ਸੀਤ ਲਹਿਰ ਦਾ ਕਹਿਰ, ਠੰਡ ਨਾਲ ਕੰਬੇ ਲੁਧਿਆਣਵੀ
Tuesday, Dec 17, 2019 - 03:41 PM (IST)
ਲੁਧਿਆਣਾ (ਜ. ਬ.) : ਪੱਛਮੀ ਚੱਕਰਵਾਤ ਕਾਰਨ ਪਹਾੜੀ ਇਲਾਕਿਆਂ 'ਚ ਭਾਰੀ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ 'ਚ ਪੈ ਰਹੇ ਮੀਂਹ ਨਾਲ ਸੀਤ ਲਹਿਰ ਦਾ ਪ੍ਰਕੋਪ ਇੰਨਾ ਵਧ ਗਿਆ ਹੈ ਕਿ ਲੁਧਿਆਣਾ ਵਾਸੀਆਂ ਦੀ ਜਾਨ 'ਤੇ ਬਣ ਆਈ ਹੈ। ਸਿਰ ਤੋਂ ਲੈ ਕੇ ਪੈਰਾਂ ਤੱਕ ਗਰਮ ਕੱਪੜਿਆਂ 'ਚ ਲਿਪਟੇ ਹੋਣ ਦੇ ਬਾਵਜੂਦ ਬਜ਼ੁਰਗ ਤੋਂ ਲੈ ਕੇ ਬੱਚਿਆਂ ਤੱਕ ਹਰ ਕੋਈ ਠੰਡ ਨਾਲ ਕੰਬਦਾ ਦਿਖਾਈ ਦੇ ਰਿਹਾ ਹੈ। ਸਵੇਰ ਤੋਂ ਲੈ ਕੇ ਸ਼ਾਮ ਢਲਣ ਤਕ ਸੂਰਜ ਦੇਵਤਾ ਦੇ ਦਰਸ਼ਨ ਕਰਨ ਲਈ ਲੋਕ ਤਰਸਦੇ ਰਹੇ। ਦੇਰ ਸ਼ਾਮ ਕੁਝ ਮਿੰਟਾਂ ਲਈ ਸੂਰਜ ਦੇਵਤਾ ਦੇ ਦਰਸ਼ਨ ਹੋਏ ਅਤੇ ਇਸ ਤੋਂ ਬਾਅਦ ਉਹ ਗਾਇਬ ਹੋ ਕੇ ਰਹਿ ਗਿਆ।
ਕਹਿਣ ਨੂੰ ਤਾਂ ਸਵੇਰ ਹੋਈ ਪਰ ਸ਼ਾਮ ਹੋਣ ਦਾ ਹੀ ਅਹਿਸਾਸ ਹੁੰਦਾ ਰਿਹਾ। ਪਿਛਲੇ ਦਿਨਾਂ ਦੀ ਤੁਲਨਾ 'ਚ ਸੜਕਾਂ 'ਤੇ ਆਵਾਜਾਈ ਸੀਤ ਲਹਿਰ ਕਾਰਣ ਪ੍ਰਭਾਵਿਤ ਰਹੀ। ਗਰੀਬ ਰਿਕਸ਼ਾ ਚਾਲਕ ਅਤੇ ਮਜ਼ਦੂਰ ਸੜਕਾਂ ਦੇ ਕਿਨਾਰਿਆਂ 'ਤੇ ਅੱਗ ਬਾਲ ਕੇ ਹੱਡੀਆਂ ਕੰਬਾ ਕੇ ਰੱਖ ਦੇਣ ਵਾਲੀ ਸੀਤ ਲਹਿਰ ਤੋਂ ਬਚਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ। ਖੇਤੀਬਾੜੀ ਵਿਭਾਗ ਦੀ ਮੰਨੀਏ ਤਾਂ ਉਨ੍ਹਾਂ ਦੇ ਮੁਤਾਬਕ ਇਹ ਸਰਦੀ ਕਣਕ ਦੀ ਫਸਲ ਲਈ ਲਾਭਦਾਇਕ ਹੈ ਪਰ ਜ਼ਿਆਦਾ ਮੀਂਹ ਅਤੇ ਬਰਫ ਪੈਣ ਨਾਲ ਕਣਕ ਦੀ ਫਸਲ ਨੂੰ ਨੁਕਸਾਨ ਹੋ ਸਕਦਾ ਹੈ।
8.3 ਡਿਗਰੀ ਅਧਿਕਤਮ ਤਾਪਮਾਨ
ਅਧਿਕਤਮ ਤਾਪਮਾਨ 8.3 ਡਿਗਰੀ ਸੈਲਸੀਅਸ ਦੀ ਗਿਰਾਵਟ ਦੇ ਨਾਲ 12.4 ਡਿਗਰੀ ਅਤੇ ਨਿਊਨਤਮ 2.8 ਡਿਗਰੀ ਸੈਲਸੀਅਸ ਦੇ ਵਾਧੇ ਨਾਲ 9.4 ਡਿਗਰੀ ਸੈਲਸੀਅਸ ਸਵੇਰ ਦੇ ਸਮੇਂ ਹਵਾ 'ਚ ਨਮੀ ਦੀ ਮਾਤਰਾ 2 ਫੀਸਦੀ ਵਾਧੇ ਨਾਲ 95 ਅਤੇ ਸ਼ਾਮ ਨੂੰ ਹਵਾ 25 ਫੀਸਦੀ ਵਾਧੇ ਨਾਲ 76 ਫੀਸਦੀ ਰਿਕਾਰਡ ਕੀਤੀ ਗਈ। ਪੀ. ਏ. ਯੂ. ਦੇ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਆਉਣ ਵਾਲੇ 24 ਘੰਟਿਆਂ ਦੌਰਾਨ ਸੀਤ ਲਹਿਰ ਦਾ ਪ੍ਰਕੋਪ ਜਾਰੀ ਰਹੇਗਾ। ਸਵੇਰ ਦੇ ਸਮੇਂ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।