ਗਲਾ ਘੁੱਟਣ ਨਾਲ ਹੋਈ ਰਾਮ ਸ਼੍ਰੋਮਣੀ ਦੀ ਮੌਤ, ਹੱਤਿਆ ਦਾ ਕੇਸ ਦਰਜ

Monday, Sep 04, 2017 - 03:51 AM (IST)

ਲੁਧਿਆਣਾ,  (ਪੰਕਜ)- ਸ਼ੁੱਕਰਵਾਰ ਨੂੰ ਸ਼ੱਕੀ ਹਾਲਤ 'ਚ ਗਾਇਬ ਹੋਏ ਸਰਪੰਚ ਕਾਲੋਨੀ ਨਿਵਾਸੀ ਰਾਮ ਸ਼੍ਰੋਮਣੀ ਵਰਮਾ, ਜਿਸ ਦੀ ਸ਼ਨੀਵਾਰ ਨੂੰ ਗਿਆਸਪੁਰਾ ਤੋਂ ਲਾਸ਼ ਮਿਲੀ ਸੀ, ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਨੇ ਸਪੱਸ਼ਟ ਕੀਤਾ ਕਿ ਉਸ ਦੀ ਮੌਤ ਗਲਾ ਘੁੱਟਣ ਨਾਲ ਹੋਈ ਸੀ, ਜਿਸ ਦੇ ਬਾਅਦ ਡਾਬਾ ਦੀ ਪੁਲਸ ਨੇ ਅਣਪਛਾਤੇ ਹਤਿਆਰਿਆਂ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ 47 ਸਾਲਾ ਰਾਮ ਸ਼੍ਰੋਮਣੀ ਵਰਮਾ ਸਰਪੰਚ ਕਾਲੋਨੀ ਵਿਚ ਆਪਣੀ ਪਤਨੀ ਤੇ ਦੋ ਬੇਟੀਆਂ ਨਾਲ ਰਹਿੰਦਾ ਸੀ ਤੇ ਇਕ ਫੈਕਟਰੀ ਵਿਚ ਕੰਮ ਕਰਦਾ ਸੀ। ਸ਼ਨੀਵਾਰ ਨੂੰ ਉਸ ਦੀ ਲਾਸ਼ ਗਿਆਸਪੁਰਾ ਰੋਡ 'ਤੇ ਸਥਿਤ ਇਕ ਹਸਪਤਾਲ ਨੇੜੇ ਮਿਲੀ ਸੀ, ਜਿਸ 'ਤੇ ਉਸ ਦੀ ਪਤਨੀ ਆਸ਼ਾ ਦੇਵੀ ਨੇ ਪੁਲਸ ਨੂੰ ਲਿਖਵਾਏ ਆਪਣੇ ਬਿਆਨਾਂ ਵਿਚ ਦੋਸ਼ ਲਾਇਆ ਸੀ ਕਿ ਉਸ ਦੇ ਪਤੀ ਨੂੰ ਭੋਲਾ ਨਾਮਕ ਫਾਈਨਾਂਸਰ ਤੰਗ-ਪ੍ਰੇਸ਼ਾਨ ਕਰਦਾ ਸੀ ਤੇ ਉਸ ਦੀ ਮੌਤ ਪਿੱਛੇ ਉਸ ਦਾ ਹੀ ਹੱਥ ਹੋਣ ਦਾ ਸ਼ੱਕ ਹੈ। ਹਾਲਾਂਕਿ ਉਸ ਸਮੇਂ ਮੌਤ ਦੀ ਵਜ੍ਹਾ ਸਪੱਸ਼ਟ ਨਹੀਂ ਸੀ ਪਰ ਪੁਲਸ ਨੇ ਭੋਲਾ ਖਿਲਾਫ ਕੇਸ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਸੀ।
ਲਾਸ਼ ਦਾ ਪੋਸਟਮਾਰਟਮ ਕਰਨ ਉਪਰੰਤ ਸਾਫ ਹੋ ਗਿਆ ਕਿ ਉਸ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਸੀ, ਇਸ ਲਈ ਪੁਲਸ ਨੇ ਹੱਤਿਆ ਦਾ ਕੇਸ ਦਰਜ ਕੀਤਾ ਹੈ ਪਰ ਭੋਲਾ ਨਾਂ ਨੂੰ ਲੈ ਕੇ ਅਜੇ ਸਸਪੈਂਸ ਬਣਿਆ ਹੋਇਆ ਹੈ, ਇਸ ਲਈ ਪੁਲਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ, ਜਲਦੀ ਹੀ ਹਤਿਆਰੇ ਨੂੰ ਫੜ ਲਿਆ ਜਾਵੇਗਾ। ਓਧਰ ਮ੍ਰਿਤਕ ਦੇ ਪਰਿਵਾਰ ਦਾ ਦੋਸ਼ ਹੈ ਕਿ ਸ਼ੁੱਕਰਵਾਰ ਨੂੰ ਉਹ ਆਪਣੀ ਐਕਟਿਵਾ 'ਤੇ ਕੰਮ ਲਈ ਨਿਕਲਿਆ ਸੀ ਤੇ ਸ਼ਨੀਵਾਰ ਨੂੰ ਮੁਲਜ਼ਮਾਂ ਨੇ ਹੱਤਿਆ ਕਰ ਕੇ ਉਸ ਦੀ ਲਾਸ਼ ਸੜਕ 'ਤੇ ਸੁੱਟ ਦਿੱਤੀ। ਉਨ੍ਹਾਂ ਨੂੰ ਪੂਰਾ ਸ਼ੱਕ ਹੈ ਕਿ ਏਰੀਏ ਦਾ ਇਕ ਫਾਈਨਾਂਸਰ ਉਸ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ, ਉਸ ਨੇ ਹੱਤਿਆ ਕੀਤੀ ਹੈ।


Related News