ਸੰਗਰੂਰ ''ਚ ਕਹਿਰ ਬਣ ਕੇ ਵਰ੍ਹਿਆ ਮੀਂਹ, ਸੁੱਤੇ ਪਰਿਵਾਰ ''ਤੇ ਆ ਡਿੱਗੀ ਛੱਤ
Friday, May 29, 2020 - 04:43 PM (IST)
ਸੰਗਰੂਰ (ਹਨੀ ਕੋਹਲੀ) : ਸੰਗਰੂਰ ਦੇ ਧੂਰੀ ਵਿਚ ਬੀਤੀ ਰਾਤ ਪਏ ਤੇਜ਼ ਮੀਂਹ ਕਾਰਣ ਬਾਜੀਗਰ ਬਸਤੀ ਵਿਚ ਇਕ ਘਰ ਦੀ ਛੱਤ ਡਿੱਗ ਗਈ। ਇਸ ਹਾਦਸੇ ਵਿਚ ਇਕ ਮਹਿਲਾ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਅਤੇ ਉਸ ਦੀ ਲੱਤ ਟੁੱਟ ਗਈ ਜਦਕਿ ਪਰਿਵਾਰ ਦੇ ਕਈ ਮੈਂਬਰ ਮਲਬੇ ਹੇਠਾਂ ਦੱਬੇ ਗਏ ਜਿਸ ਤੋਂ ਬਾਅਦ ਆਂਢ-ਗੁਆਂਢ ਵਲੋਂ ਤੁਰੰਤ ਮਦਦ ਕਰਕੇ ਉਨ੍ਹਾਂ ਨੂੰ ਮਲਬੇ ਹੇਠੋਂ ਬਾਹਰ ਕੱਢਿਆ ਗਿਆ। ਲੋਕਾਂ ਦਾ ਕਹਿਣਾ ਹੈ ਕਿ ਇਹ ਪਰਿਵਾਰ ਬੇਹੱਦ ਗਰੀਬ ਹੈ ਅਤੇ ਸਰਕਾਰ ਨੂੰ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ।
ਉਧਰ ਪੀੜਤ ਪਰਿਵਾਰ ਦੇ ਮੈਂਬਰ ਜੀਤਾ ਰਾਮ ਨੇ ਕਿਹਾ ਕਿ ਉਹ ਡੇਢ ਸਾਲ ਤੋਂ ਸਰਕਾਰੀ ਮਦਦ ਦੀ ਉਡੀਕ ਕਰ ਰਹੇ ਹਨ। ਉਕਤ ਨੇ ਦੱਸਿਆ ਕਿ ਬੀਤੀ ਰਾਤ ਤੇਜ਼ ਮੀਂਹ ਤੋਂ ਬਾਅਦ ਉਨ੍ਹਾਂ ਦੇ ਘਰ ਦੀ ਛੱਤ ਡਿੱਗ ਗਈ ਅਤੇ ਉਹ ਲਗਾਤਾਰ ਸਰਕਾਰੀ ਅਧਿਕਾਰੀਆਂ ਨੂੰ ਫੋਨ ਕਰ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਧਰ ਲੋਕਾਂ ਨੇ ਕਿਹਾ ਕਿ ਜਿਵੇਂ ਹੀ ਛੱਤ ਡਿੱਗਣ ਦੀ ਆਵਾਜ਼ ਉਨ੍ਹਾਂ ਨੂੰ ਸੁਣੀ ਤਾਂ ਉਹ ਜਲਦੀ ਨਾਲ ਬਚਾਅ ਕੰਮ ਵਿਚ ਲੱਗ ਗਏ ਅਤੇ ਬੱਚੇ ਵੀ ਮਲਬੇ ਹੇਠਾਂ ਦੱਬੇ ਗਏ ਸਨ, ਜਿਨ੍ਹਾਂ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਗਿਆ। ਲੋਕਾਂ ਮੁਤਾਬਕ ਘਰ ਦਾ ਸਾਰਾ ਸਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਜਿਸ ਦੇ ਚੱਲਦੇ ਸਰਕਾਰ ਨੂੰ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ। ਇਸ ਦੌਰਾਨ ਚੰਗੀ ਗੱਲ ਇਹ ਰਹੀ ਕਿ ਘਟਨਾ 'ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ।