ਮਲੇਰਕੋਟਲਾ ''ਚ ਜ਼ਿੰਦਾ ਸਾੜ ਦਿੱਤਾ ਸੀ ਮਾਸੂਮ, ਇਨਸਾਫ ਲਈ ਕੱਢੀ ਚੇਤਨਾ ਰੈਲੀ
Monday, Oct 02, 2017 - 03:25 PM (IST)

ਲੁਧਿਆਣਾ /ਸੰਗਰੂਰ (ਭੁਪੇਸ਼) — ਮਲੇਰਕੋਟਲਾ 'ਚ ਕੁਝ ਦਰਿੰਦਿਆਂ ਵਲੋਂ ਬਾਲਕ ਵਿਧੂ ਜੈਨ ਨੂੰ ਜਿਊਂਦੇ ਸਾੜਣ ਦੇ 4 ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਦੇ ਪਰਿਵਾਰ ਨੂੰ ਕੋਈ ਇਨਸਾਫ ਨਹੀਂ ਮਿਲਿਆ, ਇਸ ਲਈ ਅੱਜ ਮਹਾਨਗਰ ਵਾਸੀਆਂ ਤੇ ਵਿਧੂ ਜੈਨ ਦੇ ਮਾਂ-ਬਾਪ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਮਾਸੂਮ ਵਿਧੂ ਜੈਨ ਨੂੰ ਸ਼ਰਧਾਂਜਲੀ ਦਿੱਤੀ ਤੇ ਵਿਧੂ ਜੈਨ ਨੂੰ ਇਨਸਾਫ ਦਿਵਾਉਣ ਲਈ ਚੇਤਨਾ ਰੈਲੀ ਕੱਢੀ। ਇਹ ਰੈਲੀ ਦਰੇਸੀ ਗਰਾਊਂਡ ਤੋਂ ਸ਼ੁਰੂ ਹੋ ਕੇ ਬਾਬਾ ਭੀਮਰਾਓ ਅੰਬੇਡਕਰ ਚੌਕ, ਜਲੰਧਰ ਬਾਈਪਾਸ ਤਕ ਕੱਢੀ ਗਈ।
ਸ੍ਰੀ ਹਿੰਦੂ ਨਿਆਇ ਪੀਠ ਬੁਲਾਰੇ ਪ੍ਰਵੀਨ ਡੰਗ ਨੇ ਕਿਹਾ ਕਿ ਅੱਜ 4 ਸਾਲ ਬੀਤ ਚੁੱਕੇ ਹਨ ਪਰ ਵਿਧੂ ਦੇ ਕਾਤਲਾਂ ਨੂੰ ਲੱਭਣ 'ਚ ਅਜੇ ਤਕ ਸਰਕਾਰ ਤੇ ਪੁਲਸ ਪ੍ਰਸ਼ਾਸਨ ਅਸਫਲ ਰਿਹਾ ਹੈ ਤੇ ਉਸ ਦੇ ਕਾਤਲ ਅੱਜ ਵੀ ਆਜ਼ਾਦ ਘੁੰਮ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਬੇਸ਼ੱਕ ਸੀ. ਬੀ. ਆਈ. ਤੇ ਪੁਲਸ ਪ੍ਰਸ਼ਾਸਨ ਵਿਧੂ ਜੈਨ ਦੇ ਕਾਤਲਾਂ ਨੂੰ ਫੜਨ 'ਚ ਨਾਕਾਮ ਹੈ ਪਰ ਸ੍ਰੀ ਹਿੰਦੂ ਨਿਆਇ ਪੀਠ ਉਨ੍ਹਾਂ ਦੇ ਕਾਤਲਾਂ ਨੂੰ ਫੜਨ ਲਈ ਹਰ ਸੰਭਵ ਸਹਾਇਤਾ ਕਰੇਗਾ। ਪ੍ਰਵੀਨ ਡੰਗ ਨੇ ਐਲਾਨ ਕੀਤਾ ਕਿ ਜੋ ਕੋਈ ਵੀ ਵਿਧੂ ਜੈਨ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਵਾਏਗਾ ਜਾਂ ਉਸ ਦੀ ਸੂਚਨਾ ਸ੍ਰੀ ਹਿੰਦੂ ਨਿਆਇ ਪੀਠ ਨੂੰ ਦੇਵੇਗਾ, ਉਸ ਨੂੰ ਬਤੌਰ ਇਨਾਮ 10 ਲੱਖ ਰੁਪਏ ਦਿੱਤੇ ਜਾਣਗੇ ਤੇ ਉਸ ਦਾ ਨਾਂ ਤੇ ਪਤਾ ਗੁਪਤ ਰੱਖਿਆ ਜਾਵੇਗਾ।
ਇਸ ਚੇਤਨਾ ਰੈਲੀ 'ਚ ਵਿਧੂ ਦੇ ਪਿਤਾ ਨਵਨੀਤ ਜੈਨ, ਮਾਤਾ ਅਨੀਤਾ ਜੈਨ, ਭਰਾ ਨਮਨ ਜੈਨ, ਅਮਿਤ ਜੈਨ, ਪ੍ਰਵੀਨ ਡੰਗ, ਭੁਪਿੰਦਰ ਬੰਗਾ, ਜਗਜੀਤ ਮਾਨ, ਯੋਗੇਸ਼ ਧੀਮਾਨ, ਰਾਜੇਸ਼ ਸ਼ਰਮਾ, ਪ੍ਰਮੋਦ ਸੂਦ, ਰਮਨ ਗੋਇਲ, ਅਵਨੀਸ਼ ਮਿੱਤਲ, ਰਾਜੇਸ਼ ਰਾਇ, ਪ੍ਰੇਮ ਕੁਮਾਰ, ਦੀਪਕ ਅਵਸਥੀ, ਅਭੀ ਛਾਬੜਾ, ਸੁਮਿਤ ਜਾਇਸਵਾਲ, ਜਗਦੀਸ਼ ਰਿੰਕੂ ਆਦਿ ਮੌਜੂਦ ਸਨ।