ਰਾਜੀਵ ਸ਼ੁਕਲਾ ਦੇ ਭਾਜਪਾ ’ਤੇ ਵੱਡੇ ਸਿਆਸੀ ਹਮਲੇ, ਕਿਹਾ-ਸਮਾਜ ਦੇ ਹਰ ਵਰਗ ਨੂੰ ਬੁਰੇ ਹਾਲਾਤ ’ਚ ਪਹੁੰਚਾਇਆ
Wednesday, Jan 19, 2022 - 05:16 PM (IST)
ਜਲੰਧਰ (ਵੈੱਬ ਡੈਸਕ, ਸੋਨੂੰ, ਰਾਹੁਲ)— ਅਖਿਲ ਭਾਰਤੀ ਕਾਂਗਰਸ ਕਾਰਜਕਾਰੀ ਕਮੇਟੀ ਦੇ ਮੈਂਬਰ ਅਤੇ ਰਾਸ਼ਟਰੀ ਇੰਚਾਰਜ ਰਾਜੀਵ ਸ਼ੁਕਲਾ ਵੱਲੋਂ ਜਲੰਧਰ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਭਾਜਪਾ ’ਤੇ ਵੱਡੇ ਹਮਲੇ ਕੀਤੇ ਗਏ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਗਾਏ ਗਏ ਜੀ. ਐੱਸ. ਟੀ. ਦੇ ਕਾਰਨ ਦੁਕਾਨਦਾਰ ਬੇਹੱਦ ਦੁਖੀ ਹਨ। ਹਰ ਵਿਅਕਤੀ ਅੱਜ ਪਰੇਸ਼ਾਨ ਹੋ ਚੁੱਕਾ ਹੈ। ਹਰ ਵਪਾਰੀ ਨੂੰ ਤੰਗ ਕਰਕੇ ਰੱਖਿਆ ਹੋਇਆ ਹੈ। ਕੋਰੋਨਾ ਦੌਰਾਨ ਵੀ ਲਾਕਡਾਊਨ ਉਂਝ ਹੀ ਲਗਾ ਦਿੱਤਾ ਗਿਆ ਪਰ ਕੇਂਦਰ ਸਰਕਾਰ ਨੇ ਕੁਝ ਨਹੀਂ ਦਿੱਤਾ। ਨੋਟਬੰਦੀ ਦੌਰਾਨ ਆਮ ਲੋਕਾਂ ਦਾ ਬੇਹੱਦ ਬੁਰਾ ਹਾਲ ਕੀਤਾ ਗਿਆ। ਸਮਾਜ ਦੇ ਹਰ ਵਰਗ ਨੂੰ ਕੇਂਦਰ ਸਰਕਾਰ ਨੇ ਬੁਰੇ ਹਾਲਾਤ ’ਚ ਪਹੁੰਚਾਇਆ। ਜਲੰਧਰ ਦੇ ਵਿੱਚ ਪਹੁੰਚੇ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਲੀਡਰ ਰਾਜੀਵ ਸ਼ੁਕਲਾ ਨੇ ਕਿਸਾਨਾਂ ਦੇ ਉੱਪਰ ਇਕ ਕਿਤਾਬ ਨੂੰ ਰਿਲੀਜ਼ ਕੀਤਾ, ਜਿਸ ਵਿੱਚ ਕਿਸਾਨਾਂ ਦੀ ਆਮਦਨ ਨੂੰ ਲੈ ਕੇ ਭਾਜਪਾ 'ਤੇ ਨਿਸ਼ਾਨੇ ਲਗਾਏ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਵੀਡੀਓ ਵੀ ਜਾਰੀ ਕੀਤੀ, ਜਿਸ ਵਿੱਚ ਦੇਸ਼ ਦੇ ਕਿਸਾਨਾਂ ਦੀ ਮੌਜੂਦਾ ਹਾਲਤ ਬਾਰੇ ਜਾਣਕਾਰੀ ਦਿੱਤੀ ਗਈ।
ਇਹ ਵੀ ਪੜ੍ਹੋ: ਠੰਡ ਤੋਂ ਬਚਾਉਣ ਲਈ ਬਾਲੀ ਅੱਗ ਨੇ ਤਬਾਹ ਕੀਤੀਆਂ ਖ਼ੁਸ਼ੀਆਂ, ਡੇਢ ਸਾਲਾ ਬੱਚੇ ਦੀ ਦਰਦਨਾਕ ਮੌਤ
ਰਾਜੀਵ ਸ਼ੁਕਲਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ 2016 ਵਿਚ ਇਹ ਵਾਅਦਾ ਕੀਤਾ ਸੀ ਕਿ 2022 ਤਕ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿੱਤੀ ਜਾਵੇਗੀ ਪਰ ਦੇਸ਼ ਦੇ ਹਾਲਾਤ ਅੱਜ ਇਹ ਹਨ ਕਿ ਕਿਸਾਨਾਂ ਦੀ ਆਮਦਨ ਤਾਂ ਦੁੱਗਣੀ ਨਹੀਂ ਹੋਈ ਪਰ ਉਨ੍ਹਾਂ ਦਾ ਦਰਦ ਸੌ ਗੁਣਾ ਹੋ ਚੁੱਕਿਆ ਹੈ। ਕਿਸਾਨਾਂ ਦੇ ਹਾਲਾਤ ਬਿਆਨ ਕਰਦੇ ਹੋਏ ਰਾਜੀਵ ਸ਼ੁਕਲਾ ਨੇ ਕਿਹਾ ਕਿ ਮੋਦੀ ਸਰਕਾਰ ਦੇ ਘਮੰਡ ਨੇ 700 ਦੇ ਕਰੀਬ ਕਿਸਾਨਾਂ ਦੀ ਜਾਨ ਲੈ ਲਈ। ਸੜਕ ’ਤੇ ਜਦੋਂ ਜਨਤਾ ਉਤਰੀ ਤਾਂ ਮੋਦੀ ਸਰਕਾਰ ਡਰ ਗਈ। ਮੋਦੀ ਸਰਕਾਰ ਦੇ ਕਾਰਨ ਕਿਸਾਨ, ਵਪਾਰੀ, ਨੌਕਰੀਪੇਸ਼ਾ ਹਰ ਵਰਗ ਪਰੇਸ਼ਾਨ ਹੈ। ਇਸ ਮੌਕੇ ਉਨ੍ਹਾਂ ਵੱਲੋਂ ਕਿਸਾਨਾਂ ਦੀ ਸਥਿਤੀ ਨੂੰ ਲੈ ਕੇ ਬੁੱਕਲੈੱਟ ਜਾਰੀ ਕੀਤੀ ਗਈ।
ਇਹ ਵੀ ਪੜ੍ਹੋ: ਪਰਗਟ ਸਿੰਘ ਦਾ ਵੱਡਾ ਐਲਾਨ, ਨਵੀਂ ਸਰਕਾਰ ਬਣਨ ਤੋਂ ਪਹਿਲਾਂ 36 ਹਜ਼ਾਰ ਮੁਲਾਜ਼ਮ ਹੋਣਗੇ ਪੱਕੇ, ਕੈਪਟਨ ਨੂੰ ਦਿੱਤਾ ਚੈਲੇਂਜ
ਉਥੇ ਹੀ ਰਾਜੀਵ ਸ਼ੁਕਲਾ ਨੇ ਦੋ ਗਾਰੰਟੀਆਂ ਦਿੰਦੇ ਹੋਏ ਕਿਹਾ ਕਿ ਲੋਕਾਂ ਦੇ ਮਨਾਂ ’ਚ ਡਰ ਹੈ ਕਿ ਕਿਤੇ ਅੱਤਵਾਦ ਵਾਲਾ ਪੁਰਾਣਾ ਦੌਰ ਨਾ ਵਾਪਸ ਆ ਜਾਵੇ। ਉਨ੍ਹਾਂ ਕਿਹਾ ਕਿ ਸਾਡੀ ਸਕਕਾਰ ਜੇਕਰ ਦੋਬਾਰਾ ਆਉਂਦੀ ਹੈ ਤਾਂ ਕਿਸੇ ਵੀ ਕੀਮਤ ’ਚ ਅੱਤਵਾਦ ਵਾਪਸ ਨਹੀਂ ਆਵੇਗਾ। ਦੂਜੀ ਗਾਰੰਟੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਮਾਜ ’ਚ ਕਦੇ ਵੀ ਸੁੱਖ ਸ਼ਾਂਤੀ ਖ਼ਤਮ ਨਹੀਂ ਹੋਣ ਦਿੱਤੀ ਜਾਵੇਗੀ। ਅੱਤਵਾਦ ਰਹਿਤ ਪੰਜਾਬ ਬਣੇਗਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸੀ. ਐੱਮ. ਚਰਨਜੀਤ ਸਿੰਘ ਚੰਨੀ ਨਵਜੋਤ ਸਿੱਧੂ ਅਤੇ ਸੁਨੀਲ ਜਾਖੜ 'ਤੇ ਕੀਤੀ ਗਈ ਵਿਵਾਦਤ ਟਿੱਪਣੀ 'ਤੇ ਜਵਾਬ ਦਿੰਦੇ ਹੋਏ ਰਾਜੀਵ ਸ਼ੁਕਲਾ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਰਾਜਨੀਤੀ ਵਿੱਚ ਅਜਿਹੇ ਸ਼ਬਦ ਨਹੀਂ ਵਰਤਣੇ ਚਾਹੀਦੇ, ਜਲਦ ਹੀ ਉਹ ਆਪਣੇ ਸ਼ਬਦ ਵਾਪਸ ਲੈਣ।
ਭਾਜਪਾ ਕਰ ਰਹੀ ਬਦਲਾਖ਼ੋਰੀ ਦੀ ਰਾਜਨੀਤੀ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ 'ਤੇ ਹੋਈ ਈ. ਡੀ. ਦੀ ਰੇਡ 'ਤੇ ਕਾਂਗਰਸ ਦੇ ਸੀਨੀਅਰ ਲੀਡਰ ਨੇ ਕਿਹਾ ਕਿ ਭਾਜਪਾ ਸਿਰਫ਼ ਬਦਲਾਖ਼ੋਰੀ ਦੀ ਰਾਜਨੀਤੀ ਕਰ ਰਹੀ ਹੈ। ਰਾਜੀਵ ਸ਼ੁਕਲਾ ਨੇ ਕਿਹਾ ਕਿ 2018ਵਿਚ ਜੋ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ, ਉਸ ਵਿਚ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਦਾ ਨਾਮ ਸ਼ਾਮਲ ਨਹੀਂ ਸੀ ਪਰ ਇਸ ਦੇ ਬਾਵਜੂਦ ਸਿਆਸੀ ਰੰਜਿਸ਼ ਤਹਿਤ ਭਾਜਪਾ ਵੱਲੋਂ ਚਰਨਜੀਤ ਦੇ ਭਤੀਜੇ 'ਤੇ ਰੇਡ ਕੀਤੀ ਗਈ। ਕਾਂਗਰਸ ਲੀਡਰ ਨੇ ਕੇਂਦਰ ਸਰਕਾਰ 'ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਚੋਣਾਂ ਨੇੜੇ ਹੀ ਕਿਉਂ ਛਾਪੇ ਮਾਰੇ ਜਾਂਦੇ ਹਨ। ਇਸ ਤੋਂ ਪਹਿਲਾਂ ਈ. ਡੀ. ਕਿੱਥੇ ਸੀ। ਉਨ੍ਹਾਂ ਨੇ ਕਿਹਾ ਕਿ ਜਿਸ ਸੂਬੇ ਵਿੱਚ ਵੀ ਚੋਣਾਂ ਹੋਈਆਂ, ਕੇਂਦਰ ਦੀ ਮੋਦੀ ਸਰਕਾਰ ਨੇ ਉਸੇ ਸੂਬੇ ਵਿੱਚ ਈ. ਡੀ. ਇਨਕਮ ਟੈਕਸ ਦੀ ਗਲਤ ਵਰਤੋਂ ਕਰਕੇ ਵਿਰੋਧੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਇਸ ਦਾ ਜਵਾਬ ਜਨਤਾ ਦੇਵੇਗੀ ਜਿਵੇਂ ਪੱਛਮੀ ਬੰਗਾਲ ਅਤੇ ਮਹਾਰਾਸ਼ਟਰ ਵਿੱਚ ਦਿੱਤਾ, ਉਸੇ ਤਰ੍ਹਾਂ ਪੰਜਾਬ ਵਿੱਚ ਵੀ ਜਨਤਾ ਕਾਂਗਰਸ ਦੇ ਹੱਕ ਵਿਚ ਵੋਟਾਂ ਪਾ ਕੇ ਭਾਜਪਾ ਨੂੰ ਜਵਾਬ ਦੇਵੇਗੀ।
ਇਹ ਵੀ ਪੜ੍ਹੋ: ਭਗਵੰਤ ਮਾਨ ਨੂੰ CM ਚਿਹਰਾ ਐਲਾਨਣ 'ਤੇ ਬੋਲੇ ਰੰਧਾਵਾ, 'ਮਾਨ ਨਹੀਂ ਹਨ ਗੰਭੀਰ ਸ਼ਖ਼ਸੀਅਤ'
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ