ਚਰਨਜੀਤ ਚੰਨੀ ਦੇ ਘਰ ਮੀਟਿੰਗ 'ਤੇ ਰਾਜਾ ਵੜਿੰਗ ਦਾ ਪਹਿਲਾ ਬਿਆਨ, ਮੁੱਖ ਮੰਤਰੀ ਦਾ ਚਿਹਰਾ ਐਲਾਨਣ ਬਾਰੇ ਵੀ..(ਵੀਡੀਓ)
Saturday, Jul 04, 2026 - 03:38 PM (IST)
ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਕਾਂਗਰਸੀਆਂ ਦੇ ਇਕੱਠ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਪਾਰਟੀ ਅੰਦਰ ਧੜੇਬੰਦੀਆਂ ਦੀਆਂ ਖ਼ਬਰਾਂ ਤੋਂ ਇਨਕਾਰ ਕੀਤਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ 'ਚ ਕੋਈ ਵੀ ਲੜਾਈ ਜਾਂ ਧੜੇਬੰਦੀ ਨਹੀਂ ਹੈ ਅਤੇ ਚਰਨਜੀਤ ਸਿੰਘ ਚੰਨੀ ਸਾਡੇ ਸੀਨੀਅਰ ਲੀਡਰ ਹਨ। ਰਾਜਾ ਵੜਿੰਗ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਚੰਨੀ ਸਾਹਿਬ ਦੇ ਘਰ ਕੁੱਝ ਕਾਂਗਰਸੀਆਂ ਦਾ ਇਕੱਠੇ ਹੋਣਾ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਨੂੰ ਮੇਰੇ ਘਰ, ਸੁਖਜਿੰਦਰ ਰੰਧਾਵਾ ਦੇ ਘਰ ਜਾਂ ਕਿਸੇ ਹੋਰ ਨੇਤਾ ਦੇ ਘਰ ਵੀ ਲੋਕ ਇਕੱਠੇ ਹੋ ਸਕਦੇ ਹਨ।
ਇਸ ਦਾ ਮਤਲਬ ਕੋਈ ਲੜਾਈ ਨਹੀਂ ਹੁੰਦੀ। ਰਾਜਾ ਵੜਿੰਗ ਨੇ ਕਾਂਗਰਸ 'ਚ ਕਿਸੇ ਵੀ ਤਰ੍ਹਾਂ ਦੀ ਲੜਾਈ ਜਾਂ ਧੜੇਬੰਦੀ ਤੋਂ ਇਨਕਾਰ ਕਰਦਿਆਂ ਕਿਹਾ ਕਿ ਕਾਂਗਰਸ ਪੂਰੀ ਤਰ੍ਹਾਂ ਇਕਜੁੱਟ ਹੈ ਅਤੇ ਅਗਲੇ ਇਕ-ਦੋ ਦਿਨਾਂ ਦੇ ਅੰਦਰ ਸਾਰੇ ਸੀਨੀਅਰ ਆਗੂ ਇਕੋ ਮੰਚ 'ਤੇ ਇਕੱਠੇ ਨਜ਼ਰ ਆਉਣਗੇ। ਉਨ੍ਹਾਂ ਅੱਗੇ ਕਿਹਾ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਚੰਨੀ ਸਾਹਿਬ ਨੂੰ ਬਹੁਤ ਪਿਆਰ ਕਰਦੀ ਹੈ, ਉਹ ਜਦੋਂ ਚਾਹੁਣ ਹਾਈਕਮਾਨ ਨੂੰ ਮਿਲ ਸਕਦੇ ਹਨ ਅਤੇ ਹਾਈਕਮਾਨ ਵੀ ਉਨ੍ਹਾਂ ਨੂੰ ਮਿਲ ਸਕਦੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਪਾਰਟੀ ਅੰਦਰ ਅਨੁਸ਼ਾਸਨ ਹੋਣਾ ਬੇਹੱਦ ਜ਼ਰੂਰੀ ਹੈ ਅਤੇ ਕਿਸੇ ਨੂੰ ਵੀ ਪਾਰਟੀ ਦੀਆਂ ਹੱਦਾਂ ਪਾਰ ਕਰਨ ਦੀ ਇਜਾਜ਼ਤ ਨਹੀਂ ਹੈ, ਭਾਵੇਂ ਮੈਂ ਖ਼ੁਦ ਪਾਰਟੀ ਦਾ ਪ੍ਰਧਾਨ ਹੀ ਕਿਉਂ ਨਾ ਹੋਵਾਂ।
ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਵੱਡੀ ਮੁਸੀਬਤ! ਬਿੱਲਾਂ ਨੇ ਵਧਾਈ ਪਰੇਸ਼ਾਨੀ, ਪਾਵਰਕਾਮ ਦਫ਼ਤਰ 'ਚ...
ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਲਿਮਿਟ ਪਤਾ ਹੋਣੀ ਚਾਹੀਦੀ ਹੈ। ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਮੰਗ 'ਤੇ ਰਾਜਾ ਵੜਿੰਗ ਨੇ ਕਿਹਾ ਕਿ ਮੇਰੇ ਕੋਲ ਸੀ. ਐੱਮ. ਫੇਸ ਐਲਾਨਣ ਦਾ ਅਧਿਕਾਰ ਨਹੀਂ ਹੈ। ਇਹ ਮੁਕੰਮਲ ਫ਼ੈਸਲਾ ਰਾਹੁਲ ਗਾਂਧੀ ਅਤੇ ਮਲਿੱਕਾਰੁਜਨ ਖੜਗੇ ਸਾਹਿਬ ਦਾ ਹੈ। ਜਿੱਥੋਂ ਤੱਕ ਮੇਰੀ ਗੱਲ ਹੈ, ਰਾਜਾ ਵੜਿੰਗ ਮੁੱਖ ਮੰਤਰੀ ਬਣਨ ਦੀ ਰੇਸ 'ਚ ਬਿਲਕੁਲ ਨਹੀਂ ਹੈ। ਉਨ੍ਹਾਂ ਕਿਹਾ ਕਿ ਮੇਰਾ ਇੱਕੋ-ਇੱਕ ਮਕਸਦ ਪੰਜਾਬ 'ਚ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਮੁੜ ਵਾਪਸ ਲੈ ਕੇ ਆਉਣਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਨ ਜਿਸ ਨੂੰ ਵੀ ਸੀ. ਐੱਮ. ਫੇਸ ਬਣਾਵੇਗੀ, ਰਾਜਾ ਵੜਿੰਗ ਉਸ ਦੇ ਨਾਲ ਚੱਟਾਨ ਵਾਂਗ ਖੜ੍ਹਾ ਮਿਲੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
