ਰਾਜਾ ਵੜਿੰਗ ਨੇ ਬਚਾਇਆ ਕਾਂਗਰਸ ਦਾ ਕਿਲ੍ਹਾ! ਲੁਧਿਆਣਾ ''ਚ ਬਿੱਟੂ ਨੂੰ 20 ਹਜ਼ਾਰ ਵੋਟਾਂ ਨਾਲ ਦਿੱਤੀ ਸ਼ਿਕਸਤ
Tuesday, Jun 04, 2024 - 07:44 PM (IST)
ਲੁਧਿਆਣਾ (ਵੈੱਬ ਡੈਸਕ): ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਦਾ ਐਲਾਨ ਹੋਣਾ ਸ਼ੁਰੂ ਹੋ ਗਿਆ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਸੀਟ ਫ਼ਤਿਹ ਕਰ ਕੇ ਪਾਰਟੀ ਦਾ ਕਿਲ੍ਹਾ ਕਾਇਮ ਰੱਖਣ ਵਿਚ ਕਾਮਯਾਬ ਹੋਏ ਹਨ। ਕਾਂਗਰਸ ਨੇ ਲੁਧਿਆਣਾ ਤੋਂ ਪਿਛਲੀਆਂ 5 ਵਿਚੋਂ 4 ਲੋਕ ਸਭਾ ਚੋਣਾਂ ਵਿਚ ਜਿੱਤ ਹਾਸਲ ਕੀਤੀ ਸੀ। ਕਾਂਗਰਸ ਨੂੰ ਇੱਥੇ ਆਖ਼ਰੀ ਵਾਰ 2004 ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸ਼ਰਨਜੀਤ ਸਿੰਘ ਢਿੱਲੋਂ ਜੇਤੂ ਰਹੇ ਸਨ। ਉਸ ਮਗਰੋਂ 2009 ਵਿਚ ਮਨੀਸ਼ ਤਿਵਾੜੀ ਅਤੇ 2014 ਤੇ 2019 ਵਿਚ ਰਵਨੀਤ ਸਿੰਘ ਬਿੱਟੂ ਜੇਤੂ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ - ਰਾਜਾ ਵੜਿੰਗ ਨੇ ਬਿੱਟੂ ਨੂੰ 20 ਹਜ਼ਾਰ ਵੋਟਾਂ ਨਾਲ ਦਿੱਤੀ ਸ਼ਿਕਸਤ, ਤੀਜੇ ਨੰਬਰ 'ਤੇ ਰਹੇ ਅਸ਼ੋਕ ਪਰਾਸ਼ਰ ਪੱਪੀ
ਹਾਲਾਂਕਿ ਇਸ ਵਾਰ ਭਾਰਤੀ ਜਨਤਾ ਪਾਰਟੀ ਨੇ ਇਸ ਸੀਟ ਨੂੰ ਜਿੱਤਣ ਲਈ ਕਾਫੀ ਜੋੜ-ਤੋੜ ਲਗਾਏ ਸਨ। ਭਾਜਪਾ ਨੇ ਲੋਕ ਸਭਾ ਚੋਣਾਂ 2024 ਤੋਂ ਕੁਝ ਦਿਨ ਪਹਿਲਾਂ ਹੀ ਮੌਜੂਦਾ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਆਪਣੀ ਪਾਰਟੀ ਵਿਚ ਸ਼ਾਮਲ ਕਰ ਲਿਆ ਸੀ। ਇਸ ਤੋਂ ਇਲਾਵਾ ਉੱਥੇ ਚੰਗਾ ਰਸੂਖ਼ ਰੱਖਣ ਵਾਲੇ ਬੈਂਸ ਭਰਾਵਾਂ ਨੂੰ ਵੀ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ, ਹਾਲਾਂਕਿ ਬੈਂਸ ਭਰਾ ਆਖ਼ਰੀ ਸਮੇਂ 'ਤੇ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਸੀਟ 'ਤੇ ਚੋਣ ਪ੍ਰਚਾਰ ਲਈ ਵੀ ਕੋਈ ਕਸਰ ਨਹੀਂ ਸੀ ਛੱਡੀ ਗਈ। ਇੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ, ਰਾਜਨਾਥ ਸਿੰਘ, ਪਿਯੂਸ਼ ਗੋਇਲ, ਨਿਰਮਲਾ ਸੀਤਾਰਮਨ ਜਿਹੇ ਵੱਡੇ ਚਿਹਰਿਆਂ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਸੀ।
ਦੂਜੇ ਪਾਸੇ ਕਾਂਗਰਸ ਨੇ ਵੀ ਆਪਣਾ ਕਿਲ੍ਹਾ ਕਾਇਮ ਰੱਖਣ ਲਈ ਕੋਈ ਕਸਰ ਨਹੀਂ ਛੱਡੀ। ਕਾਂਗਰਸ ਨੇ ਇੱਥੋਂ ਮਜ਼ਬੂਤ ਚਿਹਰੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੋਣ ਮੈਦਾਨ ਵਿਚ ਉਤਾਰਿਆ। ਇੱਥੇ ਚੋਣ ਪ੍ਰਚਾਰ ਦੇ ਲਈ ਖ਼ਾਸ ਤੌਰ 'ਤੇ ਰਾਹੁਲ ਗਾਂਧੀ ਨੇ ਰੈਲੀ ਕੀਤੀ। ਇਸ ਤੋਂ ਇਲਾਵਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਵੀ ਕਾਂਗਰਸ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਗਿਆ। ਬੈਂਸ ਭਰਾਵਾਂ ਦੇ ਆਉਣ ਨਾਲ ਵੀ ਕਾਂਗਰਸ ਨੂੰ ਕਾਫ਼ੀ ਮਜ਼ਬੂਤੀ ਮਿਲੀ। ਇਸੇ ਸਦਕਾ ਰਾਜਾ ਵੜਿੰਗ 20 ਹਜ਼ਾਰ ਤੋਂ ਵੱਧ ਵੋਟਾਂ ਦੀ ਲੀਡ ਨਾਲ ਜੇਤੂ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਸਿਆਸੀ ਸਰਗਰਮੀਆਂ 'ਚ ਸ਼ਾਮਲ ਹੋਣ ਵਾਲੇ ਸਰਕਾਰੀ ਮੁਲਾਜ਼ਮਾਂ ਖ਼ਿਲਾਫ਼ ਐਕਸ਼ਨ! ਫੇਸਬੁੱਕ ਪੋਸਟ ਵੇਖ ਕੀਤਾ ਸਸਪੈਂਡ
ਸੂਬੇ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਇੱਥੋਂ ਮੌਜੂਦਾ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ। ਉਨ੍ਹਾਂ ਦੇ ਹੱਕ ਵਿਚ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਵੀ ਚੋਣ ਪ੍ਰਚਾਰ ਕੀਤਾ ਗਿਆ ਸੀ। ਪਰ ਉਹ ਚੋਣ ਨਤੀਜਿਆਂ ਵਿਚ ਤੀਜੇ ਨੰਬਰ 'ਤੇ ਹੀ ਰਹੇ ਅਤੇ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦੇ ਨੇੜੇ ਵੀ ਨਹੀਂ ਜਾ ਸਕੇ।
ਲੁਧਿਆਣਾ ਲੋਕ ਸਭਾ ਚੋਣ ਦੇ ਨਤੀਜੇ
ਅਮਰਿੰਦਰ ਸਿੰਘ ਰਾਜਾ ਵੜਿੰਗ (ਕਾਂਗਰਸ) - 322224
ਰਵਨੀਤ ਸਿੰਘ ਬਿੱਟੂ (ਭਾਜਪਾ) - 301282
ਅਸ਼ੋਕ ਪਰਾਸ਼ਰ ਪੱਪੀ (ਆਪ) - 237077
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8