ਜ਼ਿਲਾ ਪ੍ਰੀਸ਼ਦ ਮੈਂਬਰ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

Saturday, Feb 01, 2020 - 11:58 AM (IST)

ਜ਼ਿਲਾ ਪ੍ਰੀਸ਼ਦ ਮੈਂਬਰ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਰਾਮਪੁਰਾ ਫੂਲ (ਤਰਸੇਮ) : ਦਿਮਾਗੀ ਪ੍ਰੇਸ਼ਾਨੀ ਕਾਰਨ ਸਾਬਕਾ ਸਰਪੰਚ ਗਿੱਲ ਕਲਾਂ ਅਤੇ ਮੌਜੂਦਾ ਜ਼ਿਲਾ ਪ੍ਰੀਸ਼ਦ ਮੈਂਬਰ ਬਠਿੰਡਾ ਜੁਗਰਾਜ ਸਿੰਘ ਉਰਫ ਗਾਜਾ ਸਰਪੰਚ ਵਲੋਂ ਸਥਾਨਕ ਸ਼ਹਿਰ ਦੀ ਰਾਇਲ ਗਾਰਡਨ ਕਾਲੋਨੀ 'ਚ ਸਥਿਤ ਆਪਣੀ ਕੋਠੀ ਵਿਖੇ ਆਪਣੀ ਹੀ ਲਾਇਸੈਂਸੀ ਬੰਦੂਕ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਏ ਜਾਣ ਦਾ ਦੁਖਦਾਇਕ ਸਮਾਚਾਰ ਹੈ।

ਜਾਣਕਾਰੀ ਅਨੁਸਾਰ ਜ਼ਿਲਾ ਪ੍ਰੀਸ਼ਦ ਬਠਿੰਡਾ ਦੀ ਚੇਅਰਮੈਨੀ ਨੂੰ ਲੈ ਕੇ ਸੁਰਖੀਆਂ 'ਚ ਰਹੇ ਕਾਂਗਰਸੀ ਆਗੂ ਜੁਗਰਾਜ ਸਿੰਘ ਉਰਫ ਗਾਜਾ ਵਲੋਂ ਬੀਤੇ ਦਿਨ ਭਾਵ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ ਤਿੰਨ ਵਜੇ ਆਪਣੀ ਲਾਈਸੈਂਸੀ ਬੰਦੂਕ ਨਾਲ ਗੋਲੀ ਮਾਰ ਕੇ ਆਤਮਹੱਤਿਆ ਕਰ ਲਈੇ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦ ਜੁਗਰਾਜ ਸਿੰਘ ਦੀ ਪਤਨੀ ਮਹਿੰਦਰ ਕੌਰ ਜੋ ਕਿ ਮੌਜੂਦਾ ਬਲਾਕ ਸੰਮਤੀ ਮੈਂਬਰ ਹੈ ਕਿਸੇ ਘਰੇਲੂ ਕੰਮ ਕਾਰਨ ਆਪਣੇ ਜੱਦੀ ਪਿੰਡ ਗਿੱਲ ਕਲਾਂ ਗਈ ਹੋਈ ਸੀ ਤੇ ਉਸ ਦਾ ਛੋਟਾ ਲੜਕਾ ਅਤੇ ਨੂੰਹ ਕਾਲੋਨੀ 'ਚ ਸਥਿਤ ਦੂਜੀ ਕੋਠੀ 'ਚ ਸਨ ਅਤੇ ਉਸ ਸਮੇਂ ਘਰ 'ਚ ਸਿਰਫ ਕੰਮ ਵਾਲੀ ਹੀ ਸੀ। ਉਸ ਨੇ ਗੋਲੀ ਦੀ ਆਵਾਜ਼ ਸੁਣ ਕੇ ਰੌਲਾ ਪਾਇਆ ਅਤੇ ਮੌਕੇ 'ਤੇ ਜ਼ਖ਼ਮੀ ਜੁਗਰਾਜ ਸਿੰਘ ਨੂੰ ਆਦੇਸ਼ ਹਸਪਤਾਲ ਭੁੱਚੋ ਮੰਡੀ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਾਮਪੁਰਾ ਫੂਲ ਵਿਖੇ ਲਿਆਂਦਾ ਗਿਆ।

ਜ਼ਿਕਰਯੋਗ ਹੈ ਕਿ ਕਰੀਬ ਤਿੰਨ ਸਾਲ ਪਹਿਲਾਂ ਉਕਤ ਸਰਪੰਚ ਦੇ ਵੱਡੇ ਲੜਕੇ ਮਾਣਾ ਗਿੱਲ ਵਲੋਂ ਵੀ ਬੁਢਲਾਡਾ ਨੇੜੇ ਪਿੰਡ ਸ਼ੇਰਖਾਂ ਵਿਖੇ ਸਥਿਤ ਆਪਣੇ ਫਾਰਮ ਹਾਊਸ ਵਿਖੇ ਦਿਮਾਗੀ ਪ੍ਰੇਸ਼ਾਨੀ ਕਾਰਨ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਗਈ ਸੀ। ਜੁਗਰਾਜ ਸਿੰਘ ਦਾ ਨਾਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ 'ਚ ਸ਼ਾਮਲ ਸੀ ਅਤੇ ਇਸ ਵਾਰ ਜ਼ਿਲਾ ਪ੍ਰੀਸ਼ਦ ਬਠਿੰਡਾ ਦੀ ਚੇਅਰਮੈਨੀ ਦਾ ਠੋਸ ਦਾਅਵੇਦਾਰ ਵੀ ਸੀ।


author

cherry

Content Editor

Related News