ਲੋਕ ਸਭਾ ''ਚ ਉਠਾਵਾਂਗਾ ਅਵਾਰਾ ਪਸ਼ੂਆਂ ਦਾ ਮੁੱਦਾ: ਭਗਵੰਤ ਮਾਨ

Thursday, Sep 19, 2019 - 08:51 PM (IST)

ਲੋਕ ਸਭਾ ''ਚ ਉਠਾਵਾਂਗਾ ਅਵਾਰਾ ਪਸ਼ੂਆਂ ਦਾ ਮੁੱਦਾ: ਭਗਵੰਤ ਮਾਨ

ਮਾਨਸਾ, (ਸੰਦੀਪ ਮਿੱਤਲ)- ਮਾਨਸਾ ਜ਼ਿਲੇ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਗਠਿਤ ਅਵਾਰਾ ਪਸ਼ੂ ਸੰਘਰਸ਼ ਕਮੇਟੀ ਵੱਲੋਂ ਅਵਾਰਾ ਪਸ਼ੂਆਂ ਕਾਰਣ ਵਾਪਰੇ ਦਰਦਨਾਕ ਸੜਕ ਹਾਦਸਿਆਂ 'ਚ ਵਿਅਕਤੀਆਂ ਦੀਆਂ ਜਾਨਾਂ ਚਲੇ ਜਾਣ ਅਤੇ ਮਾਨਸਾ ਜ਼ਿਲੇ ਨੂੰ ਅਵਾਰਾ ਪਸ਼ੂਆਂ ਤੋ ਮੁਕਤ ਕਰਵਾਉਣ ਲਈ ਸ਼੍ਰੀ ਗੁਰੂਦਵਾਰਾ ਚੌਂਕ , ਮਾਨਸਾ 'ਚ ਦਿੱਤਾ ਰੋਸ ਧਰਨਾ ਅਤੇ ਭੁੱਖ ਹੜਤਾਲ ਅੱਜ 7ਵੇਂ ਦਿਨ 'ਚ ਸ਼ਾਮਲ ਹੋ ਗਈ ਹੈ। ਅੱਜ ਦੇਰ ਸ਼ਾਮ ਨੂੰ ਸੰਘਰਸ਼ ਕਮੇਟੀ ਨੇ ਸ਼ਹਿਰ ਦੀਆਂ ਵਪਾਰਕ ਅਤੇ ਲੋਕ ਹਿਤੈਸ਼ੀ ਜਥੇਬੰਦੀਆਂ ਦੇ ਸਹਿਯੋਗ ਨਾਲ ਲੰਘੇ ਦਿਨੀ ਅਵਾਰਾ ਪਸ਼ੂਆਂ ਕਾਰਣ ਸੜਕ ਹਾਦਸੇ 'ਚ ਮਾਰੇ ਗਏ ਵਿਅਕਤੀਆਂ ਨੂੰ ਸ਼ਰਧਾਜ਼ਲੀ ਭੇਂਟ ਕਰਨ ਲਈ ਅੱਜ ਮਾਨਸਾ ਸ਼ਹਿਰ ਅੰਦਰ ਵਿਸ਼ਾਲ ਕੈਂਡਲ ਮਾਰਚ ਕੱਢਿਆ ਗਿਆ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਇਹ ਮੁੱਦਾ ਉਹ ਪਾਰਲੀਮਂੈਟ ਵਿੱਚ ਵੀ ਉਠਾਉਣਗੇ ਅਤੇ ਇਹ ਮੁੱਦਾ  ਹੁਣ ਪੰਜਾਬ ਵਿਚਲੇ ਦੂਸਰੇ ਗੰਭੀਰ ਮੁੱਦੇ ਜਿਵੇਂ ਕਿ ਨਸ਼ਾ ਅਤੇ ਕਿਸਾਨੀ ਆਤਮਹੱਤਿਆ ਤੋਂ ਵੀ ਗੰਭੀਰ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਇੱਕ ਦੋਸਤ ਨਵਨੀਤ ਭੁੱਲਰ ਨੂੰ ਅਵਾਰਾ ਪਸ਼ੂਆਂ ਦੇ ਕਾਰਣ ਹੋਏ ਸੜਕ ਹਾਦਸੇ ਵਿੱਚ ਖੋ ਚੁੱਕੇ ਹਨ।
ਇਸ ਮੌਕੇ ਸੰਬੋਧਨ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਹਰਦੇਵ ਸਿੰਘ ਅਰਸ਼ੀ ਨੇ ਮੰਗ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਬ ਪਾਰਟੀ ਮੀਟਿੰਗ ਬੁਲਾ ਕੇ ਇਸ ਮਸਲੇ ਦੇ ਹੱਲ ਲਈ ਕੇਂਦਰ ਸਰਕਾਰ 'ਤੇ ਦਬਾਅ ਪਾਉਣ ਕਿਉਂਕਿ ਇਹ ਮਸਲਾ ਜਿੱਥੇ ਅਤਿ ਗੰਭੀਰ ਹੈ ਉਥੇ ਸਮੁੱਚੇ ਹਿੰਦੁਸਤਾਨ ਦੀ ਧਾਰਮਿਕ ਆਸਥਾ ਨਾਲ ਜੁੜਿਆ ਹੋਇਆ ਹੈ।
ਇਸੇ ਦੌਰਾਨ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਰਵਾਇਤੀ ਪਾਰਟੀ ਚਾਹੇ ਅਕਾਲੀ ਹੋਣ ਜਾਂ ਕਾਂਗਰਸੀ ਇਕ ਅਵਾਰਾ ਪਸ਼ੂਆਂ ਦੇ ਮਸਲੇ ਦਾ ਹੱਲ ਨਹੀਂ ਕਰ ਸਕੇ। ਆਮ ਲੋਕਾਂ ਦੇ ਮਸਲੇ ਹੱਲ ਕਰਨਾ ਦੂਰ ਦੀ ਗੱਲ ਹੈ। ਇਹ ਬੜੀ ਸ਼ਰਮ ਵਾਲੀ ਗੱਲ ਹੈ। ਇਸ ਨਾਲ ਕਿਸਾਨਾਂ ਦਾ ਵੀ ਵੱਡੀ ਪੱਧਰ ਤੇ ਆਰਥਿਕ ਨੁਸਕਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਬਿਜਲੀ ਬਿਲਾਂ ਤੇ ਸ਼ਰਾਬ ਤੇ ਕਾਓ ਸੈਸ ਰਾਹੀ ਕਰੌੜਾਂ ਰੂਪੈ ਵਸੂਲਣ ਤੇ ਅਵਾਰਾ ਪਸ਼ੂਆਂ ਦੇ ਮਸਲੇ ਦੇ ਹੱਲ ਦੀ ਬਿਜਾਏ ਇਸ ਦੀ ਗਿਣਤੀ ਵੱਧ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਸੁਝਾਅ ਦਿੱਤਾ ਕਿ ਅਵਾਰਾ ਪਸ਼ੂਆਂ ਤੋ ਪੰਜਾਬ ਨੂੰ ਮੁਕਤੀ ਦਿਵਾਉਣ ਲਈ ਪਿੰਡਾਂ ਦੀਆਂ ਪੰਚਾਇਤਾਂ ਨੂੰ ਜਿੰਮੇਵਾਰੀ ਸੌਂਪੀ ਜਾਵੇ।
ਇਸ ਸਮੇਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਸਾਬਕਾ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਵਾਰਾ ਪਸ਼ੂਆਂ ਦੇ ਮੁੱਦੇ 'ਤੇ ਆਪਣੀ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਸੀਨੀਅਰ ਆਗੂਆਂ ਨਾਲ ਨਾਲ ਗੱਲ ਕਰਕੇ ਅਵਾਰਾ ਪਸ਼ੂਆਂ ਦੀ ਇਸ ਦੇਸ਼ ਵਿਆਪੀ ਸਮੱਸਿਆ ਦੇ ਹੱਲ ਲਈ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨਗੇ।  
ਇਸ ਮੌਕੇ ਵਿਧਾਇਕ ਪਿੰ੍ਰਸੀਪਲ ਬੁੱਧ ਰਾਮ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਅਤੇ ਜਗਦੀਪ ਸਿੰਘ ਨਕਈ ਨੇ ਕਿਹਾ ਕਿ ਪੰਜਾਬ ਹੁਣ  ਅਵਾਰਾਂ ਪਸ਼ੂਆਂ ਦਾ ਵਾੜਾ ਬਣ ਚੁੱਕਾ ਹੈ। ਜੋ ਹਰ ਰੋਜ਼ ਮਨੁੱਖਤਾ ਦੀ ਬਲੀ ਲੈ ਰਹੇ ਹਨ। ਹਰ ਸਾਲ ਅਵਾਰਾ ਪਸ਼ੂਆਂ ਸਦਕਾ ਕਿਸਾਨੀ ਫਸਲੀ ਉਜਾੜਾ ਹੋਣ ਤੇ ਉਨ੍ਹਾਂ ਦਾ ਕਰੋੜਾਂ ਰੂਪੈ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ। ਇਸ ਲਈ ਲਾਭਕਾਰੀ ਦੇਸੀ ਗਊਆਂ ਤੇ ਬਲਦਾਂ ਦੀ ਸੰਭਾਲ ਕੀਤੀ ਜਾਵੇ।
ਕੈਂਡਲ ਮਾਰਚ ਦੌਰਾਨ ਅਵਾਰਾ ਪਸ਼ੂ ਸੰਘਰਸ਼ ਕਮੇਟੀ ਦੇ ਬੱਬੀ ਦਾਨੇਵਾਲੀਆ, ਡਾ. ਜਨਕ ਰਾਜ ਸਿੰਗਲਾ, ਬਲਵਿੰਦਰ ਸਿੰਘ ਕਾਕਾ, ਧਰਮਵੀਰ ਵਾਲੀਆ, ਪ੍ਰੇਮ ਅਗਰਵਾਲ, ਮਨਜੀਤ ਸਿੰਘ ਸਦਿਓੜਾ, ਡਾ. ਤੇਜਿੰਦਰਪਾਲ ਸਿੰਘ ਰੇਖੀ, ਰਮਨ ਗੁਪਤਾ, ਗੁਰਲਾਭ ਸਿੰਘ, ਜਤਿੰਦਰ ਆਗਰਾ, ਬਿੱਕਰ ਮੰਘਾਣੀਆ, ਸਮੀਰ ਛਾਬੜਾ, ਹਰਿੰਦਰ ਸਿੰਘ ਮਾਨਸ਼ਾਹੀਆ, ਜਸਵੀਰ ਕੌਰ ਨੱਤ, ਗੁਰਪ੍ਰੀਤ ਸਿੰਘ ਗੋਰਾ ਸੂਬਾ ਪ੍ਰਧਾਨ ਗਊ ਰਕਸ਼ਾ ਬਜਰੰਗ ਦਲ, ਜ਼ਿਲਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਪ੍ਰੇਮ ਅਰੋੜਾ, ਨਗਰ ਕੌਂਸਲ ਪ੍ਰਧਾਨ ਮਨਦੀਪ ਸਿੰਘ ਗੋਰਾ, ਸੀ.ਪੀ.ਆਈ ਦੇ ਜ਼ਿਲਾ ਸਕੱਤਰ ਕ੍ਰਿਸ਼ਨ ਚੌਹਾਨ, ਜਗਮੋਹਨ ਸੇਠੀ, ਵਿਸ਼ਾਲ ਗੋਲਡੀ, ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਰਘਵੀਰ ਸਿੰਘ, ਯੂਥ ਅਕਾਲੀ ਦਲ ਦੇ ਸਾਬਕਾ ਜ਼ਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਬਣਾਂਵਾਲੀ, ਆਪ ਆਗੂ ਨੀਲ ਗਰਗ, ਭਾਜਪਾ ਆਗੂ ਦਇਆ ਸਿੰਘ ਸੋਢੀ, ਰੁਲਦੂ ਸਿੰਘ ਮਾਨਸਾ, ਸਿਮਰਜੀਤ ਮਾਨਸ਼ਾਹੀਆ, ਸਤੀਸ਼ ਸਿੰਗਲਾ, ਨਰੇਸ਼ ਸ਼ਰਮਾ, ਜਗਪ੍ਰੀਤ ਸਿੰਘ ਜੱਗ ਆਦਿ ਸਮੇਤ ਭਾਰੀ ਗਿਣਤੀ ਵਿੱਚ ਮਾਨਸਾ ਦੇ ਵਸਨੀਕ ਸ਼ਾਮਲ ਸਨ।
ਇਸ ਮੌਕੇ ਪਿਛਲੇ ਦਿਨੀਂ ਅਵਾਰਾ ਪਸ਼ੂਆਂ ਕਾਰਣ ਹੋਏ ਸੜਕੀ ਹਾਦਸੇ ਵਿੱਚ ਮੌਤ ਦਾ ਸ਼ਿਕਾਰ ਹੋਏ ਸਵਰਗੀ ਨਵਨੀਤ ਸਿੰਘ ਭੁੱਲਰ, ਪਵਨ ਕੁਮਾਰ ਬੌਬੀ ਅਤੇ ਜਗਦੀਸ਼ ਐਮ.ਸੀ. ਚੀਮਾ ਦੇ ਪਰਿਵਾਰਾਂ ਦੇ ਮੈਂਬਰਾਂ ਨੇ ਇਸ ਕੈਂਡਲ ਮਾਰਚ ਦੀ ਅਗਵਾਈ ਕੀਤੀ।


author

Bharat Thapa

Content Editor

Related News