''ਰਾਮ ਸੀਆ ਕੇ ਲਵ ਕੁਸ਼'' ''ਤੇ ਪੰਜਾਬ ''ਚ 23 ਤੱਕ ਰੋਕ ਬਰਕਰਾਰ

09/13/2019 4:28:18 PM

ਚੰਡੀਗੜ੍ਹ (ਹਾਂਡਾ) : ਵਿਵਾਦਿਤ ਟੀ.ਵੀ. ਸੀਰੀਅਲ 'ਰਾਮ ਸੀਆ ਕੇ ਲਵ ਕੁਸ਼' ਦੇ ਪ੍ਰਸਾਰਣ 'ਤੇ ਪੰਜਾਬ 'ਚ ਰੋਕ 23 ਸਤੰਬਰ ਤੱਕ ਜਾਰੀ ਰਹੇਗੀ। ਇਹ ਹੁਕਮ ਹਾਈਕੋਰਟ ਨੇ ਸੀਰੀਅਲ ਦੇ ਪ੍ਰਸਾਰਣ ਖਿਲਾਫ਼ ਵਾਲਮੀਕਿ ਭਾਈਚਾਰੇ ਦੇ ਰੋਸ ਅਤੇ ਤਣਾਅ ਭਰੀ ਸਥਿਤੀ ਨੂੰ ਦੇਖਦੇ ਹੋਏ ਦਿੱਤੇ ਹਨ। ਸੀਰੀਅਲ ਦਾ ਪ੍ਰਸਾਰਣ ਕਰ ਰਹੇ ਕਲਰਸ ਟੀ. ਵੀ. ਚੈਨਲ ਨੇ ਪੰਜਾਬ 'ਚ ਚੈਨਲ ਅਤੇ ਸੀਰੀਅਲ ਨੂੰ ਬੰਦ ਕਰਨ ਖਿਲਾਫ਼ ਪਟੀਸ਼ਨ ਦਾਖਲ ਕੀਤੀ ਸੀ, ਜਿਸ 'ਤੇ ਸੁਣਵਾਈ ਦੇ ਸਮੇਂ ਪੰਜਾਬ ਵਲੋਂ ਪੇਸ਼ ਹੋਏ ਸਰਕਾਰੀ ਕੌਂਸਲ ਨੇ ਕੋਰਟ ਨੂੰ ਦੱਸਿਆ ਕਿ ਇਕ ਵਿਸ਼ੇਸ਼ ਭਾਈਚਾਰੇ ਵਲੋਂ ਉਕਤ ਸੀਰੀਅਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਸ ਸੀਰੀਅਲ ਦੇ ਵਿਰੋਧ 'ਚ ਪੰਜਾਬ ਬੰਦ ਦਾ ਐਲਾਨ ਵੀ ਕੀਤਾ ਜਾ ਚੁੱਕਿਆ ਹੈ। ਹਾਲਾਂਕਿ ਸਥਿਤੀ ਕਾਬੂ 'ਚ ਹੈ ਪਰ ਤਣਾਅ ਭਰੀ ਦੱਸੀ ਜਾ ਰਹੀ ਹੈ। ਇਸ ਲਈ ਅਜੇ ਸੀਰੀਅਲ ਨੂੰ ਪ੍ਰਸਾਰਿਤ ਨਾ ਹੋਣ ਦਿੱਤਾ ਜਾਵੇ। ਪੰਜਾਬ ਸਰਕਾਰ ਦੇ ਪੱਖ 'ਤੇ ਹਾਈਕੋਰਟ ਨੇ ਸੰਤੁਸ਼ਟੀ ਜਤਾਉਂਦੇ ਹੋਏ 23 ਸਤੰਬਰ ਤੱਕ ਸੀਰੀਅਲ ਦੇ ਪ੍ਰਸਾਰਣ 'ਤੇ ਰੋਕ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਹਨ।

ਦੱਸਣਯੋਗ ਹੈ ਕਿ ਕਲਰਜ਼ ਚੈਨਲ 'ਤੇ ਦਿਖਾਏ ਜਾ ਰਹੇ ਪ੍ਰੋਗਰਾਮ 'ਰਾਮ ਸੀਆ ਕੇ ਲਵ ਕੁਸ਼' 'ਚ ਭਗਵਾਨ ਵਾਲਮੀਕਿ ਜੀ ਦਾ ਇਤਿਹਾਸ ਗਲਤ ਦਿਖਾਉਣ 'ਤੇ ਵਾਲਮੀਕਿ ਭਾਈਚਾਰੇ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਸੀਰੀਅਲ 'ਤੇ ਪਾਬੰਦੀ ਲਗਾਏ ਜਾਣ ਦੀ ਮੰਗ ਨੂੰ ਲੈ ਕੇ ਵਾਲਮੀਕਿ ਸਮਾਜ ਅਤੇ ਹੋਰ ਸੰਗਠਨਾਂ ਵਲੋਂ ਪੰਜਾਬ ਬੰਦ ਦਾ ਐਲਾਨ ਵੀ ਕੀਤਾ ਜਾ ਚੁੱਕਿਆ ਹੈ।


Anuradha

Content Editor

Related News