ਜਾਖੜ ਦੀ ਥਾਂ ''ਵੇਰਕਾ'' ਦੀ ਲਾਟਰੀ ਦੇ ਚਰਚੇ!

07/28/2018 6:34:16 AM

ਲੁਧਿਆਣਾ(ਜ. ਬ.)-ਪੰਜਾਬ ਵਿਚ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੀ ਛੁੱਟੀ ਕਰ ਕੇ ਉਸ ਦੀ ਜਗ੍ਹਾ ਦਲਿਤ ਭਾਈਚਾਰੇ 'ਚੋਂ ਹਰਪਾਲ ਸਿੰਘ ਚੀਮਾ ਵਿਧਾਇਕ ਨੂੰ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਆਗੂ ਬਣਾ ਕੇ ਜੋ ਦਲਿਤ ਪੱਤਾ ਖੇਡਿਆ ਹੈ, ਉਸ ਨੂੰ ਲੈ ਕੇ ਹੁਣ ਕਾਂਗਰਸ ਵਿਚ ਵੀ ਚਰਚਾ ਨੇ ਜ਼ੋਰ ਫੜ ਲਿਆ ਹੈ ਕਿ ਕਿਧਰੇ ਕਾਂਗਰਸ ਹਾਈਕਮਾਨ ਵੀ ਕਾਂਗਰਸ ਦੇ ਮੌਜੂਦਾ ਪ੍ਰਧਾਨ ਐੱਮ. ਪੀ. ਜਾਖੜ ਦੀ ਜਗ੍ਹਾ ਦਲਿਤ ਭਾਈਚਾਰੇ ਦੇ ਚੋਟੀ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਨੂੰ ਕਾਂਗਰਸ ਦਾ ਸੂਬਾ ਪ੍ਰਧਾਨ ਨਾ ਬਣਾ ਦੇਵੇ, ਕਿਉਂਕਿ ਲੋਕ ਸਭਾ ਚੋਣਾਂ ਕਾਰਨ ਹਰ ਚੀਜ਼ ਸੰਭਵ ਹੈ। ਬਾਕੀ ਪੰਜਾਬ 'ਚ ਦਲਿਤ ਭਾਈਚਾਰੇ 'ਤੇ ਵੱਡੀ ਪਕੜ ਰੱਖਣ ਲਈ ਇਸ ਤੋਂ ਪਹਿਲਾਂ ਭਾਜਪਾ ਨੇ ਵੀ ਦਲਿਤ ਪੱਤਾ ਖੇਡ ਕੇ ਸ਼੍ਰੀ ਸਾਂਪਲਾ ਨੂੰ ਭਾਜਪਾ ਦਾ ਪ੍ਰਧਾਨ ਬਣਾਇਆ ਹੋਇਆ ਸੀ ਪਰ ਉਹ ਸਫਲ ਨਹੀਂ ਹੋ ਸਕੇ, ਜਿਸ ਕਰ ਕੇ ਉਨ੍ਹਾਂ ਦੀ ਛੁੱਟੀ ਹੋ ਗਈ। ਹੁਣ ਜਦੋਂ 'ਆਪ' ਨੇ ਦਲਿਤ ਪੱਤਾ ਖੇਡਿਆ ਹੈ ਤਾਂ ਕਾਂਗਰਸ ਵੀ ਕੋਈ ਵੱਡਾ ਫੈਸਲਾ ਲੈ ਸਕਦੀ ਹੈ। ਜਦੋਂਕਿ ਦੂਜੇ ਪਾਸੇ ਪੰਜਾਬ 'ਚ ਬੈਠਾ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਦਲਿਤ ਆਗੂ ਨੂੰ ਪਾਰਟੀ ਦਾ ਪ੍ਰਧਾਨ ਜਾਂ ਐਕਟਿੰਗ ਪ੍ਰਧਾਨ ਬਣਾਉਣ ਦੀ ਹਿੰਮਤ ਨਹੀਂ ਕਰੇਗਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ 'ਚ ਕੋਈ ਦਲਿਤ ਅੱਜ ਤਕ ਅਕਾਲੀ ਦਲ ਦਾ ਪ੍ਰਧਾਨ ਨਹੀਂ ਬਣ ਸਕਿਆ ਜਦੋਂਕਿ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਵੀ ਅੱਜ ਤਕ ਦਲਿਤ ਮੈਂਬਰ ਦੇ ਹਿੱਸੇ ਨਹੀਂ ਆਈ। ਹਾਂ, ਤੀਜੇ ਨੰਬਰ 'ਤੇ ਮੀਤ ਪ੍ਰਧਾਨਗੀ ਦਾ ਅਹੁਦਾ ਦਲਿਤਾਂ ਲਈ ਪੱਕੇ ਤੌਰ 'ਤੇ ਚਲਿਆ ਆ ਰਿਹਾ ਹੈ।


Related News