ਰਾਮ ਰਹੀਮ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਦਾ ਕੇਸ ਮੁੜ ਖੋਲ੍ਹੇ ਜਾਣ ਦੀ ਮੰਗ
Tuesday, Jan 29, 2019 - 09:52 AM (IST)
ਚੰਡੀਗੜ੍ਹ (ਭੁੱਲਰ)—ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਰਾਮ ਰਹੀਮ ਵੱਲੋਂ 2007 'ਚ ਜ਼ਿਲਾ ਬਠਿੰਡਾ ਦੇ ਡੇਰਾ ਸਲਾਬਤਪੁਰਾ 'ਚ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੁਸ਼ਾਕ ਪਾ ਕੇ ਸਵਾਂਗ ਰਚਣ ਦਾ ਮਾਮਲਾ ਵੀ ਮੁੜ ਖੋਲ੍ਹੇ ਜਾਣ ਦੀ ਮੰਗ ਹੁਣ ਉੱਠਣ ਲੱਗੀ ਹੈ। ਦਰਬਾਰ-ਏ-ਖਾਲਸਾ ਦੇ ਮੁੱਖ ਸੇਵਾਦਾਰ ਹਰਜਿੰਦਰ ਸਿੰਘ ਮਾਝੀ ਅਤੇ ਅਲਾਇੰਸ ਆਫ ਸਿੱਖ ਆਰਗੇਨਾਈਜ਼ੇਸ਼ਨ ਦੇ ਮੁੱਖ ਬੁਲਾਰੇ ਸੁਖਦੇਵ ਸਿੰਘ ਫਗਵਾੜਾ ਨੇ ਰਾਮ ਰਹੀਮ ਖਿਲਾਫ ਇਹ ਮਾਮਲਾ ਮੁੜ ਖੋਲ੍ਹਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਹੈ।
ਪੱਤਰ 'ਚ ਉਨ੍ਹਾਂ ਕਿਹਾ ਕਿ ਰਾਮ ਰਹੀਮ ਵੱਲੋਂ ਮਈ 2007 ਵਿਚ ਆਪਣੇ ਸਲਾਬਤਪੁਰਾ ਜ਼ਿਲਾ ਬਠਿੰਡਾ ਵਿਚਲੇ ਡੇਰੇ ਵਿਚ ਗੁਰੂ ਗੋਬਿੰਦ ਜੀ ਦਾ ਸਵਾਂਗ ਰਚਿਆ ਸੀ, ਜਿਸ ਕਾਰਨ ਸਮੂਹ ਸਿੱਖ ਜਗਤ ਦੇ ਹਿਰਦੇ ਵਲੂੰਧਰੇ ਗਏ ਸਨ। ਉਸ ਖਿਲਾਫ ਮਈ 2007 ਵਿਚ ਥਾਣਾ ਥਰਮਲ਼ ਕਾਲੋਨੀ ਬਠਿੰਡਾ ਵਿਚ ਪਰਚਾ ਦਰਜ ਕੀਤਾ ਗਿਆ ਸੀ। ਇਸ ਕੇਸ ਵਿਚ ਆਈ. ਜੀ. ਪੱਧਰ ਦੇ ਅਧਿਕਾਰੀ ਨੇ ਜਾਂਚ ਕੀਤੀ ਸੀ ਅਤੇ ਅਖੌਤੀ ਸਾਧ ਨੂੰ ਦੋਸ਼ੀ ਪਾਇਆ ਸੀ ਪਰ ਬਾਅਦ ਵਿਚ ਬਠਿੰਡਾ ਪੁਲਸ ਨੇ ਉਸ ਖਿਲਾਫ ਅਦਾਲਤ ਵਿਚ ਚਲਾਨ ਹੀ ਪੇਸ਼ ਨਹੀਂ ਕੀਤਾ। ਇਸ ਕੇਸ ਵਿਚ ਰਾਮ ਰਹੀਮ ਨੇ ਵੀ ਹਾਈ ਕੋਰਟ ਵਿਚ ਇਕ ਪਟੀਸ਼ਨ ਪਾਈ ਸੀ ਜਿਸ ਦੇ ਜੁਆਬ ਵਿਚ ਉਸ ਵੇਲੇ ਦੇ ਬਠਿੰਡੇ ਦੇ ਐੱਸ. ਐੱਸ. ਪੀ. ਨੌਨਿਹਾਲ ਸਿੰਘ ਨੇ ਕੋਰਟ ਵਿਚ ਹਲਫਨਾਮਾ ਦਾਖਲ ਕੀਤਾ ਸੀ ਕਿ ਸਾਧ ਖਿਲਾਫ ਕੇਸ ਜਾਂਚ ਪੜਤਾਲ ਤੋਂ ਬਾਅਦ ਹੀ ਦਰਜ ਕੀਤਾ ਗਿਆ ਸੀ, ਜਿਸ ਦਾ ਸਾਫ਼ ਮਤਲਬ ਹੈ ਕਿ ਪੁਲਸ ਨੇ ਸਬੂਤ ਇਕੱਠੇ ਕਰ ਲਏ ਸਨ ਪਰ ਇਸ ਕੇਸ ਵਿਚ ਪੌਣੇ ਪੰਜ ਸਾਲ ਤੱਕ ਪੁਲਸ ਨੇ ਚਲਾਨ ਪੇਸ਼ ਨਹੀਂ ਕੀਤਾ ਤੇ ਜਨਵਰੀ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਕੁੱਝ ਸਮਾਂ ਪਹਿਲਾਂ ਬਠਿੰਡੇ ਦੀ ਸੈਸ਼ਨ ਅਦਾਲਤ ਵਿਚ ਕੈਂਸਲੇਸ਼ਨ ਰਿਪੋਰਟ ਪੇਸ਼ ਕਰ ਦਿੱਤੀ ਸੀ।
ਅੱਗੇ ਲਿਖਿਆ ਹੈ ਕਿ ਪੁਲਸ ਨੇ ਅਦਾਲਤ ਵਿਚ ਇਸ ਕੇਸ ਦੇ ਸ਼ਿਕਾਇਤਕਰਤਾ ਰਾਜਿੰਦਰ ਸਿੰਘ ਸਿੱਧੂ, ਜੋ ਕਿ ਅਕਾਲੀ ਦਲ ਦਾ ਕੌਂਸਲਰ ਸੀ, ਵਲੋਂ ਦਸਤਖਤ ਕੀਤਾ ਇਕ ਐਫੀਡੇਵਿਟ ਵੀ ਪੇਸ਼ ਕੀਤਾ ਸੀ ਕਿ ਉਹ ਸਲਾਬਤਪੁਰੇ ਵਾਲੇ ਇਕੱਠ ਵਿਚ ਸ਼ਾਮਲ ਨਹੀਂ ਸੀ ਪਰ ਪੁਲਸ ਦਾ ਝੂਠ ਉਦੋਂ ਸਾਫ਼ ਨੰਗਾ ਹੋ ਗਿਆ ਜਦੋਂ ਸ਼ਿਕਾਇਤਕਰਤਾ ਨੇ ਬਾਅਦ ਵਿਚ ਅਦਾਲਤ ਵਿਚ ਪੇਸ਼ ਹੋ ਕਿ ਦੱਸਿਆ ਕਿ ਐਫੀਡੈਵਿਟ ਉਤੇ ਉਸ ਦੇ ਦਸਤਖ਼ਤ ਹੀ ਨਹੀਂ ਸੀ।
ਇਸ ਦੌਰਾਨ ਜੁਲਾਈ 2014 ਵਿਚ ਰਾਮ ਰਹੀਮ ਨੇ ਬਠਿੰਡੇ ਦੀ ਸੈਸ਼ਨ ਕੋਰਟ ਵਿਚ ਇਕ ਹੋਰ ਅਰਜ਼ੀ ਪਾ ਦਿੱਤੀ ਅਤੇ ਕਿਹਾ ਕਿ ਪੰਜਾਬ ਪੁਲਸ ਉਸ ਖਿਲਾਫ ਚਲਾਨ ਹੀ ਪੇਸ਼ ਨਹੀ ਕਰ ਸਕੀ ਤੇ ਉਸ ਨੂੰ ਬਰੀ ਕੀਤਾ ਜਾਵੇ ਅਖੀਰ ਬਠਿੰਡੇ ਦੀ ਸੈਸ਼ਨ ਕੋਰਟ ਨੇ ਇਸੇ ਅਧਾਰ 'ਤੇ ਉਸ ਨੂੰ ਕੇਸ ਵਿੱਚੋਂ ਡਿਸਚਾਰਜ ਕਰ ਦਿੱਤਾ।
ਦੋਵਾਂ ਸੰਗਠਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਇਸ ਕੇਸ ਨੂੰ ਮੁੜ ਖੋਲ੍ਹ ਕੇ ਇਸ ਦੀ ਗਹਿਰਾਈ 'ਚ ਜਾਂਚ ਕੀਤੀ ਜਾਵੇ। ਇਸ ਜਾਂਚ ਨਾਲ ਉਸ ਸਮੇਂ ਪੁਲਸ ਵੱਲੋਂ ਰਾਮ ਰਹੀਮ ਨੂੰ ਇਸ ਕੇਸ 'ਚੋਂ ਬਚਾਉਣ ਲਈ ਜਾਣ ਬੁੱਝ ਕੇ ਚਲਾਨ ਨਾ ਪੇਸ਼ ਕੀਤੇ ਜਾਣ ਦੀ ਸਾਜ਼ਿਸ਼ ਵੀ ਬੇਨਕਾਬ ਹੋ ਸਕਦੀ ਹੈ।
