ਦੁਬਈ ਵਾਲੇ ਸਰਦਾਰ ਨੇ ਪੁਗਾਏ ਆਪਣੇ ਬੋਲ, 5 ਹੋਰ ਨੌਜਵਾਨ ਦੁਬਈ ਤੋਂ ਭੇਜੇ ਵਾਪਸ

Thursday, Mar 05, 2020 - 04:31 PM (IST)

ਦੁਬਈ ਵਾਲੇ ਸਰਦਾਰ ਨੇ ਪੁਗਾਏ ਆਪਣੇ ਬੋਲ, 5 ਹੋਰ ਨੌਜਵਾਨ ਦੁਬਈ ਤੋਂ ਭੇਜੇ ਵਾਪਸ

ਰਾਜਾਸਾਂਸੀ (ਨਿਰਵੈਲ) : ਦੁਬਈ 'ਚ ਪਾਕਿਸਤਾਨੀ ਕੰਪਨੀ ਮਾਲਕ ਵਲੋਂ ਧੋਖਾ ਦਿੱਤੇ ਜਾਣ ਤੋਂ ਬਾਅਦ ਲਵਾਰਿਸਾਂ ਵਾਂਗ ਰੁਲਣ ਲਈ ਮਜ਼ਬੂਰ ਹੋਏ 29 ਭਾਰਤੀ ਨੌਜਵਾਨਾਂ ਨੂੰ ਆਪਣੇ ਖਰਚੇ 'ਤੇ ਵਾਪਸ ਭੇਜਣ ਦਾ ਬੀੜਾ ਚੁੱਕਣ ਵਾਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ. ਸਿੰਘ ਓਬਰਾਏ ਨੇ ਅੱਜ ਬਾਕੀ 5 ਨੌਜਵਾਨ ਵੀ ਦੁਬਈ ਤੋਂ ਵਾਪਸ ਵਤਨ ਭੇਜ ਕੇ ਆਪਣੇ ਆਪਣੇ ਕਹੇ ਬੋਲ ਪੁਗਾ ਦਿੱਤੇ ਹਨ। ਜਾਣਕਾਰੀ ਮੁਤਾਬਕ ਡਾ.ਐੱਸ.ਪੀ. ਸਿੰਘ ਓਬਰਾਏ ਦੇ ਵਿਸ਼ੇਸ਼ ਯਤਨਾਂ ਸਦਕਾ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਹੁੰਚੇ ਨੌਜਵਾਨਾਂ ਨੂੰ ਹਵਾਈ ਅੱਡੇ ਤੋਂ ਲੈਣ ਲਈ ਉਚੇਚੇ ਤੌਰ 'ਤੇ ਪਹੁੰਚੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮਾਝਾ ਜੋਨ ਦੇ ਸਲਾਹਕਾਰ ਸੁਖਦੀਪ ਸਿੱਧੂ, ਜ਼ਿਲਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ, ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ, ਖਜ਼ਾਨਚੀ ਨਵਜੀਤ ਸਿੰਘ ਘਈ ਆਦਿ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੁਬਈ ਦੀ ਮਦਾਰ ਅਲ-ਫਲਕ ਨਾਮੀ ਇਕ ਕੰਪਨੀ ਨੇ ਇਨ੍ਹਾਂ ਨੂੰ ਸਕਿਓਰਿਟੀ ਦੇ ਕੰਮ ਲਈ ਭਾਰਤ ਤੋਂ ਦੁਬਈ ਸੱਦਿਆ ਸੀ ਪਰ ਥੋੜ੍ਹੇ ਸਮੇਂ ਬਾਅਦ ਹੀ ਪਾਕਿਸਤਾਨ ਨਾਲ ਸਬੰਧਤ ਕੰਪਨੀ ਮਾਲਕ ਉਕਤ ਨੌਜਵਾਨਾਂ ਨੂੰ ਕਈ ਮਹੀਨਿਆਂ ਦੀ ਤਨਖਾਹ ਦਿੱਤੇ ਬਿਨ੍ਹਾਂ ਹੀ ਆਪਣੀ ਕੰਪਨੀ ਨੂੰ ਬੰਦ ਕਰ ਕੇ ਭੱਜ ਗਿਆ ਸੀ। ਜਿਸ ਕਾਰਨ ਬਹੁਤ ਸਾਰੇ ਨੌਜਵਾਨਾਂ ਨੂੰ ਸੜਕਾਂ 'ਤੇ ਰੁਲਣ ਲਈ ਮਜਬੂਰ ਹੋਣਾ ਪਿਆ ਸੀ ।

ਉਨ੍ਹਾਂ ਦੱਸਿਆ ਉਕਤ ਨੌਜਵਾਨਾਂ ਦੇ ਡਾ. ਓਬਰਾਏ ਦੇ ਸੰਪਰਕ 'ਚ ਆਉਣ ਤੋਂ ਬਾਅਦ ਸਭ ਤੋਂ ਉਨ੍ਹਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਜਿੱਥੇ ਰਹਿਣ ਲਈ ਛੱਤ ਦੇਣ ਤੋਂ ਇਲਾਵਾ ਤਿੰਨ ਸਮੇਂ ਦਾ ਖਾਣਾ ਮੁਹੱਈਆ ਕਰਵਾਇਆ ਉੱਥੇ ਹੀ ਇਨ੍ਹਾਂ ਨੌਜਵਾਨਾਂ ਦੇ ਵਾਪਸ ਆਉਣ ਲਈ ਸਾਰੇ ਲੋੜੀਂਦੇ ਜ਼ਰੂਰੀ ਕਾਗਜ਼ਾਤ ਮੁਕੰਮਲ ਕਰਨ ਤੋਂ ਬਾਅਦ ਦੁਬਈ ਤੋਂ ਭਾਰਤ ਦੀਆਂ ਹਵਾਈ ਟਿਕਟਾਂ, ਜੁਰਮਾਨੇ, ਓਵਰਸਟੇਅ ਦਾ ਸਾਰਾ ਖਰਚਾ ਵੀ ਖੁਦ ਕਰਕੇ ਅੱਜ ਆਪਣੇ ਕਹੇ ਬੋਲਾਂ ਨੂੰ ਪੁਗਾਉਂਦਿਆਂ ਹੋਇਆਂ ਸਾਰੇ ਦੇ ਸਾਰੇ 29 ਨੌਜਵਾਨਾਂ ਨੂੰ ਵਾਪਸ ਉਨ੍ਹਾਂ ਦੇ ਘਰਾਂ 'ਚ ਪਹੁੰਚਾ ਦਿੱਤਾ ਹੈ।

ਦੁਬਈ ਤੋਂ ਵਤਨ ਪੁੱਜੇ ਊਨਾ (ਹਿਮਾਚਲ ਪ੍ਰਦੇਸ਼) ਦੇ ਨੌਜਵਾਨ ਨੀਰਜ ਕੁਮਾਰ, ਜ਼ਿਲਾ ਰੋਪੜ ਦੇ ਦਰਸ਼ਨਪ੍ਰੀਤ ਸਿੰਘ ਤੇ ਅਜੇ ਕੁਮਾਰ, ਫਤਿਹਗੜ੍ਹ ਸਾਹਿਬ ਦੇ ਲਵਪ੍ਰੀਤ ਸਿੰਘ ਜਦ ਕਿ ਮੁਹਾਲੀ ਦੇ ਉਮੇਸ਼ ਕੁਮਾਰ ਨੇ ਨਮ ਅੱਖਾਂ ਨਾਲ ਆਪਣੇ ਨਾਲ ਵਾਪਰੇ ਘਟਨਾਕ੍ਰਮ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਮਾਪਿਆਂ ਨੇ ਕਰਜ਼ਾ ਚੁੱਕ ਕੇ ਉਨ੍ਹਾਂ ਨੂੰ ਸੁਨਹਿਰੀ ਭਵਿੱਖ ਲਈ ਵਿਦੇਸ਼ ਭੇਜਿਆ ਸੀ ਪਰ ਜੋ ਕੁਝ ਉਥੇ ਉਨ੍ਹਾਂ ਨਾਲ ਵਾਪਰਿਆ ਉਸ ਨੂੰ ਸੋਚ ਕੇ ਹੁਣ ਵੀ ਉਨ੍ਹਾਂ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਡਾ.ਐੱਸ.ਪੀ.ਸਿੰਘ ਓਬਰਾਏ ਇਸ ਔਖੇ ਸਮੇਂ 'ਚ ਉਨ੍ਹਾਂ ਦੀ ਬਾਂਹ ਨਾ ਫੜਦੇ ਤਾਂ ਉਹ ਕਦੇ ਵੀ ਵਾਪਸ ਆਪਣੇ ਮਾਪਿਆਂ ਕੋਲ ਨਹੀਂ ਆ ਸਕਦੇ ਸਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕੁੱਲ 29 ਨੌਜਵਾਨਾਂ 'ਚੋਂ ਪੰਜਾਬ ਦੇ 18, ਹਰਿਆਣਾ ਦੇ 6, ਹਿਮਾਚਲ ਦੇ 4 ਅਤੇ ਦਿੱਲੀ 1 ਨੌਜਵਾਨ ਸ਼ਾਮਲ ਸੀ। ਇਸ ਮੌਕੇ ਉਕਤ ਨੌਜਵਾਨਾਂ ਦੇ ਮਾਪਿਆਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਢਿੱਲੋਂ ਵੀ ਮੌਜੂਦ ਸਨ ।


author

Baljeet Kaur

Content Editor

Related News