ਬਾਹਰਲੇ ਨੁਮਾਇੰਦਿਆਂ ਨੂੰ ਰਾਜ ਸਭਾ ਭੇਜ ਕੇ 'ਆਪ' ਨੇ ਪੰਜਾਬ ਦੀ ਪਿੱਠ 'ਚ ਮਾਰਿਆ ਛੁਰਾ : ਚੰਦੂਮਾਜਰਾ

Tuesday, Mar 22, 2022 - 05:13 PM (IST)

ਬਾਹਰਲੇ ਨੁਮਾਇੰਦਿਆਂ ਨੂੰ ਰਾਜ ਸਭਾ ਭੇਜ ਕੇ 'ਆਪ' ਨੇ ਪੰਜਾਬ ਦੀ ਪਿੱਠ 'ਚ ਮਾਰਿਆ ਛੁਰਾ : ਚੰਦੂਮਾਜਰਾ

ਅੰਮ੍ਰਿਤਸਰ (ਗੁਰਿੰਦਰ ਸਾਗਰ) : ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਤੋਂ ਬਾਅਦ ਸਮੀਖਿਆ ਕਮੇਟੀ ਪੰਜਾਬ ਭਰ ਵਿਚ ਜਾ ਕੇ ਹੋਈਆਂ ਕਮਜ਼ੋਰੀਆਂ ਨੂੰ ਲੱਭੇਗੀ ਅਤੇ ਹੋਈਆਂ ਗਲਤੀਆਂ 'ਚ ਸੁਧਾਰ ਕਰਨ ਲਈ ਤਤਪਰ ਰਹੇਗੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਸਮੇਂ ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਉਪਰੋਕਤ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਸੱਤਾ ਦਿੱਤੀ ਸੀ ਪਰ ਕੇਜਰੀਵਾਲ ਦੇ ਰਾਜ ਸਭਾ ਮੈਂਬਰਾਂ ਬਾਰੇ ਫ਼ੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਹੱਕਾਂ 'ਤੇ ਕੁਹਾੜਾ ਮਾਰਨ ਲਈ ਪੰਜਾਬ ਦੇ ਵਿਰੋਧੀਆਂ ਦੇ ਹੱਥ ਦਸਤਾ ਫੜਾ ਦਿੱਤਾ ਹੈ।

ਇਹ ਵੀ ਪੜ੍ਹੋ : ਰਸਤਾ ਨਾ ਦੇਣ ਨੂੰ ਲੈ ਕੇ ਅੰਮ੍ਰਿਤਸਰ ਦੇ ਪਿੰਡ ਅਨੈਤਪੁਰਾ ਵਿਖੇ ਚੱਲੀਆਂ ਤਾਬੜਤੋੜ ਗੋਲੀਆਂ, 2 ਦੀ ਮੌਤ

ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਰਾਜ ਸਭਾ 'ਚ ਆਬਾਦੀ ਦੇ ਹਿਸਾਬ ਨਾਲ ਨੁਮਾਇੰਦਗੀ ਮਿਲਣ ਕਰਕੇ ਪੰਜਾਬ ਨੂੰ ਪਹਿਲਾਂ ਹੀ ਵੱਡਾ ਨੁਕਸਾਨ ਹੋ ਰਿਹਾ ਹੈ। ਬਾਕੀ ਸੂਬਿਆਂ ਵਿਚ 2-2 ਸਾਲ ਦੇ ਵਕਫ਼ੇ ਨਾਲ ਰਾਜ ਸਭਾ ਮੈਂਬਰਾਂ ਦੀ ਚੋਣ ਹੁੰਦੀ ਹੈ ਪਰ ਪੰਜਾਬ ਵਿਚ ਲੰਮਾ ਸਮਾਂ ਗਵਰਨਰੀ ਰਾਜ ਰਹਿਣ ਕਰਕੇ ਇਥੋਂ ਸਾਰੇ ਮੈਂਬਰ ਇੱਕੋ ਵਾਰ ਭੇਜਣ ਕਰਕੇ ਵੀ ਪੰਜਾਬ ਨੂੰ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਨੁਮਾਇੰਦਗੀ ਦੇਣ ਦੀ ਨਵੀਂ ਪ੍ਰਥਾ ਪਾ ਕੇ ਕੇਜਰੀਵਾਲ ਨੇ ਇਹ ਗੱਲ ਸੱਚ ਕਰ ਦਿੱਤੀ ਹੈ ਕਿ ਪੰਜਾਬ ਸਰਕਾਰ ਦਾ ਰਿਮੋਟ ਹੁਣ ਦਿੱਲੀ ਹੱਥ ਹੋਵੇਗਾ।

ਇਹ ਵੀ ਪੜ੍ਹੋ : ਰੂਹ ਕੰਬਾਊ ਵਾਰਦਾਤ: ਬੱਚੇ ਦੇ ਖੇਡਣ ਨੂੰ ਲੈ ਕੇ ਹੋਈ ਤਕਰਾਰ ਮਗਰੋਂ ਪਿਓ ਵੱਲੋਂ ਘੋਟਣਾ ਮਾਰ ਕੇ ਦਾਦੇ ਦਾ ਕਤਲ

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਫ਼ਤਰ 'ਚੋਂ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਹਟਾਉਣ ਨਾਲ ਵੀ ਪੰਜਾਬੀਆਂ ਦੇ ਮਨਾਂ ਨੂੰ ਗਹਿਰੀ ਸੱਟ ਵੱਜੀ ਹੈ। ਮੁੱਖ ਮੰਤਰੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਹੁੰਦਿਆਂ ਲੰਮਾ ਸਮਾਂ ਪੰਜਾਬ ਅੰਗਰੇਜ਼ਾਂ ਦਾ ਗੁਲਾਮ ਨਹੀਂ ਸੀ ਹੋਇਆ, ਸਗੋਂ ਮਹਾਰਾਜਾ ਦੇ ਅਕਾਲ ਚਲਾਣੇ ਤੋਂ ਬਾਅਦ ਕੁਝ ਲੋਕਾਂ ਦੀਆਂ ਗੱਦਾਰੀਆਂ ਕਰਕੇ ਪੰਜਾਬ ਗੁਲਾਮ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਚੰਗੇ ਸ਼ਾਸਕ ਵਜੋਂ ਵੇਖਿਆ ਜਾਂਦਾ ਹੈ, ਉਨ੍ਹਾਂ ਦੀ ਤਸਵੀਰ ਉਤਾਰਨੀ ਗਲਤ ਹੈ। ਉਨ੍ਹਾਂ ਕਿਹਾ ਕਿ ਸਾਰੇ ਸ਼ਹੀਦਾਂ ਦਾ ਸਨਮਾਨ ਹੋਣਾ ਚਾਹੀਦਾ ਹੈ ਪਰ ਸ਼ਹੀਦਾਂ 'ਚ ਵੰਡੀਆਂ ਪਾ ਕੇ ਸਿਆਸਤ ਕਰਨੀ ਸੂਬੇ ਦੇ ਹਿੱਤ ਵਿਚ ਨਹੀਂ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਵਿਧਾਇਕਾਂ ਨੇ ਭਾਵੇਂ ਪਾਰਟੀ ਦੇ ਕਹੇ ਅਨੁਸਾਰ ਰਾਜ ਸਭਾ ਮੈਂਬਰਾਂ ਦੀ ਸਿਫਾਰਸ਼ 'ਤੇ ਦਸਤਖ਼ਤ ਕਰ ਦਿੱਤੇ ਹਨ ਪਰ ਉਹ ਅਪੀਲ ਕਰਦੇ ਹਨ ਕਿ ਉਹ ਪੰਜਾਬੀ ਹੋਣ ਦੇ ਨਾਤੇ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਅਤੇ ਪੰਜਾਬ ਦੇ ਹਿੱਤਾਂ ਲਈ ਪੰਜਾਬੀ ਹੋਣ ਦਾ ਸਬੂਤ ਦੇਣ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Harnek Seechewal

Content Editor

Related News