ਰਾਜਿੰਦਰ ਕੌਰ ਭੱਠਲ ਨੇ ਬੰਬਾਂ ਵਾਲੇ ਬਿਆਨ 'ਤੇ ਤੋੜੀ ਚੁੱਪੀ, ਬੋਲੇ-ਕਿੱਸਾ ਅੱਜ ਤੋਂ 30 ਸਾਲ ਪੁਰਾਣਾ

Sunday, Feb 01, 2026 - 10:12 AM (IST)

ਰਾਜਿੰਦਰ ਕੌਰ ਭੱਠਲ ਨੇ ਬੰਬਾਂ ਵਾਲੇ ਬਿਆਨ 'ਤੇ ਤੋੜੀ ਚੁੱਪੀ, ਬੋਲੇ-ਕਿੱਸਾ ਅੱਜ ਤੋਂ 30 ਸਾਲ ਪੁਰਾਣਾ

ਚੰਡੀਗੜ੍ਹ (ਅੰਕੁਰ) : ਪੰਜਾਬ ’ਚ ਅੱਜ ਜੋ ਹਾਲਾਤ ਬਣੇ ਹੋਏ ਹਨ, ਉਹ ਬਹੁਤ ਹੀ ਚਿੰਤਾਜਨਕ ਹਨ। ਰੋਜ਼ਾਨਾ ਗੈਂਗਵਾਰ ਵੱਧ ਰਹੀ ਹੈ। ਕਾਰੋਬਾਰੀ, ਕਬੱਡੀ ਖਿਡਾਰੀ, ਵਪਾਰੀ ਆਦਿ ਸੁਰੱਖਿਅਤ ਨਹੀਂ ਹਨ। ਕਦੇ ਪੁਲਸ ਚੌਂਕੀਆਂ ’ਤੇ ਬੰਬ ਧਮਾਕੇ ਹੋ ਰਹੇ ਨੇ ਅਤੇ ਕਦੇ ਇਸ ਡਰ ਤੋਂ ਸਕੂਲ ਖ਼ਾਲੀ ਕਰਵਾਏ ਜਾ ਰਹੇ ਹਨ। ਹਰ ਪਾਸੇ ਡਰ ਤੇ ਸਹਿਮ ਦਾ ਮਾਹੌਲ ਹੈ ਪਰ ਆਮ ਆਦਮੀ ਪਾਰਟੀ ਤੇ ਹੋਰ ਸਿਆਸੀ ਧਿਰਾਂ ਨੂੰ ਇਨ੍ਹਾਂ ਵਾਰਦਾਤਾਂ ਤੋਂ ਜ਼ਿਆਦਾ ਜ਼ਰੂਰੀ ਮੇਰਾ ਇਕ ਨਿਜੀ ਚੈੱਨਲ ’ਤੇ ਇੰਟਰਵਿਊ ਦੌਰਾਨ ਦਿੱਤਾ ਗਿਆ ਬਿਆਨ ਲੱਗਦਾ ਹੈ। ਇਹ ਗੱਲ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਸਪੱਸ਼ਟੀਕਰਨ ਦਿੰਦਿਆਂ ਕਹੀ। ਉਨ੍ਹਾਂ ਕਿਹਾ ਕਿ ਉਹ ਸਪੱਸ਼ਟ ਕਰ ਦੇਣਾ ਚਾਹੁੰਦੇ ਹਨ ਕਿ ਜਿਸ ਸਮੇਂ ਦੀ ਉਹ ਗੱਲ ਹੈ, ਉਸ ਸਮੇਂ ਪੰਜਾਬ ’ਚ ਮਾਹੌਲ ਕੀ ਸੀ। ਇਹ ਸਾਰੇ ਚੰਗੀ ਤਰ੍ਹਾਂ ਜਾਣਦੇ ਹਨ ਕਿ ਪੰਜਾਬ ਕਾਲੇ ਦੌਰ ਤੋਂ ਅਜੇ ਨਿਕਲ ਹੀ ਰਿਹਾ ਸੀ।

ਇਹ ਵੀ ਪੜ੍ਹੋ : 'ਪ੍ਰਧਾਨ ਮੰਤਰੀ 1 ਫਰਵਰੀ ਨੂੰ ਹੀ ਪੰਜਾਬ ਆ ਰਹੇ', ਸੁਨੀਲ ਜਾਖੜ ਨੇ ਵਿਰੋਧੀਆਂ 'ਤੇ ਕੱਸਿਆ ਤੰਜ (ਵੀਡੀਓ)

ਉਸੇ ਤਰ੍ਹਾਂ ਦੇ ਹਾਲਾਤ ਹੀ ਅੱਜ ਬਣਦੇ ਜਾ ਰਹੇ ਹਨ। ਮੈਂ ਅੱਜ ਦੇ ਹਾਲਾਤ ਨੂੰ ਵੇਖਦਿਆਂ ਪੰਜਾਬ ਦੀ ਬਿਹਤਰੀ ਲਈ ਸਰਕਾਰ ਨੂੰ ਉਦਾਹਰਣ ਦੇਣ ਲਈ ਇਕ ਪੁਰਾਣਾ ਕਿੱਸਾ ਸਾਂਝਾ ਕੀਤਾ ਸੀ ਤਾਂ ਜੋ ਪੰਜਾਬ ’ਚ ਦੁਬਾਰਾ ਕਿਤੇ ਮਾਹੌਲ ਖ਼ਰਾਬ ਨਾ ਹੋ ਜਾਵੇ ਪਰ ਕੁੱਝ ਸਿਆਸੀ ਵਿਰੋਧੀਆਂ ਨੇ ਇਸ ਨੂੰ ਕੋਈ ਹੋਰ ਹੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਕਿੱਸਾ ਅੱਜ ਤੋਂ ਤਕਰੀਬਨ 30 ਸਾਲ ਪੁਰਾਣਾ ਹੈ। ਮੇਰੀ ਉਮਰ ’ਚ ਤਾਂ ਵੈਸੇ ਹੀ ਕੁੱਝ ਚੀਜਾਂ ਯਾਦ ਨਹੀਂ ਰਹਿੰਦੀਆਂ ਅਤੇ ਸ਼ਾਇਦ ਉਨ੍ਹਾਂ ਸਮਿਆਂ ’ਚੋਂ ਬਹੁਤ ਸਾਰੇ ਲੋਕ ਤਾਂ ਦੁਨੀਆ ’ਚ ਹੀ ਨਾ ਹੋਣ। ਜ਼ਰੂਰੀ ਗੱਲ ਇਹ ਹੈ ਕੇ ਸੂਬੇ ਦਾ ਮੁਖੀ ਹੋਣ ਦੇ ਨਾਤੇ ਮੇਰਾ ਜੋ ਫਰਜ਼ ਬਣਦਾ ਸੀ, ਮੈਂ ਉਹ ਬਾਖੂਬੀ ਨਿਭਾਇਆ। ਵਿਰੋਧੀਆਂ ਵਲੋਂ ਜਾਣ-ਬੁੱਝ ਕੇ ਕਾਂਗਰਸ ਪਾਰਟੀ ਨੂੰ ਢਾਹ ਲਾਉਣ ਅਤੇ ਮੇਰੇ ਅਕਸ ਨੂੰ ਢਾਹ ਲਾਉਣ ਲਈ ਇਸ ਗੱਲ ਨੂੰ ਸਿਆਸੀ ਰੰਗਤ ਦੇ ਕੇ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ। ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਸਿੱਖਿਆ ਵਿਭਾਗ ਵਲੋਂ 9ਵੀਂ ਤੇ 11ਵੀਂ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ, ਜਾਣੋ ਕਦੋਂ ਸ਼ੁਰੂ ਹੋਣਗੇ ਪੇਪਰ

ਉਨ੍ਹਾਂ ਕਿਹਾ ਕਿ ਪੰਜਾਬ ਦੀ ਅਮਨ-ਸ਼ਾਂਤੀ ਲਈ ਜੇਕਰ ਮੈਨੂੰ ਨਿੱਜੀ ਨੁਕਸਾਨ ਝੱਲ ਕੇ ਕੋਈ ਕੁਰਬਾਨੀ ਦੇਣੀ ਪੈਂਦੀ ਵੀ ਹੈ ਤਾਂ ਮੈਂ ਆਪਣੇ ਲੋਕਾਂ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹਾਂ ਪਰ ਪੰਜਾਬ ਨੂੰ ਮੁੜ ਉਸ ਕਾਲੇ ਦੌਰ ਵੱਲ ਵੱਧ ਰਿਹਾ ਵੇਖ ਕੇ ਮੈਂ ਤਮਾਸ਼ਬੀਨ ਨਹੀਂ ਬਣ ਸਕਦੀ। ਦੂਸਰਾ ਜੋ ਸੁਖਬੀਰ ਬਾਦਲ ਬਾਰੇ ਬਿਆਨ ਦਿੱਤਾ ਹੈ, ਉਹ ਇਕ ਪੱਤਰਕਾਰ ਵਲੋਂ ਵਿਰੋਧੀ ਲੀਡਰਾਂ ਬਾਰੇ ਸਵਾਲ ਪੁੱਛੇ ਜਾਣ ’ਤੇ ਜਵਾਬ ਦਿੱਤਾ ਸੀ ਕਿ ਸੁਖਬੀਰ ਬਾਦਲ ’ਚ ਬਹੁਤ ਬਦਲਾਅ ਨਜ਼ਰ ਆਉਂਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਸਰਕਾਰ ਹੀ ਬਣਾ ਜਾਵੇਗਾ। ਅੱਜ ਸਾਫ਼ ਨਜ਼ਰ ਆ ਰਿਹਾ ਹੈ ਕਿ ਪੰਜਾਬ ’ਚ ਕਾਂਗਰਸ ਪਾਰਟੀ ਦੀ ਸਰਕਾਰ ਦੀ ਬਹੁਤ ਲੋੜ ਹੈ ਅਤੇ ਅਸੀਂ ਸਾਰੇ ਦਿਨ-ਰਾਤ ਇਕ ਕਰਕੇ ਸੂਬੇ ਦੀ ਬਿਹਤਰੀ ਲਈ ਪੰਜਾਬ ’ਚ ਕਾਂਗਰਸ ਪਾਰਟੀ ਦੀ ਸਰਕਾਰ ਬਣਾ ਕੇ ਸੂਬੇ ਨੂੰ ਮੁੜ ਖੁਸ਼ਹਾਲੀ ਅਤੇ ਤਰੱਕੀ ਦੀ ਰਾਹ ’ਤੇ ਲੈ ਕੇ ਆਵਾਂਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News