋਈ, ਉਹ ਉਦੋਂ ਦਿੱਤਾ ਗਿਆ ਸੀ ਜਦੋਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਅਤੇ ਪੀ. ਚਿਦਾਂਬਰਮ ਵਿੱਤ ਮੰਤਰੀ ਸਨ। ਯੂ.ਪੀ.ਏ. ਸਰਕਾਰ ’ਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਸ ਵੇਲੇ ਫੋਨ ਬੈਂਕਿੰਗ ਹੁੰਦੀ ਸੀ। ਉਨ੍ਹਾਂ ਕਿਹਾ ਕਿ ਇਸ ਨੂੰ ਲੋਨ ਦਿਉ, ਉਸ ਨੂੰ ਲੋਨ ਦਿਉ ਅਤੇ ਉਸ ਕੋਲੋਂ ਕੱਟ ਲਉ। ਇਹ ਜੋ ਕੱਟ ਲੈਣ ਦਾ ਸਿਸਟਮ ਚੱਲਦਾ ਸੀ, ਉਸ ਕਾਰਣ ਸੰਸਥਾਵਾਂ ਪ੍ਰੇਸ਼ਾਨ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਕਾਰਵਾਈ ਕਰ ਰਹੀ ਹੈ, ਕਿਸੇ ਵੀ ਖਾਤਾਧਾਰਕ ਦਾ ਨੁਕਸਾਨ ਨਹੀਂ ਹੋਵੇਗਾ।

ਯੈੱਸ ਬੈਂਕ ’ਤੇ ਬਾਂਡ ਦੇ 662 ਕਰੋਡ਼ ਰੁਪਏ ਬਕਾਇਆ : ਇੰਡੀਆਬੁਲਸ ਹਾਊਸਿੰਗ ਫਾਈਨਾਂਸ 
ਇੰਡੀਆਬੁਲਸ ਹਾਊਸਿੰਗ ਫਾਈਨਾਂਸ ਕੰਪਨੀ ਨੇ ਕਿਹਾ ਕਿ ਯੈੱਸ ਬੈਂਕ ਕੋਲ ਬਾਂਡ ਦੇ ਰੂਪ ’ਚ ਕੰਪਨੀ ਦੇ 662 ਕਰੋਡ਼ ਰੁਪਏ ਹਨ ਅਤੇ ਉਸ ’ਤੇ ਬੈਂਕ ਦਾ ਕੋਈ ਟਰਮ ਲੋਨ ਬਕਾਇਆ ਨਹੀਂ ਹੈ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ,‘‘ਅਸੀਂ ਦੱਸਣਾ ਚਾਹੁੰਦੇ ਹਨ ਕਿ ਯੈੱਸ ਬੈਂਕ ’ਤੇ ਵਾਧੂ ਟੀਅਰ ਵਨ (ਏ. ਟੀ.-1) ਬਾਂਡ ਦੇ ਰੂਪ ’ਚ ਇੰਡੀਆਬੁਲਸ ਹਾਊਸਿੰਗ ਫਾਈਨਾਂਸ ਦੇ 662 ਕਰੋਡ਼ ਰੁਪਏ ਬਕਾਇਆ ਹਨ।’’

ਇੰਡੀਆਬੁਲਸ ਨੇ ਦੱਸਿਆ ਕਿ 20,000 ਕਰੋਡ਼ ਰੁਪਏ ਤੋਂ ਜ਼ਿਆਦਾ ਦੇ ਨਕਦ ਫੰਡ ਦੇ ਪ੍ਰਬੰਧਨ ਤਹਿਤ ਉਸ ਨੇ 2017 ’ਚ ਯੈੱਸ ਬੈਂਕ ਦੇ ਏ. ਟੀ.-1 ਬਾਂਡ ’ਚ ਨਿਵੇਸ਼ ਕੀਤਾ ਗਿਆ ਸੀ, ਜਦੋਂ ਬੈਂਕ ਦੀ ਬਾਜ਼ਾਰ ਹੈਸੀਅਤ 10 ਅਰਬ ਡਾਲਰ ਤੋਂ ਜ਼ਿਆਦਾ ਦੀ ਸੀ। ਕੰਪਨੀ ਨੇ ਕਿਹਾ,‘‘ਇੰਡੀਆਬੁਲਸ ਹਾਊਸਿੰਗ ਫਾਈਨਾਂਸ ’ਤੇ ਇਸ ਬੈਂਕ ਦਾ ਕੋਈ ਵੀ ਟਰਮ ਲੋਨ ਬਕਾਇਆ ਨਹੀਂ ਹੈ।’’ ਇਸ ਗੈਰ-ਬੈਂਕਿੰਗ ਵਿੱਤੀ ਕੰਪਨੀ ਨੇ ਕਿਹਾ ਕਿ ਇੰਡੀਆਬੁਲਸ ਹਾਊਸਿੰਗ ਫਾਈਨਾਂਸ ਦੇ ਪ੍ਰਮੋਟਰ ਸਮੀਰ ਗਹਿਲੋਤ ਜਾਂ ਉਸ ਦੀ ਕਿਸੇ ਕੰਪਨੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਕਿਸੇ ਕੰਪਨੀ ’ਤੇ ਯੈੱਸ ਬੈਂਕ ਦਾ ਕੋਈ ਵੀ ਕਰਜ਼ਾ ਬਕਾਇਆ ਨਹੀਂ ਹੈ।


Related News