ਰਾਜ ਸਭਾ ਮੈਂਬਰ ਸੰਤ ਸੀਚੇਵਾਲ ਵੱਲੋਂ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਦੌਰਾ, ਲੋਕਾਂ ਨੇ ਕੀਤੀ ਇਹ ਮੰਗ

07/04/2022 6:22:18 PM

ਸ਼ਾਹਕੋਟ/ਸੁਲਤਾਨਪੁਰ ਲੋਧੀ (ਸੋਢੀ, ਤ੍ਰੇਹਨ, ਅਰਸ਼ਦੀਪ)-ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ। ਇਸ ਦੌਰਾਨ ਦਰਿਆ ਦੇ ਕੰਢੇ ’ਤੇ ਵੱਸਣ ਵਾਲੇ 24 ਤੋਂ ਵੱਧ ਪਿੰਡਾਂ ਦੇ ਲੋਕਾਂ ਨੇ ਸੰਤ ਸੀਚੇਵਾਲ ਨੂੰ ਦਰਿਆ ’ਚ ਹੜ੍ਹ ਆਉਣ ਦੇ ਅਸਲੀ ਕਾਰਨ ਦੱਸਦਿਆਂ ਕਿਹਾ ਕਿ ਦਰਿਆ ’ਚੋਂ ਕਈ ਦਹਾਕਿਆਂ ਤੋਂ ਮਿੱਟੀ ਨਹੀਂ ਕੱਢੀ ਗਈ, ਜਿਸ ਕਾਰਨ ਬਹੁਤੀਆਂ ਥਾਵਾਂ ’ਤੇ ਦਰਿਆ ਉੱਚਾ ਹੋ ਚੁੱਕਾ ਹੈ। ਦਰਿਆ ਦੇ ਐਨ ਕੰਢੇ ’ਤੇ ਵੱਸਣ ਵਾਲੇ ਪਿੰਡਾਂ ’ਚ ਮੌਓ ਸਾਹਿਬ, ਫਤਿਹੇਪੁਰ ਭਗਵਾ ਅਤੇ ਬਾਊਪੁਰ ਪਿੰਡਾਂ ਦੇ ਲੋਕਾਂ ਨੇ ਸੰਤ ਸੀਚੇਵਾਲ ਨੂੰ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ ਨੇੜੇ ਦਰਿਆ ਘੁੰਮ ਕੇ ਵੱਗਦਾ ਹੈ, ਜਿਸ ਕਾਰਨ ਧੁੱਸੀ ਬੰਨ੍ਹ ਨੂੰ ਢਾਹ ਲੱਗਦੀ ਹੈ।

ਉਨ੍ਹਾਂ ਇਹ ਵੀ ਮੰਗ ਕੀਤੀ ਜਿਵੇਂ ਉਨ੍ਹਾਂ ਦੇ ਗਿੱਦੜਪਿੰਡੀ ਨੇੜੇ ਦਰਿਆ ਦਾ ਵਹਿਣ ਬਦਲ ਕੇ ਵਿਚਕਾਰ ਕੀਤਾ ਹੈ, ਉਸੇ ਤਰ੍ਹਾਂ ਉਨ੍ਹਾਂ ਦੇ ਪਿੰਡਾਂ ਦਾ ਵੀ ਕੀਤਾ ਜਾਵੇ ਤਾਂ ਦਰਿਆ ਢਾਹ ਕੇ ਉਨ੍ਹਾਂ ਦੀ ਜ਼ਮੀਨ ਨਾ ਨਿਗਲ ਜਾਵੇ। ਕਈ ਪਿੰਡਾਂ ਵਾਲਿਆਂ ਨੇ ਦਰਿਆ ’ਚ ਨੋਚਾਂ ਲਗਾਉਣ ਦੀ ਮੰਗ ਵੀ ਕੀਤੀ ਤਾਂ ਜੋ ਦਰਿਆ ਧੁੱਸੀ ਬੰਨ੍ਹ ਨੂੰ ਸਿੱਧੀ ਟੱਕਰ ਨਾ ਮਾਰ ਸਕੇ। ਸੰਤ ਸੀਚੇਵਾਲ ਨੇ ਬੀਤੇ ਦਿਨ ਧੁੱਸੀ ਬੰਨ੍ਹ ’ਤੇ ਜਿਹੜੇ ਪਿੰਡਾਂ ਦਾ ਦੌਰਾ ਕੀਤਾ, ਉਨ੍ਹਾਂ ਵਿਚ ਜਾਣੀਆਂ ਚਾਹਲ, ਪਿੱਪਲੀ ਮਿਆਣੀ, ਫਤਿਹੇਪੁਰ ਭਗਵਾ, ਬਾਊਪੁਰ, ਖਹਿਰਾ ਮਸਤਰਕਾ, ਮੌਓ ਸਾਹਿਬ ਅਤੇ ਫਿਲੌਰ ਦਾ ਇਲਾਕਾ ਸ਼ਾਮਲ ਹੈ। ਧੁੱਸੀ ਬੰਨ੍ਹ ਦਾ ਦੌਰਾ ਸ਼ੁਰੂ ਕਰਨ ਤੋਂ ਪਹਿਲਾਂ ਗਿੱਦੜਪਿੰਡੀ ਦਰਿਆ ਕਿਨਾਰੇ ਬਣੇ ਬੇਸ ਕੈਂਪ ’ਤੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ। ਸਮਾਗਮ ਵਿਚ ਹਾਜ਼ਰ ਹੜ੍ਹ ਪ੍ਰਭਾਵਿਤ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ।

ਇਹ ਵੀ ਪੜ੍ਹੋ: ਜਲੰਧਰ: ਦਿੱਲੀ ਏਅਰਪੋਰਟ ਜਾਣ ਵਾਲੀ ਵੋਲਵੋ ਸਰਕਾਰ ਨੂੰ ਪੈ ਰਹੀ ਮਹਿੰਗੀ, ਪਾਰਕਿੰਗ ਦੌਰਾਨ ਹੋ ਰਿਹੈ ਇਹ ਕੰਮ

ਹਾਜ਼ਰ ਪਿੰਡਾਂ ਦੇ ਪੰਚਾਂ-ਸਰਪੰਚਾਂ ਤੇ ਹੋਰ ਮੋਹਤਬਰ ਲੋਕਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਗਿੱਦੜਪਿੰਡ ਰੇਲਵੇ ਪੁਲ ਹੇਠੋਂ ਜਦੋਂ ਤੱਕ ਮਿੱਟੀ ਨਹੀਂ ਕਢਵਾਈ ਜਾਂਦੀ, ਉਦੋਂ ਤੱਕ ਹੜ੍ਹ ਆਉਣ ਦਾ ਖਤਰਾ ਬਣਿਆ ਰਹਿਣਾ ਹੈ। ਹੜ੍ਹ ਪੀੜਤ ਲੋਕਾਂ ਨੇ ਇਕਸੁਰ ਹੁੰਦਿਆ ਮੰਗ ਕੀਤੀ ਕਿ ਉਨ੍ਹਾਂ ਦੇ ਇਲਾਕੇ ਨੂੰ ਸੰਭਾਵੀ ਹਡ਼੍ਹ ਤੋਂ ਬਚਾਇਆ ਜਾਵੇ। ਇਸ ਮੌਕੇ ‘ਆਪ’ ਦੇ ਹਲਕਾ ਇੰਚਾਰਜ ਰਤਨ ਸਿੰਘ ਕਾਕਡ਼ਾ, ਮੁਖਤਿਆਰ ਸਿੰਘ, ਦਇਆ ਸਿੰਘ ਸੀਚੇਵਾਲ, ਕੇਵਲ ਸਿੰਘ, ਫੁਮੰਣ ਸਿੰਘ, ਮੋਨੂੰ ਪਟਵਾਰੀ, ਲਖਵਿੰਦਰ ਸਿੰਘ, ਗੁਰਚਰਨ ਸਿੰਘ, ਸਰਪੰਚ ਚੱਕਚੇਲਾ ਜੋਗਾ ਸਿੰਘ, ਸਰਪੰਚ ਮਹਿਮੂਵਾਲ ਰਾਣਾ, ਅਮਰੀਕ ਸਿੰਘ ਸੰਧੂ, ਗੁਰਦੀਪ ਸਿੰਘ ਗੋਗਾ, ਸਤਾਨਮ ਸਿੰਘ ਸਾਧੀ, ਤੇਜਿੰਦਰ ਸਿੰਘ ਰਾਮਪੁਰ, ਜੱਥੇਦਾਰ ਬਾਬਾ ਮੁਖਤਿਆਰ ਸਿੰਘ, ਜਥੇਦਾਰ ਬਲਵਿੰਦਰ ਸਿੰਘ, ਗੁਰਦੇਵ ਸਿੰਘ ਫੌਜੀ, ਨੰਬਰਦਾਰ ਪਿੰਡ ਬੱਲ ਨੌ ਤੋਂ ਮੇਜਰ ਸਿੰਘ, ਬੂਟਾ ਸਿੰਘ ਦਇਆ ਸਿੰਘ, ਦਲਵਿੰਦਰ ਸਿੰਘ ਮਰਾਜਵਾਲਾ ਸਮੇਤ ਪਿੰਡ ਬਾਊਪੁਰ ਤੇ ਪਿੱਪਲੀ ਮਿਆਣੀ ਦੀ ਸੰਗਤ ਵੀ ਹਾਜ਼ਰ ਸੀ।

ਸਾਲ 2019 ’ਚ ਆਏ ਹੜ੍ਹ ਕਾਰਨ ਹੋਇਆ 1200 ਕਰੋੜ ਦਾ ਨੁਕਸਾਨ
ਹੜ੍ਹ ਰੋਕੂ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਕਿਹਾ ਕਿ ਸਾਲ 2019 ਵਿਚ ਆਏ ਹਡ਼੍ਹ ਨੇ ਇਸ ਇਲਾਕੇ ਵਿਚ ਭਾਰੀ ਤਬਾਹੀ ਮਚਾਈ ਸੀ। ਉਦੋਂ 1200 ਕਰੋੜ ਦਾ ਨੁਕਸਾਨ ਹੋਇਆ ਸੀ। ਦਰਜਨ ਭਰ ਥਾਵਾਂ ਤੋਂ ਧੁੱਸੀ ਬੰਨ੍ਹ ਇਸੇ ਕਰਕੇ ਟੁੱਟ ਗਿਆ ਸੀ, ਕਿਉਂਕਿ ਗਿੱਦੜਪਿੰਡੀ ਰੇਲਵੇ ਪੁਲ ਦੇ ਹੇਠਾਂ ਜੰਮੀ ਮਿੱਟੀ ਕਾਰਨ ਡਾਫ ਲੱਗ ਗਈ ਸੀ। ਉਨ੍ਹਾਂ ਦੱਸਿਆ ਕਿ ਸਾਲ 2019 ਤੋਂ ਸੰਤ ਸੀਚੇਵਾਲ ਲਗਾਤਾਰ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਦਰਿਆ ’ਚੋਂ ਡਰੇਨ ਮਹਿਕਮੇ ਦੇ ਸਹਿਯੋਗ ਨਾਲ ਮਿੱਟੀ ਕੱਢ ਰਹੇ ਹਨ।

ਇਹ ਵੀ ਪੜ੍ਹੋ: ਮਾਤਾ ਚਿੰਤਪੂਰਨੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਕੀਤਾ ਇਹ ਐਲਾਨ

5 ਵਾਰੀ ਧੁੱਸੀ ਬੰਨ੍ਹ ਟੁੱਟਣ ਨਾਲ ਮਚੀ ਭਾਰੀ ਤਬਾਹੀ
ਸਤਲੁਜ ਦਰਿਆ ’ਚ 5 ਵਾਰੀ ਧੁੱਸੀ ਬੰਨ੍ਹ ਟੁੱਟਣ ਨਾਲ ਭਾਰੀ ਤਬਾਹੀ ਮਚਾਈ ਸੀ। ਸਾਲ 1988 ’ਚ ਆਏ ਹੜ੍ਹ ਦੌਰਾਨ ਸਤਲੁਜ ਦਰਿਆ ਵਿਚ 6 ਲੱਖ ਕਿਊਸਿਕ ਪਾਣੀ ਵੱਗਿਆ ਸੀ। ਸਾਲ 1993 ਅਤੇ 1995 ਦੌਰਾਨ ਵੀ ਸਤਲੁਜ ਦਰਿਆ ਵਿਚ ਆਏ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਸੀ। ਸਤਲੁਜ ਦਰਿਆ ਵਿਚ ਦੀ 2 ਲੱਖ ਕਿਊਸਿਕ ਪਾਣੀ ਵੱਗਣ ਦੀ ਸਮਰੱਥਾ ਹੈ। ਸਾਲ 2008 ਵਿਚ ਸਿਰਫ਼ 1 ਲੱਖ 22 ਕਿਊਸਿਕ ਆਏ ਹੜ੍ਹ ਦੇ ਪਾਣੀ ਨੇ ਹੀ ਧੁੱਸੀ ਬੰਨ੍ਹ ਤੋੜ ਦਿੱਤਾ ਸੀ, ਕਿਉਂਕਿ ਗਿੱਦੜਪਿੰਡੀ ਰੇਲਵੇ ਪੁਲ ਹੇਠਾਂ ਵੱਡੀ ਪੱਧਰ ’ਤੇ ਮਿੱਟੀ ਜੰਮੀ ਹੋਈ ਹੈ। ਸਾਲ 2019 ਵਿਚ ਆਏ ਹੜ੍ਹ ਨੇ 1200 ਕਰੋੜ ਦਾ ਨੁਕਸਾਨ ਕੀਤਾ ਸੀ।
ਇਹ ਵੀ ਪੜ੍ਹੋ: ਜਲੰਧਰ: PVR 'ਚ ਫ਼ਿਲਮ ਵੇਖਣ ਆਏ ਅੰਮ੍ਰਿਤਧਾਰੀ ਸਿੱਖ ਨੂੰ ਵੈੱਜ ਸੈਂਡਵਿਚ ਦੀ ਥਾਂ ਦਿੱਤਾ ਨੌਨਵੈੱਜ ਸੈਂਡਵਿਚ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News