ਭਾਰੀ ਮੀਂਹ ਕਾਰਣ ਡਿੱਗੀ ਪੀਰ ਦੀ ਦਰਗਾਹ ਦੀ ਕੰਧ, ਸੇਵਾਦਾਰ ਦੀ ਮੌਤ

07/28/2021 6:14:25 PM

ਦੇਵੀਗੜ੍ਹ (ਭੁਪਿੰਦਰ) : ਬੀਤੇ ਦਿਨੀਂ ਪਿੰਡ ਦੁੱਧਨਸਾਧਾਂ ਵਿਖੇ ਭਾਰੀ ਬਾਰਿਸ਼ ਕਾਰਨ ਇਕ ਮਕਾਨ ਦੀ ਛੱਤ ਡਿੱਗਣ ਨਾਲ 2 ਮਾਸੂਮ ਬੱਚਿਆਂ ਦੀ ਮੌਤ ਹੋ ਗਈ ਸੀ। ਇਹੋ ਜਿਹੀ ਘਟਨਾ ਪਿੰਡ ਮਸੀਂਗਣ ਵਿਖੇ ਅੱਜ ਸਵੇਰੇ ਵਾਪਰ ਗਈ ਹੈ, ਜਿਥੇ ਭਾਰੀ ਬਾਰਿਸ਼ ਕਾਰਨ ਇਕ ਪੀਰ ਦੀ ਦਰਗਾਹ ਦੀ ਕੰਧ ਡਿੱਗਣ ਨਾਲ ਸੇਵਾਦਾਰ ਕ੍ਰਿਸ਼ਨ ਪੁੱਤਰ ਰੋਣਕੀ ਰਾਮ ਦੀ ਦੱਬਣ ਨਾਲ ਮੌਤ ਹੋ ਗਈ। ਇਸ ਦੌਰਾਨ ਹਲਕਾ ਇੰਚਾਰਜ ਵਲੋਂ ਜੋਗਿੰਦਰ ਸਿੰਘ ਕਾਕੜਾ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਮਦਦ ਦਾ ਭਰੋਸਾ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਪਿੰਡ ਮਸੀਂਗਣ ਦੇ ਪ੍ਰਮੁੱਖ ਗੁਰਦੁਆਰਾ ਸਾਹਿਬ ਨੇੜੇ ਇਕ ਪੀਰ ਦੀ ਪੁਰਾਣੀ ਦਰਗਾਹ ਹੈ, ਜਿਥੇ ਕ੍ਰਿਸ਼ਨ ਕੁਮਾਰ ਪਿਛਲੇ 30-40 ਸਾਲਾਂ ਤੋਂ ਸੇਵਾ ਕਰ ਰਿਹਾ ਸੀ।

ਅੱਜ ਸਵੇਰੇ ਭਾਰੀ ਬਾਰਿਸ਼ ਦੌਰਾਨ ਦਰਗਾਹ ਦੀ ਇਕ ਕੰਧ ਡਿੱਗ ਪਈ, ਜਿਸ ਨੂੰ ਦੇਖਣ ਲਈ ਸੇਵਾਦਾਰ ਨੇੜੇ ਗਿਆ ਤਾਂ ਕੰਧ ਦਾ ਦੂਜਾ ਹਿੱਸਾ ਸੇਵਾਦਾਰ ’ਤੇ ਡਿੱਗ ਪਿਆ, ਜਿਸ ਕਾਰਨ ਦੱਬਣ ਨਾਲ ਉਸ ਦੀ ਮੌਤ ਹੋ ਗਈ। ਇਸ ਘਟਨਾ ਬਾਰੇ ਜਦੋਂ ਸਰਪੰਚ ਗੁਰਨਾਮ ਸਿੰਘ ਨੂੰ ਪਤਾ ਲੱਗਾ ਤਾਂ ਉਸ ਨੇ ਇਸ ਦੀ ਸੂਚਨਾ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਥਾਣਾ ਜੁਲਕਾਂ ਦੀ ਪੁਲਸ ਨੂੰ ਦਿੱਤੀ। ਇਸ ਦੌਰਾਨ ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਵਲੋਂ ਜੋਗਿੰਦਰ ਸਿੰਘ ਕਾਕੜਾ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਪੂਰੀ ਮਦਦ ਦਾ ਭਰੋਸਾ ਦਿੱਤਾ। ਪੁਲਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਰਜਿੰਦਰਾ ਹਸਪਤਾਲ ਭੇਜ ਦਿੱਤਾ।


Gurminder Singh

Content Editor

Related News