2 ਘੰਟਿਆਂ ਦੀ ਬਾਰਿਸ਼ ਨਾਲ ਜਲਥਲ ਹੋਇਆ ਸ਼ਹਿਰ, ਬਾਜ਼ੀਗਰ ਬਸਤੀ ਦੇ ਲੋਕਾਂ ਨੇ ਜਤਾਇਆ ਰੋਸ

Friday, Aug 21, 2026 - 04:10 PM (IST)

2 ਘੰਟਿਆਂ ਦੀ ਬਾਰਿਸ਼ ਨਾਲ ਜਲਥਲ ਹੋਇਆ ਸ਼ਹਿਰ, ਬਾਜ਼ੀਗਰ ਬਸਤੀ ਦੇ ਲੋਕਾਂ ਨੇ ਜਤਾਇਆ ਰੋਸ

ਤਪਾ ਮੰਡੀ (ਸ਼ਾਮ, ਗਰਗ): ਸਥਾਨਕ ਇਲਾਕੇ ਵਿਚ ਅੱਜ ਸਵੇਰੇ ਲਗਾਤਾਰ ਕਰੀਬ ਦੋ ਘੰਟੇ ਪਈ ਭਾਰੀ ਬਾਰਿਸ਼ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿਚ ਜਲਥਲ ਦੀ ਸਥਿਤੀ ਬਣ ਗਈ। ਨੀਵੀਆਂ ਥਾਵਾਂ ’ਤੇ ਪਾਣੀ ਹੀ ਪਾਣੀ ਨਜ਼ਰ ਆਇਆ, ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ ’ਤੇ ਸੜਕਾਂ ’ਤੇ ਪਾਣੀ ਖੜ੍ਹਾ ਹੋਣ ਕਾਰਨ ਛੋਟੇ ਵਾਹਨ ਚਾਲਕਾਂ ਨੂੰ ਵੀ ਪ੍ਰੇਸ਼ਾਨੀ ਝੱਲਣੀ ਪਈ। ਨੀਵੀਆਂ ਥਾਵਾਂ ’ਤੇ ਮੀਂਹ ਦਾ ਪਾਣੀ ਘਰਾਂ ਵਿੱਚ ਦਾਖਲ ਹੋਣ ਦੀਆਂ ਸੂਚਨਾਵਾਂ ਵੀ ਮਿਲੀਆਂ। ਹਾਲਾਂਕਿ ਇਸ ਬਾਰਿਸ਼ ਨੇ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਦਿੱਤੀ ਅਤੇ ਝੋਨੇ ਦੀ ਫ਼ਸਲ ਲਈ ਵੀ ਇਹ ਮੀਂਹ ਲਾਹੇਵੰਦ ਮੰਨਿਆ ਜਾ ਰਿਹਾ ਹੈ। 

PunjabKesari

ਇਸ ਦੌਰਾਨ ਮਾਤਾ ਦਾਤੀ ਰੋਡ ਸਥਿਤ ਬਾਜ਼ੀਗਰ ਬਸਤੀ ਦੇ ਵਸਨੀਕਾਂ ਨੇ ਪਾਣੀ ਦੀ ਨਿਕਾਸੀ ਅਤੇ ਸਫ਼ਾਈ ਪ੍ਰਬੰਧਾਂ ਨੂੰ ਲੈ ਕੇ ਰੋਸ ਪ੍ਰਗਟਾਇਆ। ਲੋਕਾਂ ਨੇ ਦੱਸਿਆ ਕਿ ਨਿਕਾਸੀ ਦਾ ਪੱਕਾ ਪ੍ਰਬੰਧ ਨਾ ਹੋਣ ਕਾਰਨ ਗੰਦਾ ਪਾਣੀ ਲੰਮੇ ਸਮੇਂ ਤੱਕ ਖੜ੍ਹਾ ਰਹਿੰਦਾ ਹੈ। ਪਾਈਪ ਲਾਈਨਾਂ ਅਤੇ ਸੀਵਰੇਜ ਬੰਦ ਰਹਿਣ ਕਾਰਨ ਸਮੱਸਿਆ ਹੋਰ ਗੰਭੀਰ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਰਾ ਦਿਨ ਮੱਛਰਾਂ ਦੀ ਭਰਮਾਰ ਰਹਿੰਦੀ ਹੈ, ਜਿਸ ਕਾਰਨ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਵਸਨੀਕਾਂ ਆਸੂ ਰਾਮ,ਵਿਸ਼ਨੂ ਰਾਮ,ਹੰਸ ਰਾਜ ਅਤੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਲੋਕ ਸੜਕ ਕਿਨਾਰੇ ਕੂੜੇ ਦੇ ਢੇਰ ਲਗਾ ਦਿੰਦੇ ਹਨ ਅਤੇ ਕੂੜਾ ਖੁੱਲ੍ਹੇ ਵਿੱਚ ਸੁੱਟਿਆ ਜਾਂਦਾ ਹੈ,ਜਿਸ ਕਾਰਨ ਇਲਾਕੇ ਵਿਚ ਹਰ ਸਮੇਂ ਬਦਬੂ ਫੈਲੀ ਰਹਿੰਦੀ ਹੈ। ਲੋਕਾਂ ਨੇ ਨਗਰ ਕੌਂਸਲ ਤੋਂ ਮੰਗ ਕੀਤੀ ਕਿ ਕੂੜੇ ਦੇ ਢੇਰ ਤੁਰੰਤ ਚੁੱਕਵਾਏ ਜਾਣ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ ਪੱਕਾ ਪ੍ਰਬੰਧ ਕੀਤਾ ਜਾਵੇ। 


author

Anmol Tagra

Content Editor

Related News