ਸਿੱਖਿਆ ਦਾ ਲੰਗਰ ਚਲਾਉਣ ਅਤੇ ਯੁਵਾ ਸ਼ਕਤੀ ਨੂੰ ਹੁਨਰਮੰਦ ਬਣਾਉਣ ਦੀ ਲੋੜ : ਸੰਸਦ ਮੈਂਬਰ ਸਾਹਨੀ

Sunday, Aug 20, 2023 - 01:52 PM (IST)

ਸਿੱਖਿਆ ਦਾ ਲੰਗਰ ਚਲਾਉਣ ਅਤੇ ਯੁਵਾ ਸ਼ਕਤੀ ਨੂੰ ਹੁਨਰਮੰਦ ਬਣਾਉਣ ਦੀ ਲੋੜ : ਸੰਸਦ ਮੈਂਬਰ ਸਾਹਨੀ

ਚੰਡੀਗੜ੍ਹ- ਪੰਜਾਬ ਤੋਂ ਰਾਜ ਸਭਾ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਆਪਣੇ ਕਾਰਜਕਾਲ ਦਾ ਪਹਿਲਾ ਸਾਲ ਪੂਰਾ ਕਰ ਲਿਆ ਹੈ। ਇਸ ਮੌਕੇ ’ਤੇ ਸੰਸਦ ਮੈਂਬਰ ਸਾਹਨੀ ਨੇ ਆਪਣੇ ਵਲੋਂ ਬਤੌਰ ਸੰਸਦ ਮੈਂਬਰ ਕੀਤੇ ਗਏ ਕੰਮਾਂ ਅਤੇ ਸੰਸਦ ਵਿਚ ਚੁੱਕੇ ਗਏ ਮੁੱਦਿਆਂ ਦਾ ਬਿਓਰਾ ਮੀਡੀਆ ਦੇ ਨਾਲ ਸਾਂਝਾ ਕੀਤਾ। ਸਾਹਨੀ ਨੇ ਨਾ ਸਿਰਫ਼ ਆਪਣੇ ਵਲੋਂ ਕੀਤੇ ਜਾ ਰਹੇ ਕੰਮਾਂ ਦਾ ਬਿਓਰਾ ਦਿੱਤਾ, ਸਗੋਂ ਸਮਾਜਿਕ ਤੌਰ ’ਤੇ ਪੇਸ਼ ਆ ਰਹੀਆਂ ਕਈ ਸਮੱਸਿਆਵਾਂ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਦਾ ਵੀ ਜ਼ਿਕਰ ਕੀਤਾ। ਨਾਲ ਹੀ, ਆਪਣੇ ਅਗਲੇ ਕੰਮਾਂ ਬਾਰੇ ‘ਜਗ ਬਾਣੀ ’ ਦੇ ਰਮਨਜੀਤ ਸਿੰਘ ਦੇ ਨਾਲ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼:
-ਅੱਜ ਤੁਹਾਨੂੰ ਸੰਸਦ ਮੈਂਬਰ ਦੇ ਤੌਰ ’ਤੇ ਇਕ ਸਾਲ ਹੋ ਗਿਆ ਹੈ, ਸਿਆਸੀ ਆਗੂ ਤੁਸੀਂ ਹੋ ਨਹੀਂ, ਫਿਰ ਰਿਪੋਰਟ ਕਾਰਡ ਪੇਸ਼ ਕਰਨ ਦੀ ਕੀ ਲੋੜ ਪੈ ਗਈ?
-ਇਹ ਗੱਲ ਬਿਲਕੁਲ ਠੀਕ ਹੈ ਕਿ ਮੈਂ ਸਿਆਸੀ ਆਗੂ ਨਹੀਂ ਹਾਂ, ਮੈਂ ਖੁਦ ਨੂੰ ਸਮਾਜਸੇਵਕ ਹੀ ਮੰਨਦਾ ਹਾਂ ਅਤੇ ਪੰਜਾਬ ਦਾ ਪੁੱਤਰ ਹੋਣ ਦੇ ਨਾਤੇ ਉਝ ਹੀ ਵਿਹਾਰ ਕਰਦਾ ਹਾਂ। ਪੰਜਾਬ ਦੇ ਲੋਕਾਂ ਦੀ ਬਦੌਲਤ ਸੰਸਦ ਵਿਚ ਪੁੱਜਣ ਦਾ ਮੌਕਾ ਮਿਲਿਆ ਹੈ ਤਾਂ ਮੇਰੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਜਿਸ ਥਾਂ ਮੈਂ ਪਲਿਆ ਅਤੇ ਪੜ੍ਹਿਆ, ਉਸ ਪੰਜਾਬ ਦੀ ਬਿਹਤਰੀ ਲਈ ਜਿੰਨਾ ਹੋ ਸਕੇ, ਓਨਾ ਕਰਾਂ। ਇਹ ਰਿਪੋਰਟ ਕਾਰਡ ਵੀ ਉਸੇ ਦਾ ਹਿੱਸਾ ਹੈ ਕਿਉਂਕਿ ਮੈਨੂੰ ਲੱਗਦਾ ਹੈ ਕਿ ਮੈਂ ਪੰਜਾਬ ਦੇ ਲੋਕਾਂ ਪ੍ਰਤੀ ਜਵਾਬਦੇਹ ਹਾਂ। ਮੀਡੀਆ ਲੋਕਾਂ ਤੱਕ ਪੁੱਜਣ ਦਾ ਸਭ ਤੋਂ ਵੱਡਾ ਮਾਧਿਅਮ ਹੈ, ਇਸ ਲਈ ਮੈਂ ਮੀਡੀਆ ਰਾਹੀਂ ਹੀ ਰਿਪੋਰਟ ਕਾਰਡ ਲੋਕਾਂ ਦੇ ਸਾਹਮਣੇ ਰੱਖ ਰਿਹਾ ਹਾਂ, ਤਾਂ ਕਿ ਪ੍ਰਤੀਕਿਰਿਆ ਤੇ ਸੁਝਾਅ ਹਾਸਿਲ ਹੋ ਸਕਣ।
-ਤੁਸੀਂ ਦੱਸਿਆ ਹੈ ਕਿ ਨੌਜਵਾਨਾਂ ਨੂੰ ਸਕਿਲ ਮੁਹੱਈਆ ਕਰਨ ਲਈ ਕੰਮ ਕੀਤਾ ਗਿਆ ਹੈ, ਇਸ ਨੂੰ ਹੋਰ ਵਧਾਉਣ ਦੀ ਕੀ ਯੋਜਨਾ ਹੈ?
-ਇਸ ਸਾਲ ਦੌਰਾਨ ਅਸੀਂ ਆਪਣੇ ਹੁਨਰ ਵਿਕਾਸ ਕੇਂਦਰਾਂ ਤੋਂ ਨੌਜਵਾਨਾਂ ਨੂੰ ਟ੍ਰੇਂਡ ਕਰਨ ਤੋਂ ਬਾਅਦ 4500 ਨੂੰ ਨੌਕਰੀਆਂ ਹਾਸਿਲ ਕਰਨ ਵਿਚ ਮਦਦ ਕੀਤੀ ਹੈ। ਹੁਣ ਅੰਮ੍ਰਿਤਸਰ ਅਤੇ ਲੁਧਿਆਣਾ ਤੋਂ ਬਾਅਦ ਪੰਜਾਬ ਦੇ 8 ਹੋਰ ਸ਼ਹਿਰਾਂ ਵਿਚ ਸਕਿਲ ਸੈਂਟਰ ਖੋਲ੍ਹਣ ਜਾ ਰਹੇ ਹਾਂ। ਸਾਡਾ ਟੀਚਾ ਹੈ ਕਿ ਹਰ ਸਾਲ 10 ਹਜ਼ਾਰ ਨੌਜਵਾਨਾਂ ਨੂੰ ਹੁਨਰ ਵਿਕਾਸ ਕਰਕੇ ਨੌਕਰੀਆਂ ਹਾਸਿਲ ਕਰਨ ਵਾਲੇ ਬਣਾਈਏ। ਬੀਤੇ ਕੱਲ੍ਹ ਹੀ ਤਾਜ ਗਰੁੱਪ ਆਫ਼ ਹੋਟਲ ਦੇ ਨਾਲ ਸਮਝੌਤਾ ਹੋਇਆ ਹੈ, ਜਿਸ ਦੇ ਤਹਿਤ ਅਸੀਂ ਮੋਹਾਲੀ ਵਿਚ 1000 ਨੌਜਵਾਨਾਂ ਨੂੰ ਹਾਸਪੀਟੈਲਿਟੀ ਇੰਡਸਟਰੀ ਲਈ ਲੋੜੀਂਦੇ ਵੱਖ ਵੱਖ ਤਰ੍ਹਾਂ ਦੇ ਹੁਨਰ ਮੁਹੱਈਅਾ ਕਰਾਂਗੇ। ਇਹ ਟ੍ਰੇਨਿੰਗ ਅਸੀਂ ਆਪਣੇ ਖਰਚ ’ਤੇ ਮੁਹੱਈਆ ਕਰਾਂਗੇ। ਇਹ ਯੁਵਾਸ਼ਕਤੀ ਨੂੰ ਨਾ ਸਿਰਫ਼ ਨਸ਼ੇ ਤੋਂ ਦੂਰ ਰੱਖਣ ਵਿਚ ਸਹਾਇਤਾ ਮੁਹੱਈਅਾ ਕਰੇਗਾ, ਸਗੋਂ ਵਿਦੇਸ਼ਾਂ ਵੱਲ ਵਧੇ ਰੁਝੇਵੇਂ ਨੂੰ ਵੀ ਘੱਟ ਕਰਨ ਵਿਚ ਮਦਦਗਾਰ ਸਾਬਿਤ ਹੋਵੇਗਾ। ਸਕਿਲਡ ਹੋਣ ਤੋਂ ਬਾਅਦ ਜੇਕਰ ਨੌਜਵਾਨ ਵਿਦੇਸ਼ ਵੀ ਜਾਣਾ ਚਾਹੁਣ ਤਾਂ ਘੱਟ ਤੋਂ ਘੱਟ ਫਰਜ਼ੀ ਏਜੰਟਾਂ ਰਾਹੀਂ ਹੋਣ ਵਾਲੇ ਸ਼ੋਸ਼ਣ ਤੋਂ ਤਾਂ ਬਚਣਗੇ।

ਇਹ ਵੀ ਪੜ੍ਹੋ- ਜਲੰਧਰ ਦੀ ਹੈਰਾਨੀਜਨਕ ਘਟਨਾ, ਲਾਸ਼ ਦਾ ਸਸਕਾਰ ਕਰਨ ਤੋਂ ਪਹਿਲਾਂ ਪਰਿਵਾਰ ਨੇ ਜ਼ਰੂਰੀ ਸਮਝੀ ਸ਼ਰਾਬ ਪੀਣੀ
-ਹੁਨਰ ਵਿਕਾਸ ਰਾਹੀਂ ਵਿਦੇਸ਼ਾਂ ਵਿਚ ਸ਼ੋਸ਼ਣ ਤੋਂ ਕਿਵੇਂ ਬਚਾਅ ਹੋਵੇਗਾ?
-ਅਨਸਕਿਲਡ ਹੋਣ ਦੇ ਕਾਰਣ ਹੀ ਨੌਜਵਾਨ ਫਰਜ਼ੀ ਏਜੰਟਾਂ ਦੇ ਚੱਕਰ ਵਿਚ ਫਸਦੇ ਹਨ ਅਤੇ ਚੰਗੀ ਕਮਾਈ ਦੇ ਲਾਲਚ ਵਿਚ ਵਿਦੇਸ਼ ਜਾਂਦੇ ਹਨ, ਪਰ ਫਿਰ ਪਤਾ ਲੱਗਦਾ ਚੱਲਦਾ ਹੈ ਕਿ ਕਿਤੇ ਮਾਫ਼ੀਆ ਦੀ ਗ੍ਰਿਫ਼ਤ ਵਿਚ ਹਨ ਜਾਂ ਫਿਰ ਉਨ੍ਹਾਂ ਨੂੰ ਵੇਚ ਦਿੱਤਾ ਗਿਆ ਹੈ। ਮੇਰੇ ਕਾਰਜਕਾਲ ਦੇ ਪਹਿਲੇ ਸਾਲ ਦੌਰਾਨ ਹੀ ਮਨੁੱਖ ਸਮੱਗਲਿੰਗ ਵਿਰੋਧੀ ਮੁਹਿੰਮ ‘ਮਿਸ਼ਨ ਹੋਪ’ ਚਲਾਉਣਾ ਪਿਆ। ਓਮਾਨ ਤੋਂ 50 ਤੋਂ ਵੱਧ ਪੰਜਾਬੀ ਔਰਤਾਂ, ਤੁਰਕੀ ਤੋਂ 17 ਲੜਕਿਆਂ ਨੂੰ ਅਤੇ ਲੀਬੀਆ ਤੋਂ 17 ਲੜਕਿਆਂ ਨੂੰ ਮਾਫੀਆ ਤੋਂ ਬਚਾਇਆ ਗਿਆ ਹੈ। ਵਰਤਮਾਨ ਵਿਚ ਉਹ ਟਿਊਨੀਸ਼ੀਆ ਵਿਚ ਭਾਰਤੀ ਮਿਸ਼ਨ ਦੀ ਸੁਰੱਖਿਆ ਵਿਚ ਹਨ, ਉਹ ਅਗਲੇ ਹਫ਼ਤੇ ਘਰ ਵਾਪਸ ਆਉਣਗੇ। ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਿਆ ਤਾਂ ਉਨ੍ਹਾਂ ਨੇ ਪਹਿਲੀ ਵਾਰ ਐੱਸ.ਆਈ.ਟੀ. ਦਾ ਗਠਨ ਕੀਤਾ। ਕੈਨੇਡਾ ਤੋਂ 700 ਪੰਜਾਬੀ ਵਿਦਿਆਰਥੀਆਂ ਦੇ ਡਿਪੋਰਟੇਸ਼ਨ ’ਤੇ ਰੋਕ ਲਗਾਉਣ ਲਈ ਕੈਨੇਡਾ ਸਰਕਾਰ ਦੇ ਮੰਤਰੀਆਂ ਨਾਲ ਗੱਲਬਾਤ ਕੀਤੀ ਗਈ।
-ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦਾ ਦੋਸ਼ ਹੈ ਕਿ ਆਮ ਆਦਮੀ ਪਾਰਟੀ ਦੀ ਨਾਮਜ਼ਦਗੀ ’ਤੇ ਭੇਜੇ ਗਏ ਰਾਜ ਸਭਾ ਮੈਂਬਰ ਪੰਜਾਬ ਲਈ ਕੰਮ ਨਹੀਂ ਕਰਦੇ। ਕੀ ਕਹੋਗੇ?
-ਵੇਖੋ, ਨੇਤਾਵਾਂ ਦਾ ਕੰਮ ਅਜਿਹੀ ਨੁਕਤਾਚੀਨੀ ਕਰਨਾ ਹੀ ਹੁੰਦਾ ਹੈ ਪਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੇਰਾ ਯਤਨ ਰਿਹਾ ਹੈ ਕਿ ਮੈਂ ਪੰਜਾਬ ਸਰਕਾਰ ਅਤੇ ਕੇਂਦਰ ਵਿਚਕਾਰ ਇਕ ਪੁਲ ਦੇ ਰੂਪ ਵਿਚ ਕਾਰਜ ਕਰਦਾ ਰਹਾਂ। ਇਸ ਸੈਸ਼ਨ ਦੌਰਾਨ ਯਤਨ ਕੀਤਾ ਗਿਆ ਹੈ ਕਿ ਪੰਜਾਬ ਨਾਲ ਜੁੜੇ ਸਾਰੇ ਸੰਸਦ ਮੈਂਬਰਾਂ ਨੂੰ ਪੰਜਾਬ ਦੀ ਭਲਾਈ ਵਾਲੇ ਮੁੱਦਿਆਂ ’ਤੇ ਇਕਜੁਟ ਕੀਤਾ ਜਾਵੇ। ਪਹਿਲੀ ਹੀ ਬੈਠਕ, ਜਿਸ ਵਿਚ ਸਾਰੇ ਸਿਆਸੀ ਪਾਰਟੀਆਂ ਤੋਂ ਸੰਸਦ ਮੈਂਬਰ ਸ਼ਾਮਲ ਹੋਏ, ਵਿਚ ਪੰਜਾਬ ਨਾਲ ਜੁੜੇ ਅਜਿਹੇ ਹੀ ਕੁੱਝ ਮੁੱਦਿਆਂ ਦੀ ਸਹਿਮਤੀ ਸੂਚੀ ਤਿਆਰ ਵੀ ਕਰ ਲਈ ਹੈ, ਜਿਸ ਦੇ ਲਈ ਸਾਰੇ ਇਕਜੁਟ ਹੋ ਕੇ ਕੇਂਦਰ ਨਾਲ ਗੱਲ ਕਰਾਂਗੇ।

ਇਹ ਵੀ ਪੜ੍ਹੋ- ਟਾਂਡਾ 'ਚ ਵੱਡੀ ਵਾਰਦਾਤ, 17 ਸਾਲਾ ਕੁੜੀ ਨਾਲ ਗੈਂਗਰੇਪ, ਖੇਤਾਂ 'ਚ ਲਿਜਾ ਕੇ ਕੀਤਾ ਘਿਣੌਨਾ ਕਾਰਾ
-ਸਿੱਖਿਆ ਦੇ ਲੰਗਰ ਦੀ ਗੱਲ ਕਰ ਰਹੇ ਸੀ ਤੁਸੀਂ, ਉਹ ਕੀ ਹੈ?
-ਇਹ ਸਿੱਖਿਆ ਦਾ ਲੰਗਰ ਸਮੇਂ ਦੀ ਲੋੜ ਹੈ। ਧਾਰਮਿਕ ਸਥਾਨਾਂ, ਖਾਸ ਕਰਕੇ ਗੁਰਦੁਆਰਿਆਂ ਵਿਚ ਲਗਾਤਾਰ ਚੱਲਣ ਵਾਲੇ ਲੰਗਰ ਲਈ ਆਪਣੀ ਸਮਰੱਥਾ ਮੁਤਾਬਿਕ ਦਾਨ ਕਰਦੇ ਰਹਿੰਦੇ ਹਾਂ, ਸਾਰੇ ਕਰਦੇ ਹਨ। ਸਾਡਾ ਯਤਨ ਹੈ ਕਿ ਗੁਰਦੁਆਰਿਆਂ ਵਿਚ ਗੁਰੂ ਦੇ ਲੰਗਰ ਦੇ ਨਾਲ-ਨਾਲ ਸਿੱਖਿਆ ਦਾ ਵੀ ਲੰਗਰ ਚੱਲਣਾ ਚਾਹੀਦਾ ਹੈ ਤਾਂ ਕਿ ਪੰਜਾਬ ਦਾ ਕੋਈ ਵੀ ਬੱਚਾ ਕਮਜ਼ੋਰ ਆਰਥਿਕ ਸਥਿਤੀ ਕਾਰਣ ਚੰਗੀ ਪੜ੍ਹਾਈ ਤੋਂ ਵਾਂਝਾ ਨਾ ਰਹੇ। ਹਾਲ ਹੀ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ, ਐੱਸ.ਜੀ.ਪੀ.ਸੀ. ਦੇ ਅਹੁਦੇਦਾਰ ਅਤੇ ਕਰੀਬ 68 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰਾਂ ਨਾਲ ਬੈਠ ਕੇ ਚਰਚਾ ਕੀਤੀ ਸੀ ਅਤੇ ਫੈਸਲਾ ਕੀਤਾ ਗਿਆ ਹੈ ਕਿ ਸਿੱਖਿਆ ਦੇ ਲੰਗਰ ਦੀ ਲੋੜ ਨੂੰ ਪੂਰਾ ਕਰਨ ਲਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਆਪਣੀ ਸਮਰੱਥਾ ਮੁਤਾਬਿਕ 20 ਫ਼ੀਸਦੀ ਫੰਡ ਦਾ ਉਪਬੰਧ ਕਰਨਗੀਆਂ। ਇਸ ਵਿਚ ਉਸ ਦੇ ਬਰਾਬਰ ਹੀ ਰਾਸ਼ੀ ਮੈਂ ਨਿੱਜੀ ਖਾਤੇ ’ਚੋਂ ਦੇਵਾਂਗਾ। ਇਸ ਰਾਸ਼ੀ ਨਾਲ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਕਿਤਾਬਾਂ, ਫ਼ੀਸ ਜਾਂ ਸਿੱਖਿਆ ਨਾਲ ਸਬੰਧਤ ਹੋਰ ਸਾਮਾਨ ਮੁਹੱਈਆ ਕਰਵਾਇਆ ਜਾਵੇਗਾ। ਬਸ, ਇਸ ਨੂੰ ‘ਸਿੱਖਿਆ ਦਾ ਲੰਗਰ’ ਨਾਮ ਦਿੱਤਾ ਹੈ। ਇਸ ਨਾਲ ਨਾ ਸਿਰਫ਼ ਸਮਾਜ ਸਿੱਖਿਅਤ ਹੋਵੇਗਾ ਸਗੋਂ ਲਾਲਚ, ਭ੍ਰਮ ਜਾਂ ਦਬਾਅ ਕਾਰਣ ਹੋ ਰਿਹਾ ਧਰਮ ਪਰਿਵਰਤਨ ਵੀ ਰੋਕਿਆ ਜਾ ਸਕੇਗਾ। ਮੈਂ ਸੰਸਦ ਮੈਂਬਰ ਦੇ ਤੌਰ ’ਤੇ ਮਿਲਣ ਵਾਲੀ ਤਨਖਾਹ ਜਾਂ ਭੱਤੇ ਨਹੀਂ ਲੈਂਦਾ। ਇਹ ਰਾਸ਼ੀ ਸਿੱਧੇ ਸ਼ਹੀਦ ਭਗਤ ਸਿੰਘ ਵਜ਼ੀਫ਼ਾ ਫੰਡ ਵਿਚ ਜਾਂਦੀ ਹੈ। ਜਿੰਨੀ ਰਕਮ ਇਹ ਹੁੰਦੀ ਹੈ, ਓਨੀ ਹੀ ਹੋਰ ਮੈਂ ਆਪਣੀ ਜੇਬ ’ਚੋਂ ਦਿੰਦਾ ਹਾਂ। ਇਸ ਨਾਲ ਲੋੜਵੰਦ ਵਿਦਿਆਰਥੀਆਂ ਦੀ ਉਚ ਸਿੱਖਿਆ ਦੇ ਲਈ ਆਰਥਿਕ ਸਹਾਇਤਾ ਮੁਹੱਈਆ ਕੀਤੀ ਜਾ ਰਹੀ ਹੈ।
-ਤੁਸੀਂ ਕਈ ਸਾਲਾਂ ਤੋਂ ਬਿਜ਼ਨੈੱਸ ਕਮਿਉਨਿਟੀ ਨਾਲ ਜੁੜੇ ਹੋ। ਪੰਜਾਬ ਵਿਚ ਨਿਵੇਸ਼ ਲਿਆਉਣ ਲਈ ਵੀ ਕੁੱਝ ਕੀਤਾ?
-ਪੰਜਾਬ ਵਿਚ ਨਿਵੇਸ਼ ਲਿਆਉਣ ਲਈ ਪਿਛਲੇ ਇਕ ਸਾਲ ਵਿਚ ਪ੍ਰਮੁੱਖ ਉਦਯੋਗਪਤੀਆਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਪੰਜਾਬ ਵਿਚ ਨਿਵੇਸ਼ ਲਈ ਉਤਸ਼ਾਹਿਤ ਕੀਤਾ। ਸੰਸਦ ਦੇ ਆਯੋਜਿਤ ਹੋਏ ਸਾਰੇ ਚਾਰ ਸੈਸ਼ਨਾਂ ਦੌਰਾਨ ਵੱਖ-ਵੱਖ ਮੁੱਦਿਆਂ ਨੂੰ ਚੁੱਕਿਆ ਅਤੇ ਨਤੀਜੇ ਪ੍ਰਾਪਤ ਕੀਤੇ, ਜਿਨ੍ਹਾਂ ਵਿਚ ਪੰਜਾਬ ਯੂਨੀਵਰਸਿਟੀ ਦਾ ਕੋਈ ਕੇਂਦਰੀਕਰਣ ਨਾ ਹੋਣਾ, ਧਾਰਮਿਕ ਸਰਾਵਾਂ ’ਤੇ ਜੀ.ਐੱਸ.ਟੀ. ਦਾ ਖਾਤਮਾ, ਪੰਜਾਬੀ ਖੇਡ ਗੱਤਕਾ ਨੂੰ ਰਾਸ਼ਟਰੀ ਖੇਡਾਂ ਵਿਚ ਸ਼ਾਮਲ ਕਰਵਾਉਣਾ ਅਤੇ ਹਲਵਾਰਾ ਏਅਰਪੋਰਟ ਵਿਚ ਕਾਰਜ ਦੀ ਬਹਾਲੀ ਸ਼ਾਮਲ ਹੈ। ਆਪਣੇ ਐੱਮ.ਪੀ.ਐੱਲ.ਏ.ਡੀ. ਫੰਡ ਦਾ ਵੀ 100 ਫ਼ੀਸਦੀ ਅਲਾਟਮੈਂਟ ਕੀਤੀ ਹੈ। ਪੰਜਾਬ ਵਿਚ ਆਏ ਹੜ੍ਹ ਦੌਰਾਨ ਵੀ ਕਈ ਜ਼ਿਲਿਆਂ ਵਿਚ ਸਮੱਗਰੀ ਉਪਲੱਬਧ ਕਰਵਾਈ।

ਇਹ ਵੀ ਪੜ੍ਹੋ- ਪੱਤਰਕਾਰ ਰਵੀ ਗਿੱਲ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਪਰਿਵਾਰ ਵੱਲੋਂ ਸਸਕਾਰ ਕਰਨ ਤੋਂ ਇਨਕਾਰ, ਕੀਤੀ ਇਹ ਮੰਗ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News