ਰੱਖੜੀ ਕਾਰਨ ਬੱਸ ਅੱਡੇ ’ਚ ਲੱਗੀ ਬੀਬੀਆਂ ਦੀ ਭੀੜ, ਰੋਡਵੇਜ਼ ਨੂੰ ਰਿਕਾਰਡ 2.37 ਲੱਖ ਦੀ ਕੁਲੈਕਸ਼ਨ

Sunday, Aug 02, 2020 - 08:23 AM (IST)

ਰੱਖੜੀ ਕਾਰਨ ਬੱਸ ਅੱਡੇ ’ਚ ਲੱਗੀ ਬੀਬੀਆਂ ਦੀ ਭੀੜ, ਰੋਡਵੇਜ਼ ਨੂੰ ਰਿਕਾਰਡ 2.37 ਲੱਖ ਦੀ ਕੁਲੈਕਸ਼ਨ

ਜਲੰਧਰ, (ਪੁਨੀਤ)– ਰੱਖੜੀ ਦੇ ਤਿਉਹਾਰ ਕਾਰਨ ਸ਼ਨੀਵਾਰ ਨੂੰ ਬੱਸ ਅੱਡੇ ਵਿਚ ਮਹਿਲਾ ਯਾਤਰੀਆਂ ਦੀ ਭੀੜ ਲੱਗ ਗਈ, ਜਿਸ ਕਾਰਨ ਰੁਟੀਨ ਮੁਤਾਬਕ ਵੱਧ ਬੱਸਾਂ ਚਲਾਈਆਂ ਗਈਆਂ, ਜਿਨ੍ਹਾਂ ਤੋਂ ਸਰਕਾਰੀ ਅਤੇ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਵੱਧ ਵਸੂਲ ਹੋਈ। ਦੂਸਰੇ ਸ਼ਹਿਰਾਂ ਵਿਚ ਜਾਣ ਲਈ ਸਵੇਰ ਤੋਂ ਹੀ ਮਹਿਲਾ ਯਾਤਰੀਆਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਸੀ ਕਿਉਂਕਿ ਐਤਵਾਰ ਨੂੰ ਲਾਕਡਾਊਨ ਹੋਣ ਕਾਰਣ ਮਹਿਲਾ ਯਾਤਰੀ ਆਪਣੀ ਮੰਜ਼ਿਲ ’ਤੇ ਸ਼ਨੀਵਾਰ ਹੀ ਪਹੁੰਚ ਜਾਣਾ ਚਾਹੁੰਦੀਆਂ ਸਨ।

ਪੰਜਾਬ ਰੋਡਵੇਜ਼ ਵਲੋਂ ਸ਼ਨੀਵਾਰ ਨੂੰ 157 ਬੱਸਾਂ ਚਲਾਈਆਂ ਗਈਆਂ, ਜਿਨ੍ਹਾਂ ਵਿਚ 2430 ਯਾਤਰੀਆਂ ਨੇ ਸਫਰ ਕੀਤਾ। ਇਸ ਨਾਲ ਵਿਭਾਗ ਨੂੰ 2,37,886 ਰੁਪਏ ਦੀ ਕੁਲੈਕਸ਼ਨ ਹੋਈ। ਪੀ.ਆਰ. ਟੀ. ਸੀ. ਵਲੋਂ 20 ਬੱਸਾਂ ਵੱਖ-ਵੱਖ ਰੂਟਾਂ ’ਤੇ ਰਵਾਨਾ ਕੀਤੀਆਂ ਗਈਆਂ, ਜਦਕਿ ਪ੍ਰਾਈਵੇਟ ਟਰਾਂਸਪੋਰਟਰਾਂ ਦੀਆਂ 45 ਬੱਸਾਂ ਚੱਲੀਆਂ। ਬਟਾਲਾ ਲਈ ਚੱਲੀਆਂ 11 ਬੱਸਾਂ ਵਿਚ ਸਭ ਤੋਂ ਵੱਧ 248 ਯਾਤਰੀ ਰਵਾਨਾ ਹੋਏ। ਇਸੇ ਤਰ੍ਹਾਂ ਪਠਾਨਕੋਟ ਤੇ ਨਵਾਂਸ਼ਹਿਰ ਲਈ 14-14 ਬੱਸਾਂ ਚਲਾਈਆਂ ਗਈਆਂ, ਜਿਨ੍ਹਾਂ ਵਿਚ ਕ੍ਰਮਵਾਰ 176 ਅਤੇ 139 ਯਾਤਰੀ ਬੈਠੇ। ਹੁਸ਼ਿਆਰਪੁਰ ਦੀਆਂ 10 ਬੱਸਾਂ ਵਿਚ 82 ਅਤੇ ਤਰਨਤਾਰਨ ਦੀਆਂ 9 ਬੱਸਾਂ ਵਿਚ 107 ਯਾਤਰੀ ਰਵਾਨਾ ਕੀਤੇ ਗਏ। ਜਲੰਧਰ ਦੇ ਦੋਵਾਂ ਡਿਪੂਆਂ ਵਲੋਂ 69 ਬੱਸਾਂ ਚਲਾਈਆਂ ਗਈਆਂ, ਜਿਨ੍ਹਾਂ ਵਿਚ 1,483 ਯਾਤਰੀਆਂ ਕੋਲੋਂ ਵਿਭਾਗ ਨੂੰ 1,45,644 ਰੁਪਏ ਪ੍ਰਾਪਤ ਹੋਏ। ਐਤਵਾਰ ਨੂੰ ਵੀ ਰੁਟੀਨ ਤੋਂ ਵੱਧ ਬੱਸਾਂ ਚੱਲਣ ਦਾ ਅਨੁਮਾਨ ਹੈ, ਜਿਸ ਲਈ ਵਿਭਾਗ ਵਲੋਂ ਬੱਸਾਂ ਨੂੰ ਪਹਿਲਾਂ ਹੀ ਤਿਆਰ ਰੱਖਿਆ ਗਿਆ ਹੈ।

ਮਹਿਲਾ ਯਾਤਰੀ ਵਿਸ਼ਾਖਾ ਨੇ ਕਿਹਾ ਕਿ ਉਸ ਦੇ ਪੇਕੇ ਗੜ੍ਹਸ਼ੰਕਰ ਵਿਚ ਹਨ। ਬੱਸ ਵਿਚੋਂ ਉਤਰਨ ਤੋਂ ਬਾਅਦ ਪੇਕੇ ਘਰ ਪਹੁੰਚਣ ਲਈ ਉਸਨੂੰ 2 ਆਟੋ ਬਦਲਣੇ ਪੈਂਦੇ ਹਨ। ਐਤਵਾਰ ਨੂੰ ਬੰਦ ਹੋਣ ਕਾਰਣ ਕੋਈ ਿਦੱਕਤ ਨਾ ਆਵੇ, ਇਸੇ ਲਈ ਅੱਜ ਹੀ ਆਪਣੇ ਪੇਕੇ ਪਹੁੰਚਣ ਨੂੰ ਤਰਜੀਹ ਦੇ ਰਹੀ ਹੈ। ਹੋਰ ਔਰਤਾਂ ਨੇ ਵੀ ਕਿਹਾ ਕਿ ਐਤਵਾਰ ਨੂੰ ਬੰਦ ਹੋਣ ਕਾਰਣ ਉਹ ਕੋਈ ਜੋਖਮ ਨਹੀਂ ਉਠਾਉਣਾ ਚਾਹੁੰਦੀਆਂ। ਦੂਜੇ ਪਾਸੇ ਜਲੰਧਰ ਬੱਸ ਅੱਡੇ ਦੀ ਗੱਲ ਕੀਤੀ ਜਾਵੇ ਤਾਂ ਅੱਜ ਰਵਾਨਾ ਹੋਣ ਵਾਲੇ ਯਾਤਰੀਆਂ ਨੂੰ ਮਾਸਕ ਆਦਿ ਪਹਿਨਣ ਲਈ ਜਾਗਰੂਕ ਕਰਦਿਆਂ ਲਗਾਤਾਰ ਅਨਾਊਂਸਮੈਂਟ ਕਰਵਾਈ ਗਈ। ਇਸ ਦੇ ਬਾਵਜੂਦ ਕੁਝ ਲੋਕ ਬਿਨਾਂ ਮਾਸਕ ਵੀ ਨਜ਼ਰ ਆਏ।

ਦੂਜੇ ਸੂਬਿਆਂ ਵਿਚ ਬੱਸਾਂ ਨਾ ਚੱਲਣ ਕਾਰਨ ਮਹਿਲਾਵਾਂ ਨੂੰ ਘਰ ਪਹੁੰਚਣ ’ਚ ਪ੍ਰੇਸ਼ਾਨੀ

ਪੰਜਾਬ ਲਈ ਤਾਂ ਬੱਸਾਂ ਚੱਲ ਰਹੀਆਂ ਹਨ ਪਰ ਦੂਜੇ ਸੂਬਿਆਂ ਵਿਚ ਆਪਣੇ ਘਰਾਂ ਨੂੰ ਜਾਣ ਵਾਲੀਆਂ ਮਹਿਲਾਵਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਦੂਜੇ ਸੂਬਿਆਂ ਵਿਚ ਬੱਸਾਂ ਚੱਲਣ ’ਤੇ ਰੋਕ ਹੈ। ਮਹਿਲਾਵਾਂ ਦਾ ਕਹਿਣਾ ਸੀ ਕਿ ਰੱਖੜੀ ਦੇ ਤਿਉਹਾਰ ਨੂੰ ਵੇਖਦਿਆਂ ਕੇਂਦਰ ਸਰਕਾਰ ਨੂੰ ਖਾਸ ਦਿਸ਼ਾ-ਨਿਰਦੇਸ਼ ਜਾਰੀ ਕਰਨੇ ਚਾਹੀਦੇ ਸਨ ਤਾਂ ਕਿ ਉਨ੍ਹਾਂ ਨੂੰ ਸਹੂਲਤ ਮਿਲ ਸਕਦੀ।


author

Lalita Mam

Content Editor

Related News