ਸਿੰਗਰ ਰੰਧਾਵਾ ਭਰਾਵਾਂ ਨੂੰ ਪੁਲਸ ਪ੍ਰੋਟੈਕਸ਼ਨ ਦੇਣ ਤੋਂ ਕੋਰਟ ਦਾ ਇਨਕਾਰ

09/21/2019 5:48:15 PM

ਚੰਡੀਗੜ੍ਹ (ਹਾਂਡਾ) : ਪੰਜਾਬੀ ਗਾਇਕ ਰੰਮੀ ਰੰਧਾਵਾ ਅਤੇ ਉਸ ਦੇ ਭਰਾ ਪ੍ਰਿੰਸ ਰੰਧਾਵਾ ਨੂੰ ਹਾਈਕੋਰਟ ਨੇ ਪ੍ਰੋਟੈਕਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ। ਕੋਰਟ ਨੇ ਕਿਹਾ ਕਿ ਉਨ੍ਹਾਂ ਨੇ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਦੇਖੀ ਹੈ ਅਤੇ ਸਾਫ਼ ਪਤਾ ਲੱਗ ਰਿਹਾ ਹੈ ਕਿ ਦੋਵਾਂ ਧਿਰਾਂ ਇਕ-ਦੂਜੇ ਨੂੰ ਧਮਕੀਆਂ ਦੇ ਰਹੇ ਸਨ ਅਤੇ ਉਕਸਾ ਰਹੇ ਸਨ ਕਿ ਲੜਾਈ ਵਧੇ। ਗਾਇਕ ਚਾਹੁੰਦੇ ਤਾਂ ਇਸ ਵਿਵਾਦ ਨੂੰ ਟਾਲ ਸਕਦੇ ਸਨ। ਕੋਰਟ ਨੇ ਕਿਹਾ ਕਿ ਗਾਇਕ ਸਿਰਫ ਗਾਇਕੀ ਕਰਨ, ਸਸਤੀ ਪਬਲੀਸਿਟੀ ਲਈ ਇਸ ਤਰ੍ਹਾਂ ਦੇ ਹਥਕੰਡੇ ਨਾ ਆਪਣਾਉਣ। ਹਾਈਕੋਰਟ ਨੇ ਉਕਤ ਟਿੱਪਣੀ ਕਰਦਿਆਂ ਰੰਮੀ ਰੰਧਾਵਾ ਅਤੇ ਪ੍ਰਿੰਸ ਰੰਧਾਵਾ ਦੀ ਪੁਲਸ ਪ੍ਰੋਟੈਕਸ਼ਨ ਦੀ ਮੰਗ ਖਾਰਜ ਕਰ ਦਿੱਤੀ।

ਰੰਧਾਵਾ ਭਰਾਵਾਂ ਨੇ ਹਾਈਕੋਰਟ 'ਚ ਪਟੀਸ਼ਨ ਦਾਖਲ ਕਰਕੇ ਕਿਹਾ ਸੀ ਕਿ ਉਨ੍ਹਾਂ ਨੂੰ ਐਲੀ ਮਾਂਗਟ ਤੋਂ ਲਗਾਤਾਰ ਧਮਕੀਆਂ ਮਿਲ ਰਹੀ ਹਨ ਅਤੇ ਉਨ੍ਹਾਂ ਦੀ ਜਾਨ ਨੂੰ ਵੀ ਖ਼ਤਰਾ ਹੈ, ਜਿਸ ਲਈ ਉਨ੍ਹਾਂ ਨੂੰ ਪੁਲਸ ਪ੍ਰੋਟੈਕਸ਼ਨ ਦਿੱਤੀ ਜਾਵੇ। ਪਟੀਸ਼ਨਰਾਂ ਨੇ ਮੀਡੀਆ ਨਾਲ ਗੱਲਬਾਤ 'ਚ ਦੱਸਿਆ ਕਿ ਐਲੀ ਮਾਂਗਟ ਨਾਲ ਹੋਏ ਵਿਵਾਦ ਤੋਂ ਬਾਅਦ ਤੋਂ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਭਰੇ ਫੋਨ ਕਾਲ ਅਤੇ ਵੀਡੀਓਜ਼ ਮਿਲ ਰਹੀਆਂ ਹਨ।

ਉਹ ਇਸ ਵਿਵਾਦ ਨੂੰ ਅੱਗੇ ਨਹੀਂ ਵਧਾਉਣਾ ਚਾਹੁੰਦੇ, ਇਸ ਲਈ ਕਾਨੂੰਨ ਦਾ ਸਹਾਰਾ ਲੈ ਰਹੇ ਹੈ। ਰੰਧਾਵਾ ਭਰਾਵਾਂ ਦੇ ਵਕੀਲ ਫੇਰੀ ਸੋਫਤ ਨੇ ਕਿਹਾ ਕਿ ਰੰਮੀ ਰੰਧਾਵਾ ਅਤੇ ਪ੍ਰਿੰਸ 5 ਸਤੰਬਰ ਤੋਂ ਹੀ ਮੋਹਾਲੀ ਅਤੇ ਅੰਮ੍ਰਿਤਸਰ ਪੁਲਸ ਨੂੰ ਅਪ੍ਰੋਚ ਕਰ ਰਹੇ ਹਨ ਕਿ ਉਹ ਇਸ ਵਿਵਾਦ 'ਚ ਨਹੀਂ ਪੈਣਾ ਚਾਹੁੰਦੇ ਪਰ ਜਦੋਂ ਪੁਲਸ ਨੇ ਉਨ੍ਹਾਂ ਦੀ ਨਹੀਂ ਸੁਣੀ ਤਾਂ ਉਨ੍ਹਾਂ ਨੂੰ ਹਾਈਕੋਰਟ ਆਉਣਾ ਪਿਆ। ਦੱਸਣਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਪਿਛਲੇ ਕਈ ਦਿਨਾਂ ਤੋਂ ਪੰਜਾਬੀ ਗਾਇਕਾਂ ਰੰਮੀ ਰੰਧਾਵਾ ਅਤੇ ਐਲੀ ਮਾਂਗਟ ਵਿਚਕਾਰ ਸ਼ਬਦੀ ਜੰਗ ਚੱਲ ਰਹੀ ਸੀ। ਇਹ ਸ਼ਬਦੀ ਜੰਗ ਇਸ ਕਦਰ ਵੱਧ ਗਈ ਕਿ ਦੋਵਾਂ ਨੇ ਇਕ-ਦੂਜੇ ਨੂੰ ਆਮਣੇ-ਸਾਹਮਣੇ ਆਉਣ ਲਈ ਚੈਲੰਜ ਕਰ ਦਿੱਤਾ ਅਤੇ ਇਕ-ਦੂਜੇ ਨੂੰ ਜਾਨੋਂ ਮਾਰ ਮੁਕਾਉਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।


Anuradha

Content Editor

Related News