ਰਾਜਾ ਵੜਿੰਗ ਨੇ ਲਾਈਵ ਹੋ ਪਨਬੱਸ ਤੇ PRTC ਠੇਕਾ ਕਰਮਚਾਰੀ ਯੂਨੀਅਨ ਨੂੰ ਧਰਨਾ ਖਤਮ ਕਰਨ ਦੀ ਕੀਤੀ ਅਪੀਲ (ਵੀਡੀਓ)
Tuesday, Dec 14, 2021 - 02:33 AM (IST)
ਚੰਡੀਗੜ੍ਹ- ਪਨਬੱਸ ਤੇ ਪੀ. ਆਰ. ਟੀ. ਸੀ. ਠੇਕਾ ਕਰਮਚਾਰੀ ਯੂਨੀਅਨ ਦੇ 6000 ਕਰਮਚਾਰੀ 6 ਦਸੰਬਰ ਰਾਤ 12 ਵਜੇ ਤੋਂ ਹੜਤਾਲ ’ਤੇ ਹਨ ਅਤੇ ਉਨ੍ਹਾਂ ਦੀ ਹੜਤਾਲ ਅੱਜ 7ਵੇਂ ਦਿਨ 'ਚ ਦਾਖ਼ਲ ਹੋ ਗਈ ਹੈ। ਪਨਬੱਸ ਤੇ ਪੀ. ਆਰ. ਟੀ. ਸੀ. ਠੇਕਾ ਕਰਮਚਾਰੀ ਯੂਨੀਅਨ ਨੇ 2100 ਬੱਸਾਂ ਦਾ ਚੱਕਾ ਜਾਮ ਕੀਤਾ ਹੋਇਆ ਹੈ, ਜੋ ਕਿ ਯਾਤਰੀਆਂ ਲਈ ਇਕ ਵੱਡੀ ਪ੍ਰੇਸ਼ਾਨੀ ਹੈ। ਯੂਨੀਅਨ ਦੀ ਹੜਤਾਲ ਖਤਮ ਕਰਵਾਉਣ ਲਈ ਪੰਜਾਬ ਸਰਕਾਰ ਹਰ ਸੰਭਵ ਕਦਮ ਚੁੱਕ ਰਹੀ ਹੈ।
ਇਹ ਵੀ ਪੜ੍ਹੋ- ਵਿਦੇਸ਼ੀ ਫੰਡਿੰਗ ਨੂੰ ਲੈ ਕੇ ਡੱਲੇਵਾਲ ਦਾ ਕਿਸਾਨ ਜਥੇਬੰਦੀਆਂ ’ਤੇ ਦੋਸ਼, ਕਿਹਾ-CM ਬਣਨਾ ਚਾਹੁੰਦੇ ਨੇ ਆਗੂ (ਵੀਡੀਓ)
ਅਜਿਹਾ ਹੀ ਇਕ ਕਦਮ ਚੁੱਕਦਿਆਂ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਧਰਨਾਕਾਰੀਆਂ ਨੂੰ ਧਰਨਾ ਖਤਮ ਕਰ ਵਾਪਸ ਕੰਮ 'ਤੇ ਆਉਣ ਦੀ ਅਪੀਲ ਕਰਦੇ ਦਿਖਾਈ ਦੇ ਰਹੇ ਹਨ। ਉਹ 13 ਦਸੰਬਰ ਦੀ ਰਾਤ ਆਪਣੇ ਫੇਸਬੁੱਕ ਪੇਜ 'ਤੇ ਲਾਈਵ ਹੋ ਇਹ ਅਪੀਲ ਕਰਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਪਨਬੱਸ ਤੇ ਪੀ. ਆਰ. ਟੀ. ਸੀ. ਠੇਕਾ ਕਰਮਚਾਰੀ ਯੂਨੀਅਨ ਦੇ ਧਰਨਿਆਂ ਦੇ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੀਆਂ ਮੈਨੂੰ ਵੀਡੀਓਜ਼ ਵੀ ਦੇਖਣ ਨੂੰ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੈ ਤੁਹਾਡੀ ਪ੍ਰੇਸ਼ਾਨੀ ਤੋਂ ਜਾਣੂ ਹਾਂ ਪਰ ਤੁਹਾਨੂੰ ਵੀ ਮੁਸਾਫਰਾਂ ਅਤੇ ਲੋਕਾਂ ਨੂੰ ਹੋਣ ਵਾਲੀਆਂ ਮੁਸ਼ਕਿਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੰਨਾਂ ਵੀ ਇਮਤਿਹਾਨ ਨਹੀਂ ਲੈਣਾ ਚਾਹੀਦਾ, ਜਨਤਾ ਪ੍ਰੇਸ਼ਾਨ ਹੋ ਰਹੀ ਹੈ ਅਤੇ ਇਸ ਦਾ ਕਾਰਨ ਤੁਸੀਂ ਬਣ ਰਹੇ ਹੋ।
ਇਹ ਵੀ ਪੜ੍ਹੋ- ਕਾਂਗਰਸ ਹਾਈਕਮਾਨ ਨੇ ਸਿੱਧੂ ਨੂੰ ਸੌਂਪੀ ਸੂਬਾ ਚੋਣ ਕਮੇਟੀ ਦੀ ਕਮਾਨ, 28 ਜ਼ਿਲ੍ਹਾ ਪ੍ਰਧਾਨ ਵੀ ਕੀਤੇ ਨਿਯੁਕਤ
ਅੱਗੇ ਉਨ੍ਹਾਂ ਕਿਹਾ ਕਿ ਇਸ 'ਚ ਸਰਕਾਰ ਦਾ ਕੋਈ ਕਸੂਰ ਨਹੀਂ ਹੈ, ਮੈਂ ਜਦੋਂ ਤੋਂ ਅਹੁੱਦਾ ਸੰਭਾਲਿਆ ਹੈ ਉਦੋਂ ਤੋਂ ਹੀ ਇਨ੍ਹਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਦੀ ਤਨਖਾਹ 'ਚ 30 ਫੀਸਦੀ ਵਾਧਾ ਵੀ ਕੀਤਾ ਹੈ ਅਤੇ 5 ਫੀਸਦੀ ਹਰ ਸਾਲ ਵਾਧੇ ਦੀ ਗੱਲ ਕਹੀ ਹੈ ਇਸ ਦੇ ਨਾਲ ਹੀ 10 ਸਾਲਾਂ ਤੋਂ ਠੇਕੇ 'ਤੇ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਵੀ ਪੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਸਮਾਂ ਘੱਟ ਹੈ ਅਤੇ ਨੋਟੀਫਿਕੇਸ਼ਨ ਨੂੰ ਸਮਾਂ ਲੱਗਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਜਾਰੀ ਹੈ ਪਰ ਇਸ ਬੰਦ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਧਰਨਾ ਲਾਉਣ ਦਾ ਹੱਕ ਹੈ ਪਰ ਧੱਕੇ ਨਾਲ ਬੱਸਾਂ ਰੋਕਣੀਆਂ ਗੱਲਤ ਹਨ। ਕੁਝ ਲੋਕ ਹਨ ਜੋ ਬੱਸਾਂ ਚਲਾਉਣਾ ਚਾਹੁੰਦੇ ਹਨ ਪਰ ਉਹ ਬੱਸ ਨਹੀਂ ਚੱਲਣ ਦਿੰਦੇ। ਉਨ੍ਹਾਂ ਕਿਹਾ ਇਸ ਨਾਲ ਪੰਜਾਬ ਸਰਕਾਰ ਅਤੇ ਪਬਲਿਕ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਸਰਕਾਰ ਇਹ ਕਦੇ ਬਰਦਾਸ਼ ਨਹੀਂ ਕਰੇਗੀ, ਅਜਿਹਾ ਹੀ ਚੱਲਦਾ ਰਿਹਾ ਤਾਂ ਸਰਕਾਰ ਨੂੰ ਕੋਈ ਸਖਤ ਕਦਮ ਚੁੱਕਣਾ ਪਵੇਗਾ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ