ਭਾਜਪਾ ''ਚ ਸ਼ਾਮਲ ਹੋਣ ਵਾਲੇ ਕਾਂਗਰਸੀਆਂ ਬਾਰੇ ''ਰਾਜਾ ਵੜਿੰਗ'' ਦਾ ਵੱਡਾ ਬਿਆਨ, ਜਾਣੋ ਕੀ ਬੋਲੇ
Saturday, Jun 11, 2022 - 02:54 PM (IST)
ਭਵਾਨੀਗੜ੍ਹ (ਕਾਂਸਲ) : ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਡਰ ਦੇ ਸਾਏ ਹੇਠ ਕਾਂਗਰਸ ਨੂੰ ਅਲਵਿਦਾ ਆਖ ਭਾਜਪਾ ’ਚ ਸ਼ਾਮਲ ਹੋਣ ਵਾਲੇ ਕਾਂਗਰਸੀਆਂ ਦਾ ਆਉਣ ਵਾਲੇ ਸਮੇਂ ’ਚ ਬਹੁਤ ਬੁਰਾ ਹਾਲ ਹੋਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਅੱਜ ਸੰਗਰੂਰ ਲੋਕ ਸਭਾ ਦੀ ਉਪ ਚੋਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਦੇ ਚੋਣ ਦਫ਼ਤਰ ਦਾ ਉਦਘਾਟਨ ਕਰਨ ਮੌਕੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਸੰਬੋਧਨ ’ਚ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਈ. ਡੀ ਦਾ ਡਰ ਦਿਖਾ ਕੇ ਅਤੇ ਬਾਹਾਂ ਮਰੋੜ ਕੇ ਕਾਂਗਰਸ ਦੇ ਲੀਡਰਾਂ ਨੂੰ ਭਾਜਪਾ ’ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਸ ਵਾਰ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਕਿਸੇ ਲੋਕਪ੍ਰਿਯਤਾ ਕਰਕੇ ਵੋਟਾਂ ਨਹੀਂ ਪਾਈਆਂ, ਸਗੋਂ ਸੂਬੇ ਦੀ ਜਨਤਾਂ ਨੇ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਨੂੰ ਸਬਕ ਸਿਖਾਉਣ ਲਈ ਬਦਲਾਅ ਦੀ ਸੋਚ ਤਹਿਤ ਇਹ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਜਾਅਲੀ ਡਿਗਰੀਆਂ ਨਾਲ ਸਰਕਾਰੀ ਨੌਕਰੀਆਂ 'ਤੇ ਬੈਠੇ ਸਿਆਸੀ ਲੋਕਾਂ ਦੇ ਕਰੀਬੀਆਂ ਨੂੰ CM ਮਾਨ ਦੀ ਚਿਤਾਵਨੀ
ਇਸ ਲਈ ਸਾਨੂੰ ਆਪਣੀਆਂ ਗਲਤੀਆਂ ਨੂੰ ਮੰਨਦੇ ਹੋਏ ਇਨ੍ਹਾਂ ਨੂੰ ਦੂਰ ਕਰਨ ਲਈ ਪੜਚੋਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਸੂਬੇ ਦੀ ਜਨਤਾਂ ਨਾਲ ਕੀਤੇ ਵਾਅਦਿਆਂ ’ਚੋਂ ਇਕ ਵੀ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਦੁੱਧ, ਫਲ-ਫਰੂਟ, ਅਨਾਜ ਅਤੇ ਰੋਜ਼ਾਨਾਂ ਘਰੇਲੂ ਵਰਤੋਂ ’ਚ ਆਉਣ ਵਾਲੀਆਂ ਖਾਣ-ਪੀਣ ਦੀਆਂ ਵਸਤੂਆਂ ਦੇ ਰੇਟਾਂ ਨੂੰ ਘੱਟ ਕਰਨ ਦੀ ਥਾਂ ਸ਼ਰਾਬ ਦੇ ਰੇਟਾਂ ਨੂੰ ਘੱਟ ਕਰ ਦਿੱਤਾ ਗਿਆ। ਇਸ ਕਾਰਨ ਸੂਬੇ ਅੰਦਰ ਨਸ਼ਿਆਂ ਨੂੰ ਪ੍ਰਮੋਟ ਕਰਨ ਲਈ ਹਰ ਪਾਸਿਓਂ ਸਰਕਾਰ ਦੀ ਨਿਖ਼ੇਧੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਨਾ ਹੀ ਕਿਸੇ ਔਰਤ ਦੇ ਖਾਤੇ ’ਚ ਹੁਣ ਤੱਕ 1 ਹਜ਼ਾਰ ਰੁਪਏ ਆਏ ਹਨ ਅਤੇ ਨਾ ਹੀ ਕਿਸੇ ਵੀ ਵਰਗ ਨੂੰ ਬਿਜਲੀ ਦੀ ਇਕ ਵੀ ਯੂਨਿਟ ਮੁਆਫ਼ ਮਿਲੀ ਹੈ। ਉਲਟਾ 'ਆਪ' ਸਰਕਾਰ ਨੇ ਪਿਛਲੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬਿਜਲੀ ਦੇ ਘਟਾਏ ਰੇਟਾਂ ’ਚ ਮੁੜ ਵਾਧਾ ਕਰਕੇ ਆਮ ਜਨਤਾਂ 'ਤੇ ਹੋਰ ਵਾਧੂ ਬੋਝ ਪਾ ਦਿੱਤਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਗਰਮੀ ਦਾ ਕਹਿਰ : 10 ਸਾਲਾਂ ਬਾਅਦ ਚੱਲੀ ਸਭ ਤੋਂ ਵੱਧ 'ਲੂ', ਪਾਰਾ 44 ਡਿਗਰੀ ਤੋਂ ਪਾਰ
ਉਨ੍ਹਾਂ ਕਿਹਾ ਕਿ ਹੁਣ ਹਲਕਾ ਸੰਗਰੂਰ ਦੇ ਲੋਕਾਂ ਨੂੰ ਇਸ ਉਪ ਚੋਣ ’ਚ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਂਦੇ ਹੋਏ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਹੱਕ ’ਚ ਆਪਣਾ ਫਤਵਾ ਦੇਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਵਰਿੰਦਰ ਪੰਨਵਾ ਚੇਅਰਮੈਨ ਬਲਾਕ ਸੰਮਤੀ, ਬਲਵਿੰਦਰ ਸਿੰਘ ਪੂਨੀਆਂ, ਪਰਦੀਪ ਕੱਦ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ, ਗੋਪਾਲ ਸਿੰਗਲਾ, ਜਗਤਾਰ ਸ਼ਰਮਾ ਸਾਬਕਾ ਸਰਪੰਚ ਨਮਾਦੇ, ਮੰਗਤਾ ਸ਼ਰਮਾ, ਸੰਜੂ ਵਰਮਾ, ਸੰਜੀਵ ਲਾਲਕਾ, ਸਵਰਨ ਸਿੰਘ ਅਤੇ ਹਰਵਿੰਦਰ ਕੌਰ ਸਾਰੇ ਕੌਂਸਲਰ, ਗੁਰਧਿਆਨ ਸਿੰਘ, ਗੁਰਤੇਜ਼ ਸਿੰਘ ਤੇਜੀ, ਸੁਖਦਰਸ਼ਨ ਸਲਦੀ, ਭੋਲਾ ਬਲਿਆਲ ਅਤੇ ਸੁਖਜਿੰਦਰ ਸਿੰਘ ਬਿੱਟੂ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਤਰਸੇਮ ਜਿੰਦਲ, ਬਿੱਟੂ ਖਾਨ, ਜੀਤ ਸਿੰਘ, ਹਾਕਮ ਸਿੰਘ ਮੁਗਲ, ਨਰੇਸ਼ ਗਾਬਾ, ਵਿਪਨ ਕੁਮਾਰ ਜਿੰਦਲ, ਮਹੇਸ਼ ਕੁਮਾਰ ਵਰਮਾ, ਰਵੀਸ਼ ਕੁਮਾਰ, ਪ੍ਰੀਤਮ ਸਿੰਘ, ਰਜੇਸ਼ ਜੇਸੀ, ਰਾਏ ਸਿੰਘ ਬਖਤੜੀ, ਬਿੰਦਰ ਸਿੰਘ ਭੱਟੀਵਾਲ ਸਮੇਤ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਮੌਜੂਦ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ