ਮੰਤਰੀ ਮੰਡਲ ''ਚ ਵਾਧੇ ਦੌਰਾਨ ਰਾਣਾ ਗੁਰਜੀਤ ਦੀ ਕੈਪਟਨ ਕਰ ਸਕਦੇ ਹਨ ਛੁੱਟੀ!

Monday, Jan 15, 2018 - 08:21 AM (IST)

ਜਲੰਧਰ  (ਚੋਪੜਾ) - ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਬੇਟੇ ਨੂੰ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਈ. ਡੀ. ਵਲੋਂ ਸੰਮਨ ਭੇਜੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਕੈਬਨਿਟ ਤੋਂ ਬਾਹਰ ਦਾ ਰਸਤਾ ਦਿਖਾਏ ਜਾਣ ਦੀ ਚਰਚਾ ਤੇਜ਼ ਹੋ ਗਈ ਹੈ। ਸੂਤਰਾਂ ਅਨੁਸਾਰ ਮਾਈਨਿੰਗ ਸੌਦਿਆਂ 'ਤੇ ਈ. ਡੀ. ਦੇ ਸੰਮਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਰਾਣਾ ਗੁਰਜੀਤ ਦੇ ਮਾਮਲੇ ਵਿਚ ਜਲਦੀ ਹੀ ਕੋਈ ਫੈਸਲਾ ਲੈਣ ਦਾ ਦਬਾਅ ਵਧ ਰਿਹਾ ਹੈ। ਵਿਰੋਧੀ ਧਿਰ ਦੇ ਲਗਾਤਾਰ ਹੋ ਰਹੇ ਹਮਲਿਆਂ ਨੂੰ ਝੱਲ ਰਹੀ ਸਰਕਾਰ ਤੇ ਪਾਰਟੀ ਦੇ ਅਕਸ ਦੇ ਨੁਕਸਾਨ ਨੂੰ ਘੱਟ ਕਰਨ ਲਈ ਮੁੱਖ ਮੰਤਰੀ ਨੇ ਮਨ ਬਣਾ ਲਿਆ ਹੈ ਕਿ ਮੰਤਰੀ ਮੰਡਲ ਵਿਸਤਾਰ ਦੌਰਾਨ ਰਾਣਾ ਗੁਰਜੀਤ ਦੀ ਕੈਬਨਿਟ ਤੋਂ ਛੁੱਟੀ ਕਰ ਦਿੱਤੀ ਜਾਵੇ। ਜ਼ਿਕਰਯੋਗ ਹੈ ਕਿ ਰਾਣਾ ਗੁਰਜੀਤ ਦਾ ਮਾਈਨਿੰਗ ਸੌਦਿਆਂ ਵਿਚ ਨਾਂ ਆਉਣ ਦਾ ਵਿਵਾਦ ਅਜੇ ਰੁਕਿਆ ਵੀ ਨਹੀਂ ਸੀ ਕਿ ਹੁਣ ਉਨ੍ਹਾਂ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਵਲੋਂ ਆਪਣੀ ਕੰਪਨੀ ਲਈ ਵਿਦੇਸ਼ ਤੋਂ 100 ਕਰੋੜ ਰੁਪਏ ਚੁਕਾਉਣ ਦੇ ਮਾਮਲੇ ਵਿਚ ਈ. ਡੀ. ਦੇ ਰਾਡਾਰ 'ਤੇ ਆ ਗਏ ਹਨ। ਕੈਪਟਨ ਅਮਰਿੰਦਰ ਅਗਲੇ ਹਫਤੇ ਆਲ ਇੰਡੀਆ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਦਿੱਲੀ ਵਿਚ ਮੀਟਿੰਗ ਕਰਨ ਵਾਲੇ ਹਨ, ਜਿਸ ਵਿਚ ਮੰਤਰੀ ਮੰਡਲ ਦੇ ਵਿਸਤਾਰ ਨੂੰ ਲੈ ਕੇ ਚਰਚਾ ਹੋਵੇਗੀ। ਇਸ ਦੌਰਾਨ ਰਾਣਾ ਗੁਰਜੀਤ ਦੇ ਮਾਮਲੇ 'ਤੇ ਆਖਰੀ ਫੈਸਲਾ ਵੀ ਲਿਆ ਜਾਵੇਗਾ।
ਪਿਛਲੇ ਦਿਨੀਂ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਦੋਸ਼ ਪੱਤਰ ਭੇਜ ਕੇ ਰੇਤ ਮਾਫੀਆ ਦੇ ਸੰਬੰਧ ਵਿਚ ਸੀ. ਬੀ. ਆਈ. ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਖਹਿਰਾ ਨੇ ਕਿਹਾ ਕਿ ਮੁਖ ਮੰਤਰੀ ਰਾਣਾ ਗੁਰਜੀਤ ਨੂੰ ਮੰਤਰੀ ਅਹੁਦੇ ਤੋਂ ਹਟਾਉਣ ਕਿਉਂਕਿ ਉਹ ਜਾਂਚ ਵਿਚ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਨ੍ਹਾਂ ਮਾਮਲਿਆਂ ਵਿਚ ਰਾਣਾ ਗੁਰਜੀਤ ਹੋਰ ਵਿਰੋਧੀ ਧਿਰਾਂ ਦੇ ਸਿੱਧੇ ਟਾਰਗੇਟ 'ਤੇ ਹਨ।


Related News