ਮੀਂਹ ਨੇ ਖੋਲ੍ਹੀ ਨਗਰ ਕੌਂਸਲ ਦੇ ਦਾਅਵਿਆਂ ਦੀ ਪੋਲ

Friday, Jul 07, 2017 - 07:41 AM (IST)

ਮੀਂਹ ਨੇ ਖੋਲ੍ਹੀ ਨਗਰ ਕੌਂਸਲ ਦੇ ਦਾਅਵਿਆਂ ਦੀ ਪੋਲ

ਰਾਜਪੁਰਾ - ਰਾਜਪੁਰਾ ਤੇ ਨਾਲ ਲਗਦੇ ਇਲਾਕੇ ਵਿਚ ਅੱਜ ਸਵੇਰੇ ਭਾਰੀ ਬਾਰਿਸ਼ ਨਾਲ ਜਿੱਥੇ ਕਿਸਾਨਾਂ ਦੇ ਚਿਹਰਿਆਂ 'ਤੇ ਰੌਣਕ ਆ ਗਈ ਹੈ, ਉਥੇ ਹੀ ਸ਼ਹਿਰ ਦੀਆਂ ਕਈ ਥਾਵਾਂ 'ਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਾਰਨ ਛੱਪੜ ਦਾ ਰੂਪ ਧਾਰ ਲਿਆ। ਕਈ ਕਾਲੋਨੀਆਂ ਦੀਆਂ ਗਲੀਆਂ 'ਚ ਖੜ੍ਹਾ ਬਰਸਾਤੀ ਪਾਣੀ ਨਗਰ ਕੌਂਸਲ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਿਹਾ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਪਈ ਭਰਵੀਂ ਬਾਰਿਸ਼ ਨੇ ਕਿਸਾਨਾਂ ਦੇ ਚਿਹਰਿਆਂ 'ਤੇ ਰੌਂਣਕ ਲਿਆ ਦਿੱਤੀ ਹੈ। ਬਾਰਿਸ਼ ਝੋਨੇ ਦੀ ਫਸਲ ਅਤੇ ਪਸ਼ੂਆਂ ਦੇ ਚਾਰੇ ਨੂੰ ਘਿਓ ਵਾਂਗ ਲੱਗੇਗੀ। ਦੂਜੇ ਪਾਸੇ ਸ਼ਹਿਰ ਦੀ ਆਦਰਸ਼ ਕਾਲੋਨੀ, ਨਗਰ ਕੌਂਸਲ ਨੂੰ ਜਾਣ ਵਾਲੀ ਸੜਕ, ਸ੍ਰੀ ਗੁਰੂ ਅਰਜਨ ਦੇਵ ਕਾਲੋਨੀ, ਸੁਭਾਸ਼ ਮਾਰਕੀਟ, ਬਾਂਸ ਬਾਜ਼ਾਰ, ਸਾਈਕਲ ਮਾਰਕੀਟ, ਓਵਰ ਬ੍ਰਿਜ ਨੇੜੇ ਡਾਲੀਮਾ ਵਿਹਾਰ ਦੀਆਂ ਸੜਕਾਂ 'ਤੇ ਬਾਰਿਸ਼ ਦੇ ਪਾਣੀ ਨੇ ਛੱਪੜ ਦਾ ਰੂਪ ਧਾਰ ਕੇ ਨਗਰ ਕੌਂਸਲ ਵੱਲੋਂ ਬਰਸਾਤਾਂ ਦੇ ਮੌਸਮ ਵਿਚ ਕੀਤੇ ਜਾਂਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਨਗਰ ਕੌਂਸਲ ਵੱਲੋਂ ਬਰਸਾਤੀ ਮੌਸਮ ਤੋਂ ਪਹਿਲਾਂ ਕਈ ਪ੍ਰਕਾਰ ਦੇ ਦਾਅਵੇ ਕੀਤੇ ਜਾ ਰਹੇ ਸਨ। ਅੱਜ ਸਵੇਰੇ ਪਏ ਭਾਰੀ ਮੀਂਹ ਨੇ ਕੌਂਸਲ ਦੇ ਇਨ੍ਹਾਂ ਦਾਆਵਿਆਂ 'ਤੇ ਪਾਣੀ ਫੇਰ ਕੇ ਰੱਖ ਦਿੱਤਾ। ਸ਼ਹਿਰ ਦੀਆਂ ਕਈ ਥਾਵਾਂ 'ਤੇ ਬਰਸਾਤੀ ਪਾਣੀ ਇਕੱਠਾ ਹੋ ਗਿਆ, ਜਿਸ ਕਰ ਕੇ ਸ਼ਹਿਰ ਵਾਸੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਸ਼ਹਿਰ ਵਾਸੀਆਂ ਨੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਗਲੀਆਂ ਦੀ ਸਫਾਈ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਆ ਰਹੇ ਬਰਸਾਤੀ ਮੌਸਮ ਵਿਚ ਕਿਸੇ ਪ੍ਰਕਾਰ ਦੀ ਕੋਈ ਪ੍ਰੇਸ਼ਾਨੀ ਪੇਸ਼ ਨਾ ਆ ਸਕੇ।


Related News