ਟਾਈਟਲਰ ਦੇ ਖੁਲਾਸੇ ''ਤੇ ਰਾਜੀਵ ਗਾਂਧੀ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਦਿੱਲੀ ਕਮੇਟੀ ਨੇ ਕੀਤੀ ਵਕਾਲਤ
Tuesday, Jan 30, 2018 - 06:59 AM (IST)
ਜਲੰਧਰ(ਚਾਵਲਾ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੋਂ ਭਾਰਤ ਰਤਨ ਖ਼ਿਤਾਬ ਵਾਪਸ ਲੈਣ ਦੀ ਮੰਗ ਕੀਤੀ ਹੈ । ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵੱਲੋਂ 1984 ਸਿੱਖ ਕਤਲੇਆਮ ਦੌਰਾਨ ਰਾਜੀਵ ਗਾਂਧੀ ਸਬੰਧੀ ਮੀਡੀਆ ਰਾਹੀਂ ਸਾਹਮਣੇ ਆਏ ਖੁਲਾਸੇ ਤੋਂ ਬਾਅਦ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ 33 ਸਾਲ ਬਾਅਦ ਟਾਈਟਲਰ ਵੱਲੋਂ ਕੀਤੇ ਗਏ ਖੁਲਾਸੇ 'ਤੇ ਸਵਾਲ ਵੀ ਚੁੱਕੇ ਹਨ। ਜੀ. ਕੇ. ਨੇ ਪੁੱਛਿਆ ਕਿ ਮਹਾਤਮਾ ਗਾਂਧੀ ਦਾ ਕਤਲ ਇਕ ਮਰਾਠੇ ਵੱਲੋਂ ਕਰਨ ਉਪਰੰਤ ਮਰਾਠਿਆਂ ਦਾ ਕਤਲੇਆਮ ਨਹੀਂ ਹੋਇਆ ਸੀ ਜਦਕਿ ਇੰਦਰਾ ਗਾਂਧੀ ਦੇ ਕਤਲ ਉਪਰੰਤ ਸਿੱਖਾਂ ਦਾ ਕਤਲੇਆਮ ਹੋਇਆ ਸੀ। ਉਨ੍ਹਾਂ ਕਿਹਾ ਕਿ ਟਾਈਟਲਰ ਦੇ ਖੁਲਾਸੇ ਤੋਂ ਇਕ ਗੱਲ ਸਾਬਤ ਹੁੰਦੀ ਹੈ ਕਿ ਰਾਜੀਵ ਗਾਂਧੀ ਨੂੰ ਕਤਲੇਆਮ ਦੀ ਵਿਉਂਤਬੰਦੀ ਦੀ ਪੂਰੀ ਜਾਣਕਾਰੀ ਸੀ। ਇਹੋ ਕਾਰਨ ਸੀ ਕਿ ਦਿੱਲੀ ਕੈਂਟ 'ਚ ਫੌਜ ਹੋਣ ਦੇ ਬਾਵਜੂਦ 3 ਦਿਨ ਬਾਅਦ ਮੇਰਠ ਕੈਂਟ ਤੋਂ ਫੌਜ ਬੁਲਾਈ ਗਈ । ਇਨ੍ਹਾਂ 3 ਦਿਨਾਂ ਦੌਰਾਨ ਸਿੱਖਾਂ ਦੇ ਜਾਨ-ਮਾਲ ਨੂੰ ਕਾਂਗਰਸੀ ਆਗੂਆਂ ਨੇ ਜਮ ਕੇ ਪੈਰਾਂ 'ਚ ਰੋਲਿਆ। ਉਨ੍ਹਾਂ ਕਿਹਾ ਕਿ ਦੂਰਦਰਸ਼ਨ ਟੀ. ਵੀ. ਚੈਨਲ 'ਤੇ ਰਾਜੀਵ ਗਾਂਧੀ ਨੇ 'ਜਬ ਬੜਾ ਪੇੜ ਗਿਰਤਾ...' ਦੀ ਗੱਲ ਕਰਕੇ ਕਾਂਗਰਸੀਆਂ ਨੂੰ ਅਸਿੱਧੇ ਤੌਰ 'ਤੇ ਸਿੱਖਾਂ ਦਾ ਕਤਲ ਕਰਨ ਦਾ ਲਾਇਸੈਂਸ ਦੇ ਦਿੱਤਾ ਸੀ । ਜੀ. ਕੇ. ਨੇ ਸੰਭਾਵਨਾ ਪ੍ਰਗਟਾਈ ਕਿ ਟਾਈਟਲਰ ਦਾ ਇਹ ਖੁਲਾਸਾ ਸਿੱਧੇ ਤੌਰ 'ਤੇ ਗਾਂਧੀ ਪਰਿਵਾਰ ਨੂੰ ਇਸ਼ਾਰਾ ਦੇਣ ਦੀ ਕੋਸ਼ਿਸ਼ ਲੱਗਦਾ ਹੈ ਕਿ ਜਾਂ ਤਾਂ ਮੈਨੂੰ ਬਚਾਓ ਨਹੀਂ ਤਾਂ ਮੈਂ ਸਾਰੇ ਭੇਦ ਖੋਲ੍ਹ ਦੇਵਾਂਗਾ। ਸਿਰਸਾ ਨੇ ਸੰਸਦ ਮੈਂਬਰ ਨੂੰ ਰਾਜੀਵ ਗਾਂਧੀ ਤੋਂ ਭਾਰਤ ਰਤਨ ਖ਼ਿਤਾਬ ਵਾਪਸ ਲੈਣ ਦੀ ਮੰਗ ਚੁੱਕਣ ਦੀ ਅਪੀਲ ਕਰਦੇ ਹੋਏ ਟਾਈਟਲਰ ਦੀ ਇਸ ਮਾਮਲੇ 'ਤੇ 33 ਸਾਲ ਚੁੱਪ ਰਹਿਣ ਨੂੰ ਗੈਰ-ਮਾਮੂਲੀ ਘਟਨਾ ਦੱਸਿਆ । ਉਨ੍ਹਾਂ ਕਿਹਾ ਕਿ ਟਾਈਟਲਰ ਨੇ ਇਸ ਮਸਲੇ 'ਤੇ ਕਿਸੇ ਜਾਂਚ ਏਜੰਸੀ, ਪੁਲਸ ਜਾਂ ਕਮਿਸ਼ਨ ਨੂੰ ਇਸ ਬਾਬਤ ਕੋਈ ਜਾਣਕਾਰੀ ਅੱਜ ਤਕ ਨਹੀਂ ਦਿੱਤੀ ਸੀ। ਇਸ ਲਈ ਟਾਈਟਲਰ ਦੇ ਖੁਲਾਸੇ 'ਤੇ ਦਿੱਲੀ ਪੁਲਸ ਨੂੰ ਟਾਈਟਲਰ ਨੂੰ ਸੰਮਨ ਭੇਜ ਕੇ ਸਾਰੇ ਰਿਕਾਰਡ ਦੀ ਪੜਤਾਲ ਕਰਨੀ ਚਾਹੀਦੀ ਹੈ। ਪ੍ਰਧਾਨ ਮੰਤਰੀ ਦਫ਼ਤਰ ਤੋਂ ਰਾਜੀਵ ਗਾਂਧੀ ਦੀ ਗੱਡੀ ਦੇ ਦਿੱਲੀ ਘੁੰਮਣ ਸਬੰਧੀ ਤੱਥਾਂ ਨੂੰ ਇਕੱਤਰ ਕਰਕੇ ਤੁਰੰਤ ਸਾਜ਼ਿਸ਼ਕਰਤਾ ਦੇ ਤੌਰ 'ਤੇ ਟਾਈਟਲਰ ਅਤੇ ਰਾਜੀਵ ਗਾਂਧੀ ਖਿਲਾਫ਼ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ। ਸਿਰਸਾ ਨੇ ਇਸ ਸਬੰਧੀ ਸੁਪਰੀਮ ਕੋਰਟ ਦੀ ਨਿਗਰਾਨੀ ਕਮੇਟੀ ਕੋਲ ਪਹੁੰਚ ਕਰਨ ਦਾ ਐਲਾਨ ਕਰਦੇ ਹੋਏ ਸੁਪਰੀਮ ਕੋਰਟ ਦੀ ਐੱਸ. ਆਈ. ਟੀ. ਨੂੰ ਇਸ ਮਾਮਲੇ 'ਤੇ ਧਿਆਨ ਦੇਣ ਦੀ ਅਪੀਲ ਕੀਤੀ । ਸਿਰਸਾ ਨੇ ਦੋਸ਼ ਲਾਇਆ ਕਿ ਰਾਜੀਵ ਗਾਂਧੀ ਨੇ ਦਿੱਲੀ ਦੇ ਸਾਰੇ ਸੰਸਦ ਮੈਂਬਰਾਂ ਨੂੰ ਸਿੱਖਾਂ ਦਾ ਕਤਲੇਆਮ ਕਥਿਤ ਤੌਰ 'ਤੇ ਕਰਨ ਦਾ ਟੀਚਾ ਦਿੱਤਾ ਸੀ। ਸਭ ਤੋਂ ਵੱਧ ਆਪਣੇ ਇਲਾਕੇ 'ਚ ਕਤਲੇਆਮ ਕਰਵਾਉਣ ਵਾਲੇ ਆਗੂਆਂ ਨੂੰ ਉੱਚੇ ਅਹੁਦੇ ਦੇ ਕੇ ਕਥਿਤ ਤੌਰ 'ਤੇ ਬਾਅਦ 'ਚ ਨਿਵਾਜਿਆ ਗਿਆ ਸੀ । ਸਿਰਸਾ ਨੇ ਇਸ ਮਸਲੇ 'ਤੇ ਟਾਈਟਲਰ ਵੱਲੋਂ ਬਹਿਸ ਕਰਨ ਦੀ ਦਿੱਤੀ ਗਈ ਚੁਣੌਤੀ ਨੂੰ ਅਕਾਲੀ ਦਲ ਵੱਲੋਂ ਕਬੂਲ ਕਰਨ ਦਾ ਵੀ ਐਲਾਨ ਕੀਤਾ।
