ਰਾਜਿੰਦਰਾ ਹਸਪਤਾਲ ਦੇ ਡਾਕਟਰ 'ਤੇ ਹਮਲੇ ਤੋਂ ਬਾਅਦ ਮੁਲਾਜ਼ਮਾਂ ਨੇ ਇਸ ਤਰ੍ਹਾਂ ਦਿਖਾਇਆ ਰੋਹ

11/27/2019 3:54:49 PM

ਪਟਿਆਲਾ (ਬਖਸ਼ੀ)—ਪਟਿਆਲਾ ਦੇ ਸਰਕਾਰੀ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਅੱਜ ਡਾਕਟਰਾਂ ਵਲੋਂ ਹਸਪਤਾਲ 'ਚ ਹੜਤਾਲ ਕੀਤੀ ਜਾ ਰਹੀ ਹੈ। ਇਹ ਹੜਤਾਲ ਜੂਨੀਅਰ ਡਾਕਟਰ ਸੌਰਭ ਅਗਰਵਾਲ 'ਤੇ ਹਮਲੇ ਨੂੰ ਲੈ ਕੇ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਜੂਨੀਅਰ ਡਾਕਟਰ ਸੋਰਭ ਅਗਰਵਾਲ 'ਤੇ ਕੱਲ੍ਹ ਸ਼ਾਮ ਨੂੰ ਇਕ ਮਰੀਜ਼ ਵਲੋਂ ਚਾਕੂ ਨਾਲ ਹਮਲੇ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੇ ਰੋਸ ਵਜੋਂ ਅੱਜ ਸਰਕਾਰੀ ਹਸਪਤਾਲ 'ਚ ਡਾਕਟਰਾਂ ਸਮੇਤ ਚੋਥਾ ਦਰਜਾ ਮੁਲਾਜ਼ਮ ਅਤੇ ਨਰਸਾਂ ਵਲੋਂ ਹੜਤਾਲ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਡਾ. ਸੋਰਭ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੱਲ੍ਹ ਜਦੋਂ ਉਹ ਆਪਣੀ ਡਿਊਟੀ ਦੇ ਰਹੇ ਸਨ ਤਾਂ ਇਕ ਵਿਅਕਤੀ ਨੇ ਉਸ ਨੂੰ ਆ ਕੇ ਕਿਹਾ ਕਿ ਆਹ ਪਰਚੀ ਹੈ ਅਤੇ ਉਸ ਦੀ ਐੱਮ.ਐੱਲ.ਆਰ. ਕੱਟੇ, ਜਦੋਂ ਉਨ੍ਹਾਂ ਨੇ ਕਿਹਾ ਕਿ ਕਿਸੇ ਦਾ ਪਲਸਤਰ ਲੱਗਾ ਰਿਹਾ ਹੈ, ਥੋੜ੍ਹਾ ਇੰਤਜ਼ਾਰ ਕਰੋਂ ਪਰ ਇੰਨ੍ਹੇ 'ਚ ਉਸ ਨੇ ਡਾਕਟਰ ਨੂੰ ਕਿਹਾ ਕਿ ਰੁਕ ਮੈਂ ਹੁਣੇ ਆਉਂਦਾ ਅਤੇ ਤੈਨੂੰ ਵੇਖਦਾ। ਸਿਰਫ 5 ਮਿੰਟ ਬਾਅਦ ਹੀ ਉਹ ਆਇਆ ਅਤੇ ਉਸ ਨੇ ਡਾਕਟਰ 'ਤੇ ਚਾਕੂਆਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨੇ ਆਪਣੇ ਆਪ ਨੂੰ ਬੜੀ ਮੁਸ਼ਕਲ ਨਾਲ ਬਚਾਇਆ। ਸਟਾਫ ਨੇ ਉਸ ਵਿਅਕਤੀ ਨੂੰ ਬੜੀ ਮੁਸ਼ਕਲ ਨਾਲ ਕਾਬੂ ਕੀਤਾ ਅਤੇ ਪੁਲਸ ਹਵਾਲੇ ਕਰ ਦਿੱਤਾ।

ਨਰਸਾਂ ਵਲੋਂ ਵੀ ਡਾਕਟਰ ਦੀ ਇਸ ਹੜਤਾਲ ਦਾ ਸਮਰਥਨ ਕੀਤਾ ਗਿਆ ਹੈ। ਉਨ੍ਹਾਂ ਦੀ ਮੰਗ ਹੈ ਕਿ ਹਸਪਤਾਲ ਦੀ ਸੁਰੱਖਿਆ ਰਾਮ ਭਰੋਸੇ ਹਨ। ਇਸ ਲਈ ਵਧ ਤੋਂ ਵਧ ਸੁਰੱਖਿਆ ਕਰਮੀਆਂ ਨੂੰ ਲਗਾਇਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਕੈਮਰੇ ਵੀ ਲੱਗੇ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਮਰੀਜ਼ ਦੇ ਨਾਲ 10 ਵਿਅਕਤੀ ਅੰਦਰ ਆਉਂਦੇ ਹਨ। ਇਨ੍ਹਾਂ ਦੀ ਤਾਦਾਦ ਨੂੰ ਘਟਾ ਕੇ ਸਿਰਫ ਇਕ ਜਾਂ 2 ਨੂੰ ਹੀ ਹਸਪਤਾਲ 'ਚ ਆਉਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ।


Shyna

Edited By Shyna