ਨੌਦੀਪ ਕੌਰ ਦੀ ਨਾਜਾਇਜ਼ ਹਿਰਾਸਤ ਸਬੰਧੀ ਕਈ ਸਵਾਲ ਚੁੱਕ ਕੇ ਡਾ. ਅਸ਼ਵਨੀ ਕੁਮਾਰ ਨੇ ਦੇਸ਼ ਵਾਸੀਆਂ ਨੂੰ ਝੰਜੋੜਿਆ

2/27/2021 1:52:38 PM

ਗੁਰਦਾਸਪੁਰ (ਹਰਮਨ) : ਪਿਛਲੇ ਕਈ ਦਿਨਾਂ ਤੋਂ ਪੁਲਸ ਦੀ ਕਥਿਤ ਨਾਜਾਇਜ਼ ਹਿਰਾਸਤ ਵਿਚ ਬੰਦ ਨੌਦੀਪ ਕੌਰ ਦੀ ਰਿਹਾਈ ਦੇ ਸਬੰਧ ’ਚ ਦੇਸ਼ ਦੇ ਸਾਬਕਾ ਕਾਨੂੰਨ ਮੰਤਰੀ ਅਤੇ ਕਾਂਗਰਸ ਦੇ ਕੌਮੀ ਆਗੂ ਡਾ. ਅਸ਼ਵਨੀ ਕੁਮਾਰ ਨੇ ਪੂਰੇ ਦੇਸ਼ ਨੂੰ ਝੰਜੋੜਨ ਵਾਲਾ ਬਿਆਨ ਜਾਰੀ ਕੀਤਾ ਹੈ। ਇਸ ਪ੍ਰੈੱਸ ਬਿਆਨ ਰਾਹੀਂ ਉਨ੍ਹਾਂ ਨੇ ਕਿਹਾ ਕਿ ਨੌਦੀਪ ਕੌਰ ਨੂੰ ਇਨਾਂ ਲੰਮਾ ਸਮਾਂ ਨਾਜਾਇਜ਼ ਹਿਰਾਸਤ ’ਚ ਰੱਖਣ ਦੀ ਕਾਰਵਾਈ ਕਈ ਸਵਾਲ ਖੜੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨੌਦੀਪ ਕੌਰ ਦੇ ਇਸ ਪੂਰੇ ਮਾਮਲੇ ਕਾਰਣ ਸਾਡੇ ਦੇਸ਼ ਦੇ ਲੋਕਤੰਤਰ ਨਾਲ ਜੁੜੇ ਕਈ ਸਵਾਲ ਅਤੇ ਸ਼ੱਕ ਖੜ੍ਹੇ ਹੋ ਰਹੇ ਹਨ ਕਿ ਆਖ਼ਿਰ ਹੋਰ ਕਿੰਨਾ ਸਮਾਂ ਇਸੇ ਤਰ੍ਹਾਂ ਰਾਜਨੀਤਕ ਮੁਫ਼ਾਦਾਂ ਦੀ ਪੂਰਤੀ ਲਈ ਪੁਲਸ ਦੀ ਸ਼ਕਤੀ ਦਾ ਦੁਰਵਰਤੋਂ ਹੁੰਦੀ ਰਹੇਗੀ? ਉਨ੍ਹਾਂ ਕਿਹਾ ਕਿ ਦੇਸ਼ ਦੇ ਨਾਗਰਿਕਾਂ ਦੇ ਬੁਨਿਆਦੀ ਸੰਵਿਧਾਨਕ ਹੱਕਾਂ ਦੀ ਉਲੰਘਣਾ ਕਰਨ ਵਾਲੀਆਂ ਅਜਿਹੀਆਂ ਕਾਰਗੁਜ਼ਾਰੀਆਂ ਕਿਸੇ ਵੀ ਤਰ੍ਹਾਂ ਵਾਜ਼ਬ ਨਹੀਂ ਠਹਿਰਾਈਆਂ ਜਾ ਸਕਦੀਆਂ। ਉਨ੍ਹਾਂ ਕਿਹਾ ਕਿ ਦੇਸ਼ ਵਾਸੀਆਂ ਨੂੰ ਆਪਣੇ ਆਜ਼ਾਦ ਜ਼ਮੀਰ ਨੂੰ ਜਗਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੁਲਸ ਹਿਰਾਸਤ ਵਿਚ ਹੁੰਦੇ ਆ ਰਹੇ ਤਸ਼ੱਦਦ ਵਿਰੁੱਧ ਇਕ ਵਿਆਪਕ ਕਾਨੂੰਨ ਦੀ ਅਣਹੋਂਦ ਕਾਰਣ ਦੇਸ਼ ਦੇ ਨਾਗਰਿਕਾਂ ਨੂੰ ਹੁਣ ਹੋਰ ਕਿੰਨੀ ਦੇਰ ਇਸ ਤਰ੍ਹਾਂ ਅਪਮਾਨ ਅਤੇ ਤਸ਼ੱਦਦ ਸਹਿੰਦੇ ਹੋਏ ਆਪਣਾ ਮਾਣ-ਸਨਮਾਨ ਗੁਆਉਣਾ ਪਵੇਗਾ? ਉਨ੍ਹਾਂ ਨੇ ਕਿਹਾ ਕਿ ਨੌਦੀਪ ਕੌਰ, ਦਿਸ਼ਾ ਅਤੇ ਸ਼ਿਵ ਸਮੇਤ ਹੋਰ ਕਈ ਮਾਮਲਿਆਂ ਨੂੰ ਧਿਆਨ ਵਿਚ ਰੱਖਦਿਆਂ ਸਮੂਹਿਕ ਆਵਾਜ਼ ਬੁਲੰਦ ਕਰ ਕੇ ਅਜਿਹੀਆਂ ਬੇਇਨਸਾਫ਼ੀਆਂ ਰੋਕਣ ਲਈ ਅੱਗੇ ਆਉਣ ਦੀ ਲੋਡ਼ ਹੈ।

ਇਹ ਵੀ ਪੜ੍ਹੋ : ਸਿੱਖਿਆ ਮਹਿਕਮੇ ਦਾ ਨਾਦਰਸ਼ਾਹੀ ਫੁਰਮਾਨ, ਹੁਣ ਮਾਪੇ ਸੌਂਣਗੇ ਤੇ ਅਧਿਆਪਕ ਬੱਚਿਆਂ ਨੂੰ ਸਵੇਰੇ ਜਗਾਉਣਗੇ

ਜ਼ਿਕਰਯੋਗ ਹੈ ਕਿ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ 'ਚ 12 ਜਨਵਰੀ ਨੂੰ ਇਕ ਉਦਯੋਗਿਕ ਇਕਾਈ ਦਾ ਘਿਰਾਓ ਕਰਨ ਤੋਂ ਬਾਅਦ ਨੌਦੀਪ ਕੌਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਨੌਦੀਪ ਕੌਰ (23) ਨੇ ਆਪਣੀ ਪਟੀਸ਼ਨ 'ਚ ਦਾਅਵਾ ਕੀਤਾ ਸੀ ਕਿ ਪਿਛਲੇ ਮਹੀਨੇ ਸੋਨੀਪਤ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਥਾਣੇ 'ਚ ਕਈ ਵਾਰ ਉਨ੍ਹਾਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਆਪਣੀ ਪਟੀਸ਼ਨ 'ਚ ਕੌਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਫਸਾਇਆ ਗਿਆ ਅਤੇ ਭਾਰਤੀ ਸਜ਼ਾ ਕੋਡ (ਆਈ.ਪੀ.ਸੀ.) ਦੀ ਧਾਰਾ 307 (ਕਤਲ ਦੀ ਕੋਸ਼ਿਸ਼) ਸਮੇਤ ਵੱਖ-ਵੱਖ ਧਾਰਾਵਾਂ ਦੇ ਅਧੀਨ ਸ਼ਿਕਾਇਤ 'ਚ ਦੋਸ਼ੀ ਬਣਾਇਆ ਗਿਆ। ਜ਼ਮਾਨਤ ਮਿਲਣ ਮਗਰੋਂ ਨੌਦੀਪ ਕੌਰ ਨੇ ਕਿਹਾ ਕਿ ਸਾਨੂੰ ਕਿਸਾਨਾਂ ਦੇ ਹੱਕਾਂ ਵਿਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਜਿਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਕਿਸਾਨ ਸਿਰਫ ਰਸਤਾ ਰੋਕੀ ਬੈਠੇ ਹਨ ਉਨ੍ਹਾਂ ਨੂੰ ਕਿਸਾਨਾਂ ਦਾ ਦੁੱਖ ਸਮਝਣਾ ਚਾਹੀਦਾ ਹੈ ਕਿ ਅੰਨਦਾਤਾ ਜੋ ਕਿ ਜਨਤਾ ਦਾ ਢਿੱਡ ਭਰਦਾ ਹੈ ਅੱਜ ਸੜਕਾਂ 'ਤੇ ਰੁਲ ਰਿਹਾ ਹੈ।  

ਇਹ ਵੀ ਪੜ੍ਹੋ : ਪਿੰਡ ਫੱਤਾ ਕੁੱਲਾ ਦੀ ਪੰਚਾਇਤ ਨੇ ਕੀਤਾ ਖ਼ੇਤੀ ਕਾਨੂੰਨਾਂ ਖ਼ਿਲਾਫ਼ ਮਤਾ ਪਾਸ, ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Anuradha

Content Editor Anuradha