ਰੱਖੜੀ ਮੌਕੇ ਸਰਕਾਰ ਨੇ ਖੋਲ੍ਹੇ ਬਾਜ਼ਾਰ, ਕਿਤੇ ਲੋਕ ਘੱਟ ਆਏ ਨਜ਼ਰ, ਤੇ ਕਿਤੇ ਚਹਿਲ-ਪਹਿਲ
Sunday, Aug 02, 2020 - 06:05 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ, ਸੁਖਪਾਲ): ਸੋਮਵਾਰ ਨੂੰ ਰੱਖੜੀ ਦਾ ਤਿਉਹਾਰ ਹੈ ਤੇ ਹੁਣ ਤੋਂ ਹੀ ਲੋਕਾਂ ਨੇ ਰੱਖੜੀ ਲਈ ਖ਼ਰੀਦਦਾਰੀ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ, ਪਰ ਜੇਕਰ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਸ਼ਹਿਰ ਦੇ ਬਜ਼ਾਰਾਂ 'ਤੇ ਕੋਵਿਡ-19 ਦੇ ਨਿਯਮ ਹਾਵੀ ਹਨ। ਕੋਰੋਨਾ ਤੋਂ ਬਚਾਅ ਲਈ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਮਾਜਿਕ ਦੂਰੀ ਦਾ ਜੋ ਨਿਯਮ ਬਣਾਇਆ ਗਿਆ ਹੈ, ਇਸਦਾ ਅਸਰ ਸਿੱਧੇ ਤੌਰ 'ਤੇ ਇਸ ਵਾਰ ਰੱਖੜੀ ਦੇ ਤਿਉਹਾਰ 'ਤੇ ਪਿਆ ਹੈ, ਕਿਉਂਕਿ ਇਕ ਤਾਂ ਪਹਿਲਾਂ ਹੀ ਐਤਵਾਰ ਦਾ ਦਿਨ ਹੋਣ ਕਰਕੇ ਦੁਕਾਨਾਂ ਅੱਧੀ ਫੀਸਦੀ ਖੁੱਲ੍ਹੀਆਂ, ਦੂਜੇ ਪਾਸੇ ਸਮਾਜਿਕ ਦੂਰੀ ਦੇ ਡਰੋਂ ਲੋਕਾਂ ਦੀ ਦੁਕਾਨਾਂ 'ਚ ਆਮਦ ਵੀ ਕਾਫ਼ੀ ਘੱਟ ਰਹੀ।
ਨਤੀਜਾ ਦੁਕਾਨਦਾਰਾਂ 'ਚ ਨਮੋਸ਼ੀ ਦੀ ਝਲਕ ਸਾਫ਼ ਦਿਖਾਈ ਦਿੱਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੱਖੜੀ ਦੇ ਮੱਦੇਨਜ਼ਰ ਮਿਠਾਈਆਂ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਤਾਂ ਭਾਵੇਂ ਪਹਿਲਾ ਹੀ ਦੇ ਦਿੱਤੀ ਗਈ ਸੀ, ਪਰ ਰੱਖੜੀਆਂ ਅਤੇ ਹੋਰ ਦੁਕਾਨਾਂ ਨੂੰ ਖੋਲ੍ਹਣ ਦੀ ਦੇਰ ਨਾਲ ਦਿੱਤੀ ਗਈ। ਛੂਟ ਦੇ ਚਲਦਿਆਂ ਅਜਿਹੇ ਦੁਕਾਨਦਾਰਾਂ ਨੂੰ ਇਸ ਵਾਰ ਦੋਹਰੀ ਮਾਰ ਪਈ ਹੈ। ਕਿਸੇ ਨਾ ਕਿਸੇ ਬਹਾਨੇ ਲਿਆਂਦੀਆਂ ਰੱਖੜੀਆਂ ਦੀ ਵਿਕਰੀ ਕਰਨ ਲਈ ਦੁਕਾਨਦਾਰਾਂ ਨੇ ਕਈ ਫਾਰਮੂਲੇ ਅਪਨਾਏ, ਪਰ ਫ਼ਿਰ ਵੀ ਕੋਰੋਨਾ ਕਰਕੇ ਬਜ਼ਾਰਾਂ 'ਚ ਚਹਿਲ ਪਹਿਲ ਘੱਟ ਹੋਣ ਕਰਕੇ ਦੁਕਾਨਦਾਰ ਸਾਰਾ ਦਿਨ ਗ੍ਰਾਹਕਾਂ ਨੂੰ ਹੀ ਉਡੀਕਦੇ ਰਹੇ। ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਹਜ਼ਾਰਾਂ ਰੁਪਏ ਦੀਆਂ ਰੱਖੜੀਆਂ ਇਸ ਵਾਰ ਵਿਕਰੀ ਲਈ ਲਿਆਂਦੀਆਂ ਸਨ, ਪਰ ਕੋਰੋਨਾ ਕਰਕੇ ਲੋਕਾਂ ਦੀ ਬਜ਼ਾਰਾਂ 'ਚ ਆਮਦ ਨਹੀਂ ਹੋ ਰਹੀ, ਦੂਜੇ ਪਾਸੇ ਪਿੰਡਾਂ ਤੋਂ ਸ਼ਹਿਰਾਂ 'ਚ ਲੋਕਾਂ ਦਾ ਆਉਣਾ ਜਾਣਾ ਵੀ ਘੱਟ ਹੈ।
ਇਸ ਕਰਕੇ ਇਸ ਵਾਰ ਉਨ੍ਹਾਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ। ਅਜਿਹਾ ਹੀ ਹਾਲ ਸ਼ਹਿਰ ਦੇ ਹੋਟਲਾਂ 'ਚ ਵੇਖਿਆ ਜਾ ਰਿਹਾ ਹੈ। ਹੋਟਲ ਮਾਲਕਾਂ ਤੇ ਛੋਟੇ ਮਿਠਾਈਆਂ ਦੇ ਕਾਰੋਬਾਰੀਆਂ ਨੇ ਕਿਹਾ ਕਿ ਇਕ ਤਾਂ ਕੋਰੋਨਾ ਹਦਾਇਤਾਂ ਕਰਕੇ ਲੋਕ ਘੱਟ ਆ ਰਹੇ ਹਨ ਤੇ ਦੂਜੇ ਪਾਸੇ ਕੋਰੋਨਾ ਕਾਲ ਦੌਰਾਨ ਰੁਜ਼ਗਾਰ ਖ਼ਤਮ ਹੋਣ ਕਰਕੇ ਲੋਕਾਂ ਦੀ ਆਰਥਿਕ ਹਾਲਤ ਨਰਮ ਹੈ, ਜਿਸ ਕਰਕੇ ਇਸ ਵਾਰ ਮਿਠਾਈਆਂ ਦੀ ਖ਼ਰੀਦਦਾਰੀ 'ਤੇ ਲੋਕ ਜ਼ਿਆਦਾ ਤਵੱਜੋਂ ਨਹੀਂ ਦੇ ਰਹੇ ਤੇ ਉਨ੍ਹਾਂ ਦਾ ਸਾਰਾ ਮਾਲ ਇਸ ਵਾਰ ਖ਼ਰਾਬ ਹੋਣ ਦੇ ਕਿਨਾਰੇ ਹੈ। ਜੇਕਰ ਕੋਈ ਔਰਤ, ਲੜਕੀ ਘਰੋਂ ਖ਼ਰੀਦਦਾਰੀ ਲਈ ਨਿਕਲਦੀ ਵੀ ਹੈ ਤਾਂ ਉਹ ਸਿਰਫ਼ ਸਾਦੀਆਂ ਰੱਖੜੀਆਂ ਤੇ ਘੱਟ ਮਿਠਾਈਆਂ ਦੀ ਖਰੀਦਦਾਰੀ ਕਰ ਰਹੀਆਂ ਹਨ, ਜਿਸ ਨਾਲ ਇਸ ਵਾਰ ਹਰ ਦੁਕਾਨਦਾਰ ਨੂੰ ਮੰਦੀ ਦਾ ਮੂੰਹ ਵੇਖਣਾ ਪੈ ਰਿਹਾ ਹੈ।ਦੁਕਾਨਦਾਰਾਂ ਨੇ ਦੱਸਿਆ ਕਿ ਅੱਗੇ ਆਉਣ ਵਾਲੇ ਤਿਉਹਾਰਾਂ 'ਤੇ ਇਹੋ ਹਾਲ ਰਹਿਣ ਦੀ ਸੰਭਾਵਨਾ ਹੈ।
ਜਲਾਲਾਬਾਦ (ਸੇਤੀਆ,ਸੁਮਿਤ): ਕੋਰੋਨਾ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਵਲੋਂ ਐਤਵਾਰ ਨੂੰ ਤਾਲਾਬੰਦੀ ਦੇ ਹੁਕਮ ਹਨ ਪਰ ਇਸ ਵਾਰ ਰੱਖੜੀ ਦੇ ਤਿਉਹਾਰ ਦੇ ਚੱਲਦਿਆਂ ਸਰਕਾਰ ਵਲੋਂ ਵਿਸ਼ੇਸ਼ ਗਾਈਡਲਾਈਨ ਜਾਰੀ ਕਰਦੇ ਹੋਏ ਦੁਕਾਨਦਾਰਾਂ ਨੂੰ ਰੱਖੜੀ ਤੇ ਛੂਟ ਦਿੱਤੀ ਗਈ ਪਰ ਇਸ ਛੂਟ ਦਾ ਦੁਕਾਨਦਾਰਾਂ ਤੇ ਆਮ ਲੋਕਾਂ ਵਲੋਂ ਨਾਜਾਇਜ਼ ਫਾਇਦਾ ਉਠਾਉਂਦੇ ਹੋਏ ਸਰਕਾਰੀ ਗਾਈਡਲਾਈਨ ਦੀਆਂ ਸਰੇਆਮ ਧੱਜੀਆਂ ਉਡਾਈਆਂ ਗਈਆ।
ਜਾਣਕਾਰੀ ਅਨੁਸਾਰ ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੌਂਕ, ਦੇਵੀ ਦੁਆਰਾ ਚੌਂਕ, ਬਾਹਮਣੀ ਚੁੰਗੀ ਤੇ ਬੱਘਾ ਬਾਜ਼ਾਰ 'ਚ ਕਈ ਦੁਕਾਨਦਾਰਾਂ ਨੇ ਬਾਹਰ ਰੱਖੜੀਆਂ ਦੀ ਵਿਕਰੀ ਲਈ ਸਟਾਲ ਲੱਗੇ ਹੋਏ ਸਨ। ਇਨ੍ਹਾਂ ਸਟਾਲਾਂ ਤੇ ਕਈ ਰੱਖੜੀ ਵਿਕਰੇਤਾਵਾਂ ਵਲੋਂ ਵੀ ਮਾਸਕ ਨਹੀਂ ਪਾਏ ਹੋਏ ਸਨ ਅਤੇ ਕਈ ਗ੍ਰਾਹਕ ਵੀ ਬਿਨਾ ਮਾਸਕ ਦੇ ਬਜਾਰਾਂ 'ਚ ਘੁੰਮ ਰਹੇ ਸਨ। ਇਸ ਤੋਂ ਇਲਾਵਾ ਸਟਾਲਾਂ ਤੇ ਲੋਕਾਂ ਦੀ ਭੀੜ 5 ਤੋਂ ਵੱਧ ਲੋਕਾਂ ਦੇ ਇਕੱਠ 'ਚ ਖੜੇ ਹੋਣ ਦੇ ਨਿਯਮਾਂ ਨੂੰ ਛਿੱਕੇ ਟੰਗ ਰਹੀ ਸੀ। ਇਸ ਤੋ ਇਲਾਵਾ ਸ਼ਹਿਰ ਦੇ ਮਿਠਾਈ ਦੀਆਂ ਦੁਕਾਨਾਂ ਤੇ ਵੀ ਕੋਰੋਨਾ ਵਾਇਰਸ ਨੂੰ ਲੈ ਕੇ ਗਾਈਡਲਾਈਨ ਦਾ ਪਾਲਣ ਨਹੀਂ ਕੀਤਾ ਗਿਆ ਅਤੇ ਮਿਠਾਈ ਦੀਆਂ ਦੁਕਾਨਾਂ ਤੇ ਵੀ ਗ੍ਰਾਹਕ ਧੜਾ ਧੜ ਐਂਟਰੀ ਕਰ ਰਹੇ ਸਨ ਜਦਕਿ ਦੁਕਾਨਾਂ ਅੰਦਰ ਵੀ ਸੋਸ਼ਲ ਡਿਸਟੈਂਸੀ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਸੀ ਅਤੇ ਜੋ ਮਿਠਾਈ ਵਿਕ੍ਰੇਤਾਵਾਂ ਵਲੋਂ ਗ੍ਰਾਹਕਾਂ ਨੂੰ ਮਾਸਕ ਦਿੱਤੇ ਜਾਣ ਸਨ ਉਨ੍ਹਾਂ ਦਾ ਪ੍ਰਬੰਧ ਨਹੀਂ ਕੀਤਾ ਗਿਆ।
ਭਾਵੇਂ ਸਰਕਾਰ ਤੇ ਪ੍ਰਸ਼ਾਸਨ ਵਲੋਂ ਕੋਰੋਨਾ ਮਿਸ਼ਨ ਫਤਿਹ ਨੂੰ ਲੈ ਕੇ ਅਨੇਕਾਂ ਤਰ੍ਹਾਂ ਦੇ ਉਪਰਾਲੇ ਤੇ ਦਾਅਵੇ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਜਿਸ ਤਰ੍ਹਾਂ ਕੋਰੋਨਾ ਮਹਾਮਾਰੀ ਦੇ ਚਲਦਿਆਂ ਕੇਸ ਵੱਧ ਰਹੇ ਹਨ ਅਤੇ ਲੋਕ ਵੀ ਨਿਯਮਾਂ ਦਾ ਪਾਲਣ ਸਹੀ ਤਰੀਕੇ ਨਾਲ ਨਹੀਂ ਕਰ ਰਹੇ ਉਸ ਤੋਂ ਲੱਗਦਾ ਹੈ ਕਿ ਭਵਿੱਖ 'ਚ ਕੋਰੋਨਾ ਮਹਾਂਮਾਰੀ ਤੇ ਠੱਲ ਪੈਣੀ ਸੌਖੀ ਨਹੀਂ ਹੈ।
ਮਾਛੀਵਾੜਾ ਸਾਹਿਬ (ਟੱਕਰ): ਕੋਰੋਨਾ ਮਹਾਂਮਾਰੀ ਰੱਖੜੀ ਦੇ ਤਿਉਹਾਰ ’ਤੇ ਭਾਰੀ ਪਈ, ਜਿੱਥੇ ਪਹਿਲਾਂ ਇਸ ਤਿਉਹਾਰ ਮੌਕੇ ਖੂਬ ਰੌਣਕਾਂ ਹੁੰਦੀਆਂ ਸਨ ਉਥੇ ਹੁਣ ਇਸ ਬਿਮਾਰੀ ਦੇ ਭੈਅ ਕਾਰਨ ਬਜ਼ਾਰ ਸੁੰਨੇ ਅਤੇ ਦੁਕਾਨਾਂ ਤੋਂ ਗ੍ਰਾਹਕ ਗਾਇਬ ਸਨ।ਬੇਸ਼ੱਕ ਪੰਜਾਬ ਸਰਕਾਰ ਵਲੋਂ ਰੱਖੜੀ ਦਾ ਤਿਉਹਾਰ ਹੋਣ ਕਾਰਨ ਲੋਕਾਂ ਦੀ ਸਹੂਲਤ ਲਈ ਐਤਵਾਰ ਲਾਕਡਾਊਨ ਦੀ ਛੋਟ ਦੇ ਦਿੱਤੀ ਕਿ ਦੁਕਾਨਦਾਰ ਆਪਣੀਆਂ ਦੁਕਾਨਾਂ ਖੋਲ੍ਹ ਕੇ ਵਿਕਰੀ ਕਰ ਸਕਦੇ ਹਨ ਪਰ ਪੰਜਾਬ ’ਚ ਵਧਦੀ ਜਾ ਰਹੀ ਕੋਰੋਨਾ ਮਹਾਂਮਾਰੀ ਦਾ ਖੌਫ਼ ਇਸ ਕਦਰ ਦੇਖਿਆ ਜਾ ਰਿਹਾ ਹੈ ਕਿ ਲਾਕਡਾਊਨ ਛੋਟ ਹੋਣ ਦੇ ਬਾਵਜ਼ੂਦ ਵੀ ਲੋਕ ਖਰੀਦਦਾਰੀ ਲਈ ਬਜ਼ਾਰਾਂ ’ਚ ਘੱਟ ਹੀ ਨਿਕਲੇ। ਮਾਛੀਵਾੜਾ ਸ਼ਹਿਰ ’ਚ ਅੱਜ ਸਾਰੀਆਂ ਦੁਕਾਨਾਂ ਖੁੱਲ੍ਹੀਆਂ ਰਹੀਆਂ। ਰੱਖੜੀ ਵੇਚਣ ਵਾਲੇ ਤੇ ਕੱਪੜਾ ਦੁਕਾਨਦਾਰਾਂ ਨੂੰ ਆਸ ਸੀ ਕਿ ਅੱਜ ਬਜ਼ਾਰ ਖੁੱਲ੍ਹਣ ਨਾਲ ਭਰਾ ਆਪਣੀਆਂ ਭੈਣਾਂ ਨੂੰ ਰੱਖੜੀ ਦਾ ਗਿਫ਼ਟ ਦੇਣ ਲਈ ਖਰੀਦਦਾਰੀ ਖੁੱਲ੍ਹ ਕੇ ਕਰਨਗੇ ਪਰ ਬਜ਼ਾਰਾਂ ’ਚ ਅਜਿਹਾ ਕੁੱਝ ਵੀ ਦੇਖਣ ਨੂੰ ਨਾ ਮਿਲਿਆ ਅਤੇ ਪਿਛਲੇ ਸਾਲ ਦੇ ਮੁਕਾਬਲੇ ਦੁਕਾਨਾਂ ਦੀ ਵਿਕਰੀ 20 ਫੀਸਦੀ ਰਹੀ।
ਹਲਵਾਈਆਂ ਤੇ ਬੇਕਰੀ ਦੀਆਂ ਦੁਕਾਨਾਂ ’ਤੇ ਵੀ ਬੇਸ਼ੱਕ ਕੁੱਝ ਗ੍ਰਾਹਕੀ ਸੀ ਪਰ ਜੋ ਰੱਖੜੀ ਦੇ ਤਿਉਹਾਰ ’ਤੇ ਜੋ ਪਹਿਲਾਂ ਵਾਲੀ ਰੌਣਕ ਹੁੰਦੀ ਹੈ ਉਹ ਦਿਖਾਈ ਨਾ ਦਿੱਤੀ। ਰੱਖੜੀ ਦੇ ਤਿਉਹਾਰ ’ਤੇ ਬਜ਼ਾਰਾਂ ’ਚ ਗ੍ਰਾਹਕੀ ਨਾ ਹੋਣ ਕਾਰਨ ਦੁਕਾਨਦਾਰ ਕਾਫ਼ੀ ਮਾਯੂਸ ਦਿਖਾਈ ਦਿੱਤੇ ਕਿਉਂਕਿ ਲੋਕ ਜਿੱਥੇ ਕੋਰੋਨਾ ਦੇ ਡਰ ਕਾਰਨ ਬਾਹਰ ਨਾ ਨਿਕਲੇ ਉਥੇ ਇਸ ਮਹਾਂਮਾਰੀ ਨੇ ਲੋਕਾਂ ਦੀ ਆਰਥਿਕ ਸਥਿਤੀ ਐਨੀ ਡਾਂਵਾਡੋਲ ਕਰ ਦਿੱਤੀ ਹੈ ਕਿ ਉਹ ਖੁੱਲ੍ਹ ਕੇ ਖਰਚਣ ਤੋਂ ਗੁਰੇਜ਼ ਕਰ ਰਹੇ ਹਨ।