ਪਹਿਲੇ ਮੀਂਹ ਨੇ ਮਾਲਵੇ ਦੇ ਇਸ ਸ਼ਹਿਰ ਦਾ ਕੀਤਾ ਬੁਰਾ ਹਾਲ, ਬਣੇ ਹੜ੍ਹ ਵਰਗੇ ਹਾਲਾਤ (ਦੇਖੋ ਤਸਵੀਰਾਂ)

Thursday, Jun 27, 2024 - 01:52 PM (IST)

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਵਿਖੇ ਅੱਜ ਸਵੇਰ ਤੋਂ ਹੋ ਰਹੀ ਤੇਜ਼ ਬਰਸਾਤ ਕਾਰਨ ਭਾਵੇਂ ਲੋਕਾਂ ਨੇ ਗਰਮੀ ਤੋਂ ਵੱਡੀ ਰਾਹਤ ਮਹਿਸੂਸ ਕੀਤੀ ਪਰ ਦੂਜੇ ਪਾਸੇ ਇਸ ਤੇਜ਼ ਬਰਸਾਤ ਕਾਰਨ ਪੂਰਾ ਸ਼ਹਿਰ ਜਲ ਥਲ ਹੋ ਜਾਣ ਕਾਰਨ ਸ਼ਹਿਰ ਅੰਦਰ ਹੜ੍ਹ ਵਾਲੀ ਸਥਿਤੀ ਬਣ ਜਾਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਥਾਨਕ ਸ਼ਹਿਰ ਵਿਖੇ ਅੱਜ ਸਵੇਰ ਤੋਂ ਹੋ ਰਹੀ ਤੇਜ਼ ਬਰਸਾਤ ਕਾਰਨ ਸ਼ਹਿਰ ਦੀ ਬਲਿਆਲ ਰੋਡ, ਅਨਾਜ ਮੰਡੀ, ਰਵਿਦਾਸ ਕਲੋਨੀ, ਦਸ਼ਮੇਸ਼ ਨਗਰ, ਮੇਨ ਬਜ਼ਾਰ, ਜੈਨ ਕਲੋਨੀ, ਨਵੇ ਬੱਸ ਅੱਡੇ ਦੀ ਬੈਕ ਸਾਈਡ ਵਾਲੀਆਂ ਕਲੋਨੀਆਂ, ਹਸਪਤਾਲ ਰੋਡ, ਤਹਿਸੀਲ ਕੰਪਲੈਕਸ ਸਮੇਤ ਸ਼ਹਿਰ ਦਾ ਹਰ ਹਿੱਸਾ ਪੂਰੀ ਤਰ੍ਹਾਂ ਜਲਥਲ ਹੋਇਆ ਨਜ਼ਰ ਆਇਆ ਅਤੇ ਬਰਸਾਤ ਦਾ ਪਾਣੀ ਲੋਕਾਂ ਦੇ ਘਰ ਅਤੇ ਦੁਕਾਨਾਂ ’ਚ ਵੜ੍ਹ ਜਾਣ ਕਾਰਨ ਲੋਕਾਂ ਦਾ ਕਾਫ਼ੀ ਨੁਕਸਾਨ ਹੋ ਗਿਆ। 

PunjabKesari

ਸ਼ਹਿਰ ਅੰਦਰ ਸਾਰੀਆਂ ਸੜਕਾਂ ਅਤੇ ਗਲੀਆਂ ਪਾਣੀ ਨਾਲ ਭਰ ਕੇ ਝੀਲ ਦਾ ਰੂਪ ਧਾਰਨ ਕਰ ਜਾਣ ਕਾਰਨ ਲੰਘਣ ’ਚ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਹਾਮਣਾ ਕਰਨਾ ਪੈ ਰਿਹਾ ਸੀ ਅਤੇ ਸੜਕਾਂ ਉਪਰ ਕਈ ਕਈ ਫੁੱਟ ਪਾਣੀ ਖੜ੍ਹਾ ਹੋਣ ਕਾਰਨ ਮੋਟਰਸਾਈਕਲ ਅਤੇ ਕਾਰਾਂ ਪਾਣੀ ’ਚ ਫਸ ਕੇ ਬੰਦ ਹੋ ਜਾਣ ਕਾਰਨ ਇਨ੍ਹਾਂ ਵਾਹਨਾਂ ’ਤੇ ਸਵਾਰ ਲੋਕ ਬੇਹਾਲ ਹੋਏ ਨਜ਼ਰ ਆ ਰਹੇ ਸਨ। ਇਸ ਤੇਜ਼ ਬਰਸਾਤ ਕਾਰਨ ਸ਼ਹਿਰ ਅੰਦਰ ਬਿਜਲੀ ਸਪਲਾਈ ਗੁੱਲ ਹੋ ਜਾਣ ਕਾਰਨ ਲੋਕਾਂ ਦੀਆਂ ਪ੍ਰੇਸ਼ਾਨੀਆਂ ਹੋਰ ਵੱਧ ਗਈਆਂ। ਇਸ ਮੌਕੇ ਲੋਕ ਇਸ ਬਰਸਾਤ ਨਾਲ ਗਰਮੀ ਤੋਂ ਰਾਹਤ ਮਿਲਣ ਅਤੇ ਪ੍ਰਮਾਤਮਾਂ ਦਾ ਸ਼ੁਕਰਾਨਾ ਘੱਟ ਕਰਦੇ ਅਤੇ ਪ੍ਰਸ਼ਾਸਨ ਨੂੰ ਵੱਧ ਕੋਸਦੇ ਨਜ਼ਰ ਆਏ। ਇਲਾਕਾ ਨਿਵਾਸੀਆਂ ਨੇ ਰੋਸ ਜ਼ਾਹਿਰ ਕੀਤਾ ਕਿ ਪਿਛਲੇ ਦੋ ਦਿਹਾਕਿਆਂ ਤੋਂ ਵੱਧ ਸਮੇਂ ਤੋਂ ਹਰ ਵਾਰ ਬਰਸਾਤ ਹੋਣ ’ਤੇ ਸ਼ਹਿਰ ਦੇ ਜ਼ਿਆਦਾਤਰ ਗਲੀ ਮੁਹੱਲੇ ਅਤੇ ਪ੍ਰਮੁੱਖ ਸੜਕਾਂ ਬਰਸਾਤੀ ਪਾਣੀ ਨਾਲ ਝੀਲ ਦਾ ਰੂਪ ਧਾਰਨ ਕਰ ਜਾਂਦੀਆਂ ਹਨ ਪਰ ਕਿਸੇ ਪਾਰਟੀ ਦੀ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੋਈ ਉਚਿਤ ਪ੍ਰਬੰਧ ਕਰਨ ਦੇ ਯਤਨ ਤੱਕ ਨਹੀਂ ਕੀਤੇ ਗਏ।

PunjabKesari

ਸ਼ਹਿਰ ਅੰਦਰ ਮੇਨ ਬਜ਼ਾਰ, ਜੈਨ ਕਲੋਨੀ ਤੇ ਰਵਿਦਾਸ ਕਲੋਨੀ ’ਚੋਂ ਨਿਕਲਦਾ ਨਿਕਾਸੀ ਨਾਲਾ ਬੰਦ ਕਰ ਦੇਣ 'ਤੇ ਦੋਵੇਂ ਕਲੋਨੀਆਂ ਦੀਆਂ ਗਲੀਆਂ ਨੂੰ ਉਚਾ ਕਰ ਦੇਣ ਕਾਰਨ ਹੁਣ ਬਲਿਆਲ ਰੋਡ ਵੀ ਝੀਲ ਦਾ ਰੂਪ ਧਾਰਨ ਕਰ ਜਾਂਦੀ ਹੈ। ਜਿਥੋਂ ਕਈ ਪਿੰਡਾਂ ਦੇ ਲੋਕ ਲੰਘਦੇ ਹਨ ਤੇ ਹੁਣ ਇਥੇ ਪਾਣੀ ਖੜ੍ਹਾ ਹੋਣ ਕਾਰਨ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਜਿੱਥੇ ਲੰਘਣ ’ਚ ਮੁਸ਼ਕਲਾਂ ਪੇਸ਼ ਆਉਂਦੀਆਂ ਹਨ, ਉਥੇ ਹੀ ਬਰਸਾਤ ਦਾ ਪਾਣੀ ਇਥੇ ਸਥਿਤ ਮਾਰਕਿਟ ’ਚ ਦੁਕਾਨਾਂ ’ਚ ਭਰ ਜਾਣ ਕਾਰਨ ਵੱਡਾ ਨੁਕਸਾਨ ਕਰਦਾ ਹੈ। ਤੇਜ਼ ਬਰਸਾਤ ਕਾਰਨ ਸਥਾਨਕ ਸ਼ਹਿਰ ਦੀ ਬਲਿਆਲ ਰੋਡ ਉਪਰ ਸਥਿਤ ਐੱਫ.ਸੀ.ਆਈ ਦੇ ਗੌਦਾਮਾਂ ਦੀ ਕਈ ਫੁੱਟ ਲੰਬੀ ਚਾਰਦੀਵਾਰੀ ਇਕ ਵਾਰ ਫਿਰ ਢਹਿ ਢੇਰੀ ਹੋਈ ਨਜ਼ਰ ਆਈ। ਜ਼ਿਕਰਯੋਗ ਹੈ ਕਿ ਐੱਫ਼.ਸੀ.ਆਈ ਦੀ ਬਲਿਆਲ ਰੋਡ ਸਾਈਡ ਉਕਤ ਚਾਰਦੀਵਾਰੀ ਪਹਿਲਾਂ ਵੀ ਕਈ ਵਾਰ ਬਰਸਾਤ ਦੌਰਾਨ ਢਹਿ ਢੇਰੀ ਹੋ ਚੁੱਕੀ ਹੈ।

PunjabKesari


Gurminder Singh

Content Editor

Related News