ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਰੈਲੀ ਤੇ ਮੁਜ਼ਾਹਰਾ

Wednesday, Mar 21, 2018 - 03:46 AM (IST)

ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਰੈਲੀ ਤੇ ਮੁਜ਼ਾਹਰਾ

ਗੜ੍ਹਸ਼ੰਕਰ, (ਪਾਠਕ)- ਸਰਕਾਰੀ ਆਈ. ਟੀ.ਆਈ. ਬਗਵਾਈਂ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਰੈਲੀ ਕਰਨ ਉਪਰੰਤ ਮੁਜ਼ਾਹਰਾ ਕੀਤਾ ਗਿਆ। ਰੈਲੀ ਦੌਰਾਨ ਜ਼ਿਲਾ ਆਗੂ ਸੁਰਿੰਦਰ ਸਿੰਘ ਅਤੇ ਨੀਰਜ ਚਾਹੜ ਮਜਾਰਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸੈਰ-ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਫਿਰੋਜ਼ਪੁਰ ਦੇ ਤੂੜੀ ਬਾਜ਼ਾਰ  ਸਥਿਤ 90 ਸਾਲ ਪੁਰਾਣੇ ਇਤਿਹਾਸਕ ਗੁਪਤ ਟਿਕਾਣੇ ਨੂੰ ਸਰਕਾਰ ਵੱਲੋਂ ਅਜਾਇਬ ਘਰ ਅਤੇ ਲਾਇਬਰੇਰੀ ਵਿਚ ਬਦਲ 
ਕੇ ਇਸ ਨੂੰ ਸ਼ਹੀਦਾਂ ਦੀ ਇਤਿਹਾਸਕ ਵਿਰਾਸਤ ਦਾ ਦਰਜਾ ਦੇਣ ਦਾ ਐਲਾਨ ਅਜੇ ਤਕ ਪੂਰਾ ਨਹੀਂ ਹੋ ਸਕਿਆ। 
ਉਨ੍ਹਾਂ ਕਿਹਾ ਕਿ ਖਟਕੜ ਕਲਾਂ ਵਿਚ ਸਰਕਾਰ ਵੱਲੋਂ ਕੀਤੇ ਵਾਅਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਅਤੇ ਲੋਕਾਂ ਨੂੰ ਇਕੱਠਾ ਕਰਨ ਦੇ ਮਕਸਦ ਨਾਲ ਵੱਖ-ਵੱਖ ਕਲਾਕਾਰਾਂ ਨੂੰ ਸੱਦਿਆ ਜਾ ਰਿਹਾ ਹੈ, ਜੋ ਕਿ ਸਰਕਾਰੀ ਪੈਸੇ ਤੇ ਸਮੇਂ ਦੀ ਬਰਬਾਦੀ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਸਿੱਧੂ ਨੂੰ ਉਕਤ ਅਜਾਇਬ ਘਰ ਅਤੇ ਲਾਇਬਰੇਰੀ ਸਬੰਧੀ ਕਈ ਵਾਰੀ ਮਿਲਣ ਦੀ ਕੋਸ਼ਿਸ਼ ਕੀਤੀ ਗਈ ਪਰ ਸਿਵਾਏ ਟਾਲ-ਮਟੋਲ ਤੋਂ ਕੁਝ ਹਾਸਲ ਨਹੀਂ ਹੋਇਆ। ਜੇ ਸਿੱਧੂ ਨੇ 23 ਮਾਰਚ ਤੋਂ ਪਹਿਲਾਂ ਆਪਣੇ ਕੀਤੇ ਐਲਾਨ ਸਬੰਧੀ ਟਾਲ-ਮਟੋਲ ਦੀ ਨੀਤੀ ਜਾਰੀ ਰੱਖੀ ਤਾਂ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਉਨ੍ਹਾਂ ਦਾ ਖਟਕੜ ਕਲਾਂ ਵਿਚ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ ਜਾਵੇਗਾ। 
ਇਸ ਮੌਕੇ ਸਮੀਰ, ਪਰਮਜੀਤ ਸਿੰਘ, ਬੌਬੀ, ਜੈਲੀ, ਸੰਦੀਪ ਕੁਮਾਰ, ਬਲਵਿੰਦਰ ਕੁਮਾਰ, ਜਸਪ੍ਰੀਤ ਸਿੰਘ, ਕੁਲਦੀਪ ਸਿੰਘ, ਰਾਹੁਲ ਆਦਿ ਨੇ ਵੀ ਸੰਬੋਧਨ ਕੀਤਾ।


Related News