ਇਕ ਵਾਰ ਫਿਰ ਬਦਲੇਗਾ ਮੌਸਮ! ਆਉਣ ਵਾਲੇ ਦਿਨਾਂ 'ਚ ਤੇਜ਼ ਹਵਾਵਾਂ ਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ
Wednesday, Feb 28, 2024 - 06:10 AM (IST)
ਚੰਡੀਗੜ੍ਹ (ਪਾਲ): ਸ਼ਹਿਰ ’ਚ ਇਕ ਵਾਰ ਫਿਰ ਠੰਡ ਵਧ ਗਈ ਹੈ। ਕੁਝ ਦਿਨਾਂ ਤੋਂ ਤਾਪਮਾਨ ’ਚ ਲਗਾਤਾਰ ਵਾਧਾ ਹੋ ਰਿਹਾ ਸੀ ਪਰ ਐਤਵਾਰ ਰਾਤ ਤੋਂ ਇਕ ਵਾਰ ਫਿਰ ਤੋਂ ਤਾਪਮਾਨ ’ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਏ.ਕੇ. ਸਿੰਘ ਅਨੁਸਾਰ ਦੋ ਦਿਨ ਹੋਰ ਤਾਪਮਾਨ ਇਸੇ ਤਰ੍ਹਾਂ ਰਹੇਗਾ। 1 ਅਤੇ 2 ਮਾਰਚ ਨੂੰ ਸ਼ਹਿਰ ’ਚ ਮੀਂਹ ਅਤੇ ਗਰਜ ਹੋਣ ਦੀ ਸੰਭਾਵਨਾ ਹੈ। ਇਹ ਪੱਛਮੀ ਗੜਬੜੀ ਦਾ ਪ੍ਰਭਾਵ ਹੈ, ਜਿਸ ਕਾਰਨ ਮੀਂਹ ਪਵੇਗਾ। ਇਸ ਤੋਂ ਇਲਾਵਾ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲਣਗੀਆਂ। 3 ਮਾਰਚ ਤੋਂ ਮੌਸਮ ਸਾਫ਼ ਹੋ ਜਾਵੇਗਾ।
ਇਹ ਵੀ ਪੜ੍ਹੋ- ਸਹੇਲੀਆਂ ਨਾਲ ਘੁੰਮ ਰਹੀ ਵਿਦਿਆਰਥਣ ਅਚਾਨਕ ਹੋਸਟਲ ਦੇ ਕਮਰੇ 'ਚ ਗਈ, ਜਾ ਕੇ ਚੁੱਕ ਲਿਆ ਖ਼ੌਫ਼ਨਾਕ ਕਦਮ
ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ ਆਮ ਵਾਂਗ ਰਹੇਗਾ। ਇਸ ਸਮੇਂ ਪੂਰਬੀ ਹਵਾਵਾਂ ਚੱਲ ਰਹੀਆਂ ਹਨ। ਪਹਾੜਾਂ ’ਚ ਬਰਫ਼ਬਾਰੀ ਤੋਂ ਬਾਅਦ ਚੱਲ ਰਹੀਆਂ ਹਵਾਵਾਂ ਕਾਰਨ ਠੰਡ ਮਹਿਸੂਸ ਕੀਤੀ ਜਾ ਰਹੀ ਹੈ। ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 21.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 3 ਡਿਗਰੀ ਘੱਟ ਹੈ। ਘੱਟੋ-ਘੱਟ ਤਾਪਮਾਨ 12.9 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ ਇਕ ਡਿਗਰੀ ਵੱਧ ਸੀ।
ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਆਸਮਾਨ ਸਾਫ਼ ਰਹੇਗਾ। ਵੱਧ ਤੋਂ ਵੱਧ ਤਾਪਮਾਨ 25 ਜਦਕਿ ਘੱਟੋ ਘੱਟ ਤਾਪਮਾਨ 11 ਡਿਗਰੀ ਹੋ ਸਕਦਾ ਹੈ। ਵੀਰਵਾਰ ਨੂੰ ਬੱਦਲ ਛਾਏ ਰਹਿਣਗੇ। ਵੱਧ ਤੋਂ ਵੱਧ ਤਾਪਮਾਨ 26 ਜਦਕਿ ਘੱਟੋ ਘੱਟ ਤਾਪਮਾਨ 11 ਡਿਗਰੀ ਹੋ ਸਕਦਾ ਹੈ, ਜਦਕਿ ਸ਼ੁੱਕਰਵਾਰ ਨੂੰ ਗਰਜ ਨਾਲ ਮੀਂਹ ਪੈ ਸਕਦਾ ਹੈ। ਵੱਧ ਤੋਂ ਵੱਧ ਤਾਪਮਾਨ 24 ਜਦਕਿ ਘੱਟ ਤੋਂ ਘੱਟ ਤਾਪਮਾਨ 13 ਡਿਗਰੀ ਹੋ ਸਕਦਾ ਹੈ।
ਇਹ ਵੀ ਪੜ੍ਹੋ- ਰਾਤ ਸਮੇਂ ਆਟੋ 'ਚ ਬਿਠਾ ਕੇ ਲੁੱਟਦੇ ਸੀ ਸਵਾਰੀਆਂ, ਪੁਲਸ ਨੇ ਗਿਰੋਹ ਦੇ 3 ਮੈਂਬਰ ਚੋਰੀ ਦੇ ਸਾਮਾਨ ਸਣੇ ਕੀਤੇ ਕਾਬੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e