ਲਾਪ੍ਰਵਾਹੀ : ਮੀਂਹ ਨਾਲ ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਕਰੋੜਾਂ ਦਾ ਡਰਾਈਫਰੂਟ ਖ਼ਰਾਬ

09/12/2021 2:08:06 PM

ਅੰਮ੍ਰਿਤਸਰ (ਨੀਰਜ) : ਇਕ ਪਾਸੇ ਜਿੱਥੇ ਤਾਲਿਬਾਨ ਦੇ ਕਬਜ਼ੇ ਦੇ ਚੱਲਦੇ ਭਾਰਤ-ਅਫਗਾਨਿਸਤਾਨ ਕਾਰੋਬਾਰ ’ਤੇ ਆਫ਼ਤ ਦੇ ਬੱਦਲ ਛਾਏ ਹੋਏ ਹਨ। ਉਥੇ ਹੀ ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਐੱਲ. ਪੀ. ਏ. ਆਈ. (ਲੈਂਡ ਪੋਰਟ ਅਥਾਰਿਟੀ ਆਫ ਇੰਡੀਆ) ਦੀ ਵੱਡੀ ਲਾਪ੍ਰਵਾਹੀ ਵੇਖਣ ਨੂੰ ਮਿਲ ਰਹੀ ਹੈ। ਜਾਣਕਾਰੀ ਅਨੁਸਾਰ ਆਈ. ਸੀ. ਪੀ. ’ਤੇ ਆਯਾਤ ਵਸਤਾਂ ਨੂੰ ਰੱਖਣ ਲਈ ਬਣਾਏ ਗਏ ਗੋਦਾਮਾਂ ਦੀਆਂ ਛੱਤਾਂ ਤੋਂ ਮੀਂਹ ਦਾ ਪਾਣੀ ਟਪਕਣਾ ਸ਼ੁਰੂ ਹੋ ਗਿਆ ਹੈ ਜਿਸ ਨਾਲ ਇਸ ਗੋਦਾਮਾਂ ’ਚ ਰੱਖਿਆ ਕਰੋੜਾਂ ਰੁਪਿਆ ਦਾ ਡਰਾਈਫਰੂਟ ਖ਼ਰਾਬ ਹੋ ਗਿਆ ਹੈ। ਇਸ ਲਾਪ੍ਰਵਾਹੀ ਦੇ ਚਲਦੇ ਡਰਾਈਫਰੂਟ ਦਾ ਆਯਾਤ ਕਰਨ ਵਾਲੇ ਵਪਾਰੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵਪਾਰੀਆਂ ਨੇ ਇਸ ਸਬੰਧ ’ਚ ਕੇਂਦਰੀ ਵਿੱਤ ਮੰਤਰਾਲਾ ਨੂੰ ਵੀ ਸ਼ਿਕਾਇਤ ਕਰ ਦਿੱਤੀ ਹੈ ਅਤੇ ਮੁਆਵਜੇ ਦੀ ਮੰਗ ਵੀ ਕੀਤੀ ਹੈ। ਪਤਾ ਚੱਲਿਆ ਹੈ ਕਿ ਐੱਲ. ਪੀ. ਏ. ਆਈ. ਵੱਲੋਂ ਗੋਦਾਮਾਂ ਦੀਆਂ ਛੱਤਾਂ ’ਤੇ ਸੋਲਰ ਸਿਸਟਮ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਸੀ ਜਿਸ ਨਾਲ ਛੱਤਾਂ ’ਤੇ ਹਲਕੀ ਦਰਾਰ ਆ ਗਈ ਅਤੇ ਇਸ ’ਚ ਪਾਣੀ ਭਰਨਾ ਸ਼ੁਰੂ ਹੋ ਗਿਆ। 

ਇਹ ਵੀ ਪੜ੍ਹੋ :  ਜ਼ਿਆਦਤੀਆਂ ਤੋਂ ਅੱਕੀ ਐੱਨ. ਆਰ. ਆਈ. ਔਰਤ ਨੇ ਪੁਲਸ ’ਤੇ ਠੋਕਿਆ 8 ਕਰੋੜ ਮੁਆਵਜ਼ੇ ਦਾ ਕੇਸ

ਵਪਾਰੀਆਂ ਤੋਂ ਵਸੂਲ ਕੀਤੇ ਜਾਂਦੇ ਹਨ ਡੈਮਰੇਜ ਚਾਰਜਿਜ
ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਅਫਗਾਨਿਸਤਾਨ ਤੋਂ ਕੀਤੇ ਜਾਣ ਵਾਲੇ ਆਯਾਤ ਦੀ ਗੱਲ ਕਰੀਏ ਤਾਂ ਪਤਾ ਚੱਲਦਾ ਹੈ ਕਿ ਜਿਵੇਂ ਹੀ ਅਫਗਾਨਿਸਤਾਨ ਦਾ ਡਰਾਈਫਰੂਟ ਆਈ. ਸੀ. ਪੀ. ’ਤੇ ਉਤਰਦਾ ਹੈ ਅਤੇ ਇਸ ਨੂੰ ਗੋਦਾਮਾਂ ’ਚ ਰੱਖਿਆ ਜਾਂਦਾ ਹੈ ਤਾਂ ਪਹਿਲਾਂ ਦਿਨ ਤੋਂ ਹੀ ਸਬੰਧਤ ਵਿਭਾਗ ਵਪਾਰੀਆਂ ਤੋਂ ਡੈਮਰੇਜ ਚਾਰਜਿਜ ਵਸੂਲ ਕਰਨਾ ਸ਼ੁਰੂ ਕਰ ਦਿੰਦਾ ਹੈ। ਕਈ ਵਾਰ ਤਾਂ ਅਜਿਹੇ ਹਾਲਾਤ ਵੀ ਬਣੇ ਹਨ ਜਦੋਂ ਡੈਮਰੇਜ ਚਾਰਜਿਜ ਗੋਦਾਮ ’ਚ ਪਈ ਵਸਤਾਂ ਦੇ ਮੁੱਲ ਤੋਂ ਵੀ ਜ਼ਿਆਦਾ ਬਣ ਜਾਂਦੇ ਹਨ । ਪਾਕਿਸਤਾਨ ਤੋਂ ਆਯਾਤ ਵਸਤਾਂ ’ਤੇ ਜਦੋਂ ਭਾਰਤ ਸਰਕਾਰ ਦੇ ਵੱਲੋਂ 200 ਫ਼ੀਸਦੀ ਕਸਟਮ ਡਿਊਟੀ ਲਗਾਈ ਗਈ ਸੀ ਵਪਾਰੀਆਂ ਨੇ ਆਈ. ਸੀ. ਪੀ. ਦੇ ਗੋਦਾਮਾਂ ’ਚ ਰੱਖਿਆ ਕਰੋਡ਼ਾਂ ਰੁਪਿਆ ਦਾ ਮਾਲ ਨਹੀਂ ਚੁੱਕਿਆ ਸੀ ਅਤੇ ਇਸ ਮਾਲ ’ਤੇ ਕਈ ਗੁਣਾ ਜ਼ਿਆਦਾ ਡੈਮਰੇਜ ਚਾਰਜਿਜ ਲੱਗ ਗਏ ਸਨ।

ਰੋਜ਼ਾਨਾ ਆ ਰਹੇ ਹਨ 35 ਤੋਂ 40 ਅਫਗਾਨੀ ਟਰੱਕ
ਆਈ. ਸੀ. ਪੀ. ਅਟਾਰੀ ’ਤੇ ਅਫਗਾਨਿਸਤਾਨ ਤੋਂ ਆਉਣ ਵਾਲੇ ਟਰੱਕਾਂ ’ਤੇ ਨਜ਼ਰ ਮਰੀਏ ਤਾਂ ਪਤਾ ਚੱਲਦਾ ਹੈ ਕਿ ਤਾਲਿਬਾਨ ਦੇ ਕਬਜ਼ੇ ਦੇ ਬਾਵਜੂਦ ਅਫਗਾਨਿਸਤਾਨ ਤੋਂ 35 ਤੋਂ 40 ਟਰੱਕ ਰੋਜਾਨਾ ਆਈ. ਸੀ. ਪੀ. ’ਤੇ ਆ ਰਹੇ ਹਨ। ਤਾਲਿਬਾਨ ਮੌਜੂਦਾ ਸਮੇਂ ’ਚ ਤੁਰਖਮ ਅਤੇ ਚਮਨ ਬਾਰਡਰ ’ਤੇ ਵੀ ਕਬਜ਼ਾ ਕਰ ਚੁੱਕਿਆ ਹੈ ਪਰ ਅਜੇ ਤੱਕ ਭਾਰਤ ਦੀ ਵੱਲ ਜਾਣ ਵਾਲੇ ਡਰਾਈਫਰੂਟ ਦੇ ਟਰੱਕਾਂ ਨੂੰ ਤਾਲਿਬਾਨ ਨੇ ਨਹੀਂ ਰੋਕਿਆ ਹੈ ।

ਇਹ ਵੀ ਪੜ੍ਹੋ : ਪੰਜਾਬ ’ਚ ਵਧ ਰਹੇ ਅਪਰਾਧਾਂ ਲਈ ਕੈਪਟਨ ਅਮਰਿੰਦਰ ਸਿੱਧੇ ਤੌਰ ’ਤੇ ਜ਼ਿੰਮੇਵਾਰ : ਚੀਮਾ

21 ਕਰੋੜ ਦਾ ਟਰੱਕ ਸਕੈਨਰ ਪਹਿਲਾਂ ਹੀ ਖ਼ਰਾਬ
ਗੋਦਾਮਾਂ ਦੇ ਇਲਾਵਾ ਐੱਲ. ਪੀ. ਏ. ਆਈ. ਵੱਲੋਂ ਆਈ. ਸੀ. ਪੀ. ’ਤੇ ਲਗਾਇਆ ਗਿਆ 21 ਕਰੋੜ ਦਾ ਟਰੱਕ ਸਕੈਨਰ ਪਹਿਲਾਂ ਹੀ ਖ਼ਰਾਬ ਹੈ ਅਤੇ ਕਿਸੇ ਕੰਮ ਦਾ ਨਹੀਂ ਹੈ। ਕਸਟਮ ਵਿਭਾਗ ਦੇ ਵੱਲੋਂ ਇਸ ਸਬੰਧ ’ਚ ਕੇਂਦਰ ਸਰਕਾਰ ਨੂੰ ਨਵਾਂ ਸਕੈਨਰ ਲਗਾਉਣ ਦੀ ਲਿਖਤੀ ਅਪੀਲ ਵੀ ਕਈ ਵਾਰ ਕੀਤੀ ਜਾ ਚੁੱਕੀ ਹੈ। ਉਕਤ ਸਕੈਨਰ ਵਿਭਾਗ ਦੇ ਕਿਸੇ ਕੰਮ ਨਹੀਂ ਆ ਰਿਹਾ ਹੈ ਕਿਉਂਕਿ ਸਕੈਨਰ ਨਸ਼ੀਲੀ ਵਸਤਾਂ ਅਤੇ ਹਥਿਆਰਾਂ ਆਦਿ ਨੂੰ ਟਰੇਸ ਨਹੀਂ ਕਰ ਪਾ ਰਿਹਾ ਹੈ ।

ਇਕ ਅੰਤਰਰਾਸ਼ਟਰੀ ਇੰਟੈਗ੍ਰੇਟਿਡ ਚੈੱਕ ਪੋਸਟ ’ਤੇ ਜਿਸ ਤਰ੍ਹਾਂ ਦੀ ਅੰਤਰਰਾਸ਼ਟਰੀ ਪੱਧਰ ਦੀਆਂ ਸੁਵਿਧਾਵਾਂ ਮਿਲਣੀਆਂ ਚਾਹੀਦੀਆਂ ਹਨ, ਇਹੋ ਜਿਹੀਆਂ ਸੁਵਿਧਾਵਾਂ ਐੱਲ. ਪੀ. ਏ. ਆਈ. ’ਤੇ ਵਪਾਰੀਆਂ ਨੂੰ ਨਹੀਂ ਮਿਲ ਰਹੀਆਂ ਹਨ। ਆਈ. ਸੀ. ਪੀ. ਦੇ ਗੋਦਾਮਾਂ ਦੀਆਂ ਛੱਤਾਂ ਤੋਂ ਪਾਣੀ ਟਪਕ ਰਿਹਾ ਹੈ ਅਤੇ ਮਾਲ ਨੂੰ ਢੱਕਣ ਲਈ ਤਰਪਾਲਾਂ ਤੱਕ ਨਹੀਂ ਹਨ। ਸਬੰਧਤ ਅਧਿਕਾਰੀਆਂ ਖਿਲਾਫ ਕੇਂਦਰ ਸਰਕਾਰ ਨੂੰ ਸ਼ਿਕਾਇਤ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਉਚ ਅਧਿਕਾਰੀਆਂ (ਮਠਾਧੀਸ਼) ’ਤੇ ਕਾਰਵਾਈ ਹੋਵੇਗੀ ਜੋ ਸਾਲਾਂ ਤੋਂ ਇਕ ਹੀ ਸੀਟ ’ਤੇ ਵਿਰਾਜਮਾਨ ਹਨ। – ਅਨਿਲ ਮਹਿਰਾ (ਡਰਾਈਫਰੂਟ ਆਯਾਤਕਾਰ ਅਤੇ ਪ੍ਰਧਾਨ ਦਿ ਫੈੱਡਰੇਸ਼ਨ ਆਫ ਕਰਿਆਨਾ ਐਂਡ ਡਰਾਈਫਰੂਟ ਕਮਰਸ਼ੀਅਲ ਐਸੋਸੀਏਸ਼ਨ) ।

ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਇਸ ਜ਼ਿਲ੍ਹੇ ’ਚ ਮੀਂਹ ਕਾਰਨ ਫਸਲਾਂ ਦੇ ਹੋਏ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ ਦੇ ਦਿੱਤੇ ਹੁਕਮ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News