ਕੇਜਰੀਵਾਲ ਸਮੱਸਿਆਵਾਂ ਦਾ ਹੱਲ ਬਾਹਰੋਂ ਨਾ ਲੱਭਣ : ਰਾਣਾ ਗੁਰਜੀਤ

11/16/2017 1:30:02 PM

ਚੰਡੀਗੜ੍ਹ (ਬਿਊਰੋ)—ਪੰਜਾਬ ਦੇ ਊਰਜਾ ਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਉਹ ਆਪਣੀਆਂ ਸਮੱਸਿਆਵਾਂ ਦਾ ਹੱਲ ਬਾਹਰੋਂ ਲੱਭਣ ਦੀ ਕੋਸ਼ਿਸ਼ ਨਾ ਕਰਨ। ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਅਤੇ ਹਰਿਆਣਾ ਨੂੰ ਦੋਸ਼ੀ ਠਹਿਰਾਉਣ ਲਈ ਕੇਜਰੀਵਾਲ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ 'ਤੇ ਟਿੱਪਣੀ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਦਿੱਲੀ 'ਚ ਪ੍ਰਦੂਸ਼ਣ ਦੇ ਕਾਰਨ ਹੋਰ ਹਨ ਕਿਉਂਕਿ ਪਰਾਲੀ ਦੇ ਧੂੰਏਂ ਦਾ ਇਸ ਪ੍ਰਦੂਸ਼ਣ 'ਚ 25 ਫੀਸਦੀ ਹਿੱਸਾ ਵੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪਰਾਲੀ ਦਾ ਧੂੰਆਂ ਸਿਰਫ ਕੁਝ ਸਮੇਂ ਲਈ ਸਮੱਸਿਆ ਪੈਦਾ ਕਰਦਾ ਹੈ ਜਦੋਂਕਿ ਦਿੱਲੀ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੀ ਹੈ। ਉਨ੍ਹਾਂ ਕਿਹਾ ਕਿ  ਕੇਜਰੀਵਾਲ ਆਪਣੀ ਇਸ ਸਮੱਸਿਆ ਵਿਚ ਪੰਜਾਬ ਅਤੇ ਹਰਿਆਣਾ ਨੂੰ ਸ਼ਾਮਲ ਕਰਕੇ ਆਪਣੀਆਂ ਗਲਤੀਆਂ ਨੂੰ ਦੂਸਰਿਆਂ ਦੇ ਸਿਰ ਮੜ੍ਹਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਦਿੱਲੀ ਦੇ ਲੋਕਾਂ ਦਾ ਧਿਆਨ ਅਸਲ ਸਮੱਸਿਆ ਤੋਂ ਹਟਾਇਆ ਜਾ ਸਕੇ। ਅਰਵਿੰਦ ਕੇਜਰੀਵਾਲ ਨੂੰ ਮਸ਼ਵਰਾ ਦਿੰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਦਿੱਲੀ ਦੀ ਸਮੱਸਿਆ ਦਾ ਹੱਲ ਪੰਜਾਬ ਜਾਂ ਹਰਿਆਣਾ ਵਿਚ ਨਹੀਂ, ਬਲਕਿ ਦਿੱਲੀ ਵਿਚ ਹੀ ਹੈ ਅਤੇ ਲੋੜ ਹੈ ਕਿ ਤੁਸੀਂ ਇਸ ਗੱਲ ਨੂੰ ਸਮਝੋ।


Related News