ਸ਼ਹਿਰ ’ਚ ਨਿਕਾਸੀ ਦੇ ਪ੍ਰਬੰਧ ਠੀਕ ਨਹੀਂ ਐੱਸ. ਡੀ. ਐੱਮ. ਤੋਂ ਨਾਕਾਮੀਅਾਂ ਲਕਾਉਂਦੇ ਰਹੇ ਕੌਂਸਲ ਅਧਿਕਾਰੀ

Thursday, Jul 19, 2018 - 06:35 AM (IST)

 ਕੁਰਾਲੀ,  (ਬਠਲਾ)-  ਨਗਰ ਕੌਂਸਲ ਵਲੋਂ ਸ਼ਹਿਰ ਦੇ ਬਰਸਾਤੀ ਪਾਣੀ ਦੇ ਨਿਕਾਸ ਦਾ ਠੋਸ ਪ੍ਰਬੰਧ ਨਾ ਕੀਤੇ ਜਾਣ ਦਾ ਖਮਿਆਜ਼ਾ ਅੱਜ ਸ਼ਹਿਰ ਵਾਸੀਆਂ ਨੂੰ ਭੁਗਤਣਾ ਪਿਆ। ਅੱਜ ਦੁਪਹਿਰ ਬਾਅਦ ਹੋਈ ਤੇਜ਼ ਬਾਰਿਸ਼  ਕਾਰਨ ਸਾਰੇ ਸ਼ਹਿਰ ਵਿਚ ਕਈ-ਕਈ ਫੁੱਟ ਪਾਣੀ ਭਰ ਗਿਆ ਤੇ ਅਣਗਿਣਤ ਘਰਾਂ ਅਤੇ ਦੁਕਾਨਾਂ ਵਿਚ ਪਾਣੀ ਦਾਖਲ ਹੋ ਗਿਆ। ਮੀਂਹ ਦੇ ਪਾਣੀ ਵਿਚ ਡੁੱਬੇ ਸ਼ਹਿਰ ਦੀ ਸੂਚਨਾ ਮਿਲਣ ’ਤੇ ਐੱਸ. ਡੀ. ਐੱਮ. ਖਰਡ਼ ਅਤੇ ਹਲਕਾ ਵਿਧਾਇਕ ਕੰਵਰ ਸੰਧੂ ਨੇ ਸ਼ਹਿਰ ਦਾ ਦੌਰਾ ਕੀਤਾ ਅਤੇ ਨਗਰ ਕੌਂਸਲ ਦੇ ਨਿਕਾਸੀ ਪ੍ਰਬੰਧ ਠੀਕ ਨਾ ਹੋਣ ਨੂੰ ਲੈ ਕੇ ਅਧਿਕਾਰੀਆਂ ਦੀ ਖਿਚਾਈ ਕੀਤੀ।  
 ਅੱਜ ਹੋਈ ਭਾਰੀ ਬਾਰਿਸ਼ ਤੋਂ ਬਾਅਦ ਸ਼ਹਿਰ ਦੇ ਕਈ ਵਾਰਡਾਂ ਅਤੇ ਬਾਜ਼ਾਰਾਂ ਵਿਚ ਕਈ-ਕਈ ਫੁੱਟ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਪਾਣੀ ਭਰਨ ਕਾਰਨ ਸਭ ਤੋਂ ਬੁਰੀ ਹਾਲਤ ਫਵਾਰਾ ਚੌਕ, ਮਾਤਾ ਰਾਣੀ ਚੌਕ, ਵਾਰਡ ਨੰਬਰ 15,  ਮੇਨ ਬਾਜ਼ਾਰ, ਸਬਜ਼ੀ ਮੰਡੀ, ਨਗਰ ਖੇਡ਼ਾ ਚੌਕ ਤੇ ਚਨਾਲੋਂ ਵਿਚ ਹੋਈ।  ਚਨਾਲੋਂ ਦੇ ਕਈ ਘਰਾਂ ਵਿਚ ਪਾਣੀ ਭਰਨ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਮੀਂਹ ਤੋਂ ਬਾਅਦ ਸ਼ਹਿਰ ਦੇ ਰਾਸ਼ਟਰੀ ਮਾਰਗ ਕੁਰਾਲੀ-ਚੰਡੀਗਡ਼੍ਹ ਰੋਡ, ਰੋਪਡ਼ ਰੋਡ, ਸਿਸਵਾਂ ਰੋਡ ਤੋਂ ਇਲਾਵਾ ਮੋਰਿੰਡਾ ਰੋਡ ਸਮੇਤ ਸ਼ਹਿਰ ਦੇ ਕਈ ਹਿੱਸੇ ਤਾਲਾਬ ਦਾ ਰੂਪ ਧਾਰਨ ਕਰ ਗਏ।  ਦੁਪਹਿਰ ਦੇ ਸਮੇਂ ਸਕੂਲ ਦੀ ਛੁੱਟੀ ਹੋਣ ਤੋਂ ਬਾਅਦ ਕੁਝ ਸਮਾਂ ਪਹਿਲਾਂ ਹੋਈ ਬਾਰਿਸ਼ ਦਾ ਪਾਣੀ ਖਾਲਸਾ ਸਕੂਲ ਦੇ ਅੱਗੇ ਕਈ-ਕਈ ਫੁੱਟ ਭਰ ਗਿਆ ਤੇ ਛੁੱਟੀ ਹੋਣ ਤੋਂ ਬਾਅਦ ਬੱਚਿਆਂ ਨੂੰ ਆਪਣੀ ਜਾਨ ਜੋਖਿਮ ਵਿਚ ਪਾ ਕੇ  ਘਰ ਪੁੱਜਣ ਲਈ ਮਜਬੂਰ ਹੋਣਾ ਪਿਆ।  
 ਇਸ ਦੌਰਾਨ ਸ਼ਹਿਰ ਵਾਸੀਆਂ ਨੇ ਜਲ-ਥਲ ਹੋਏ ਸ਼ਹਿਰ ਦੇ ਨਿਕਾਸੀ ਪ੍ਰਬੰਧਾਂ ਦੀ ਕਮੀ ਦਾ ਮਾਮਲਾ ਡਿਪਟੀ ਕਮਿਸ਼ਨਰ ਮੋਹਾਲੀ ਤੇ ਹਲਕਾ ਵਿਧਾਇਕ ਕੰਵਰ ਸੰਧੂ ਦੇ ਧਿਆਨ ਵਿਚ ਲਿਆਂਦਾ। ਡਿਪਟੀ ਕਮਿਸ਼ਨਰ  ਦੀਆਂ ਹਦਾਇਤਾਂ ਅਨੁਸਾਰ ਐੱਸ. ਡੀ. ਐੱਮ.  ਤੁਰੰਤ ਸ਼ਹਿਰ ਵਿਚ ਪਹੁੰਚ ਗਏ। ਇਸ ਦੌਰਾਨ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਪਿਛਲੇ ਪੰਜ ਸਾਲਾਂ ਤੋਂ ਪਿੰਡ ਚਨਾਲੋਂ ਦੀ ਪੁਲੀ ਤੇ ਬਡਾਲੀ ਰੋਡ ਦੇ ਰੇਲਵੇ ਅੰਡਰਬ੍ਰਿਜ ਵਿਚ ਜਮ੍ਹਾ ਹੋਏ ਪਾਣੀ ਨੂੰ ਕੱਢਣ ਲਈ ਚੱਲ ਰਹੇ ਕੰਮ ਦਿਖਾ ਕੇ ਐੱਸ. ਡੀ. ਐੱਮ. ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ।
 ਇਸ ਦੌਰਾਨ ਮਾਤਾ ਰਾਣੀ ਚੌਕ ਦੇ ਦੁਕਾਨਦਾਰਾਂ ਰਾਮ ਦੇਵ ਬੰਸਲ, ਜਸਵੀਰ ਸਿੰਘ ਤੇ ਹੋਰਨਾਂ ਨੇ ਕੌਂਸਲ ਅਧਿਕਾਰੀਆਂ ਵਲੋਂ ਐੱਸ. ਡੀ. ਐੱਮ. ਨੂੰ ਗੁੰਮਰਾਹ ਕਰਕੇ ਪੁਰਾਣੇ ਮਾਮਲੇ ਦਿਖਾ ਕੇ ਨਿਕਾਸੀ ਪ੍ਰਬੰਧਾਂ ਵਿਚ ਕੀਤੀ ਜਾ ਰਹੀ ਢਿੱਲ ਤੇ ਪੱਖਪਾਤ ਨੂੰ ਲੁਕਾਉਣ ਦਾ ਸਖਤ ਵਿਰੋਧ ਕਰਦੇ ਹੋਏ ਮੌਕੇ ’ਤੇ ਹੀ ਇਤਰਾਜ਼ ਜਤਾਇਆ ਗਿਅਾ। 
ਦੁਕਾਨਦਾਰਾਂ ਦੇ ਰੋਸ ਨੂੰ ਵੇਖਦੇ ਹੋਏ ਐੱਸ. ਡੀ. ਐੱਮ. ਨੇ ਮੋਰਿੰਡਾ ਰੋਡ ’ਤੇ  ਕੰਧ ਕਰ ਕੇ ਬੰਦ ਕੀਤੇ ਨਿਕਾਸੀ ਨਾਲੇ ਤੇ ਮਾਤਾ ਰਾਣੀ ਚੌਕ ਤਕ ਸ਼ਹਿਰ ਵਿਚ ਇਸ ਕਾਰਨ ਭਰਿਆ ਬਾਰਿਸ਼ ਦਾ ਪਾਣੀ ਵੇਖਿਆ। ਦੁਕਾਨਦਾਰਾਂ ਨੇ ਦੱਸਿਆ ਕਿ ਮੋਰਿੰਡਾ ਰੋਡ ’ਤੇ  ਕੰਧ ਕਰ ਕੇ ਬੰਦ ਕੀਤੇ ਨਿਕਾਸੀ ਨਾਲੇ ਕਾਰਨ ਹੀ ਸ਼ਹਿਰ ਵਿਚ ਪਾਣੀ ਭਰਿਆ ਹੈ।  ਦੁਕਾਨਦਾਰਾਂ ਵਲੋਂ ਦੱਸੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐੱਸ. ਡੀ. ਐੱਮ. ਨੇ ਜਦੋਂ ਨਾਲੇ ਵਿਚਲੀ ਕੰਧ ਬਾਰੇ ਕੌਂਸਲ ਦੇ ਅਧਿਕਾਰੀਆਂ ਤੋਂ ਪੁੱਛਿਆ ਤਾਂ ਅਧਿਕਾਰੀ ਕੋਈ ਜਵਾਬ ਨਹੀਂ ਦੇ ਸਕੇ।  
ਇਸ ਦੌਰਾਨ ਕਾਰਜਸਾਧਕ ਅਫਸਰ ਗੁਰਦੀਪ ਸਿੰਘ ਨੇ ਕਿਹਾ ਕਿ ਨਾਲੇ ਵਿਚਲੀ  ਕੰਧ ਨੂੰ ਤੋਡ਼ਨ ਦੀ ਹਦਾਇਤ ਕੀਤੀ ਗਈ ਹੈ। ਮੌਕੇ ’ਤੇ ਮੌਜੂਦ ਸੈਨੇਟਰੀ ਇੰਸਪੈਕਟਰ ਅਸ਼ੋਕ ਕੁਮਾਰ ਨੇ ਜਦੋਂ ਐੱਸ. ਡੀ. ਐੱਮ. ਨੂੰ ਦੱਸਿਆ ਕਿ ਉਨ੍ਹਾਂ ਨੂੰ  ਕੰਧ ਤੋਡ਼ਨ ਦੀ ਹਦਾਇਤ ਅੱਜ ਹੀ ਹੋਈ ਹੈ ਤਾਂ ਇਸ ਦੌਰਾਨ ਹਲਕਾ ਵਿਧਾਇਕ ਕੰਵਰ ਸੰਧੂ ਵੀ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਨੇ ਸ਼ਹਿਰ ਦੇ ਨਿਕਾਸੀ ਪ੍ਰਬੰਧਾਂ ’ਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਐੱਸ. ਡੀ. ਐੱਮ. ਤੇ ਕੌਂਸਲ ਅਧਿਕਾਰੀਆਂ ਨੂੰ ਸ਼ਹਿਰ ਦਾ ਨਿਕਾਸੀ ਪ੍ਰਬੰਧ ਤੁਰੰਤ ਠੀਕ ਕਰਨ ਦੀ ਹਦਾਇਤ ਕੀਤੀ।   
 ਇਸ ਦੌਰਾਨ ਚਨਾਲੋਂ ਦੀ ਕੌਂਸਲਰ ਕੁਲਵੰਤ ਕੌਰ ਪਾਬਲਾ ਤੇ ਵਾਰਡ ਨੰਬਰ 9 ਦੇ ਕੌਂਸਲਰ ਬਹਾਦਰ ਸਿੰਘ ਓ. ਕੇ.  ਨੇ ਚਨਾਲੋਂ ਤੇ ਚੰਡੀਗਡ਼੍ਹ ਰੋਡ ਦੇ ਨਿਕਾਸੀ ਪ੍ਰਬੰਧਾਂ ਦਾ ਮਾਮਲਾ ਐੱਸ. ਡੀ. ਐੱਮ. ਦੇ ਧਿਆਨ ਵਿਚ ਲਿਆਂਦਾ ਤੇ ਇਸ ਸਮੱਸਿਆ ਦੇ ਹੱਲ ਦੀ ਮੰਗ ਕੀਤੀ। ਐੱਸ. ਡੀ. ਐੱਮ.  ਨੇ ਸ਼ਹਿਰ ਦੇ ਬਰਸਾਤੀ ਪਾਣੀ ਦੇ ਨਾਕਾਮ ਪ੍ਰਬੰਧ ਦੇਖਣ ਤੇ ਸ਼ਹਿਰ ਨਿਵਾਸੀਆਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਰਸਾਤੀ ਪਾਣੀ ਲਈ ਠੋਸ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ।  
 


Related News