ਵੱਡੇ-ਵੱਡੇ ਦਾਅਵੇ ਕਰਨ ਵਾਲੇ ਰੇਲਵੇ ਵਿਭਾਗ ਦੀਆਂ ਗੱਡੀਆਂ ਦੀ ਹਾਲਤ ਤਰਸਯੋਗ, ਸੁਰੱਖਿਆ ਰੱਬ ਭਰੋਸੇ

Sunday, Jun 18, 2023 - 05:37 PM (IST)

ਵੱਡੇ-ਵੱਡੇ ਦਾਅਵੇ ਕਰਨ ਵਾਲੇ ਰੇਲਵੇ ਵਿਭਾਗ ਦੀਆਂ ਗੱਡੀਆਂ ਦੀ ਹਾਲਤ ਤਰਸਯੋਗ, ਸੁਰੱਖਿਆ ਰੱਬ ਭਰੋਸੇ

ਅੰਮ੍ਰਿਤਸਰ (ਜਸ਼ਨ)- ਭਾਰਤੀ ਰੇਲਵੇ ਆਪਣੀਆਂ ਰੇਲ ਗੱਡੀਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਨਹੀਂ ਹੈ ਜਾਂ ਕੁਝ ਹੋਰ ਹੈ? ਰੇਲਵੇ ਯਾਤਰੀਆਂ ਲਈ ਇਹ ਵੱਡਾ ਸਵਾਲ ਬਣ ਗਿਆ ਹੈ। ਇਕ ਪਾਸੇ ਰੇਲਵੇ ਪ੍ਰਸ਼ਾਸਨ ਰੇਲ ਯਾਤਰੀਆਂ ਦੀ ਸੁਰੱਖਿਆ ਦੇ ਵੱਡੇ-ਵੱਡੇ ਦਾਅਵੇ ਕਰਦਾ ਹੈ ਪਰ ਅਸਲੀਅਤ ਕਿਸੇ ਤੋਂ ਲੁਕੀ ਨਹੀਂ ਹੈ। ਹਰ ਸਾਲ ਪੇਸ਼ ਕੀਤੇ ਜਾਣ ਵਾਲੇ ਬਜਟ ’ਚ ਰੇਲ ਮੰਤਰਾਲਾ ਰੇਲ ਗੱਡੀਆਂ ਦੇ ਰੱਖ-ਰਖਾਅ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਪ੍ਰਬੰਧ ਕਰਨ ਦੇ ਵੱਡੇ-ਵੱਡੇ ਦਾਅਵੇ ਕਰਦਾ ਹੈ ਅਤੇ ਲੋਕਾਂ ਨੂੰ ਦੁਨੀਆ ’ਚ ਚੱਲ ਰਹੀਆਂ ਬੁਲੇਟ ਟਰੇਨਾਂ ਵਰਗੇ ਸੁਫ਼ਨੇ ਦਿਖਾਉਂਦੀ ਹੈ ਪਰ ਮੌਜੂਦਾ ਸਮੇਂ ’ਚ ਰੇਲ ਗੱਡੀਆਂ ਰੇਲ ਪੱਟੜੀ ’ਤੇ ਹਜ਼ਾਰਾਂ ਯਾਤਰੀਆਂ ਨੂੰ ਲੈ ਕੇ ਆ ਜਾ ਰਹੀਆਂ ਹਨ। ਰੇਲਵੇ ਇਸ ਦੇ ਰੱਖ-ਰਖਾਅ ਅਤੇ ਯਾਤਰੀਆਂ ਦੀ ਸੁਰੱਖਿਆ ਪ੍ਰਤੀ ਕੋਈ ਗੰਭੀਰਤਾ ਨਹੀਂ ਦਿਖਾ ਰਿਹਾ ਹੈ।

‘ਜਗ ਬਾਣੀ’ ਦੀ ਟੀਮ ਨੇ ਜਦੋਂ ਰੇਲ ਗੱਡੀਆਂ ਦੀ ਅੰਦਰੂਨੀ ਹਾਲਤ ਦੇ ਨਾਲ-ਨਾਲ ਯਾਤਰੀ ਵੈਗਨਾਂ ਅੰਦਰ ਐਮਰਜੈਂਸੀ ਦੌਰਾਨ ਵਰਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਤਾਂ ਉਥੇ ਸਥਿਤੀ ਕਾਫ਼ੀ ਡਰਾਉਣੀ ਸੀ। ਇਸ ਦੌਰਾਨ ਜਦੋਂ ਉਨ੍ਹਾਂ ਨੇ ਉੱਤਰੀ ਭਾਰਤ ਦੀ ਇਕ ਹੋਰ ਮਹੱਤਵਪੂਰਨ ਰੇਲ ਗੱਡੀ ਸ਼ਾਨ-ਏ-ਪੰਜਾਬ ਦਾ ਦੌਰਾ ਕੀਤਾ ਤਾਂ ਇਸ ਦੇ ਯਾਤਰੀਆਂ ਲਈ ਸੁਰੱਖਿਆ ਪ੍ਰਣਾਲੀ ਪੂਰੀ ਤਰ੍ਹਾਂ ਰਾਮ ਭਰੋਸੇ ਸੀ।

ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਅਮਿਤ ਸ਼ਾਹ ਦੀ ਰੈਲੀ, ਮੋਦੀ ਸਰਕਾਰ ਦੇ 9 ਸਾਲਾਂ ਦੇ ਕੰਮਾਂ ਦਾ ਦਿੱਤਾ ਵੇਰਵਾ

ਸ਼ਾਨ-ਏ-ਪੰਜਾਬ ਰੇਲਗੱਡੀ ਦੀ ਸਥਿਤੀ

ਇਸ ਦੌਰਾਨ ਯਾਤਰੀ ਡੱਬਿਆਂ ’ਚ ਐਮਰਜੈਂਸੀ ਨਾਲ ਨਜਿੱਠਣ ਲਈ ਸੁਰੱਖਿਆ ਉਪਕਰਨ ਅਤੇ ਅੱਗ ਤੋਂ ਬਚਣ ਦੇ ਯੰਤਰ ਪੂਰੀ ਤਰ੍ਹਾਂ ਗਾਇਬ ਸਨ। ਅੱਗ ਬੁਝਾਉਣ ਲਈ ਵਰਤਿਆ ਗੈਸ ਸਿਲੰਡਰ ਵੀ ਗੈਰ-ਮੌਜੂਦ ਪਾਇਆ ਗਿਆ। ਉੱਥੇ ਹੀ ਰੇਲਗੱਡੀ ’ਚ ਇਕ ਗੱਲ ਹੋਰ ਦੇਖਣ ਨੂੰ ਮਿਲੀ ਕਿ ਇੱਥੇ ਏ. ਸੀ. ਵੈਗਨ ਵਿਚ ਅੱਗ ਬੁਝਾਉਣ ਵਾਲਾ ਸਿਲੰਡਰ ਲੱਗਾ ਹੋਇਆ ਹੈ ਅਤੇ ਹੋਰ ਆਮ ਵਰਗਾਂ ਦੀਆਂ ਗੱਡੀਆਂ ’ਚ ਇਕ ਵੀ ਸਿਲੰਡਰ ਨਹੀਂ ਦੇਖਿਆ ਗਿਆ। ਦੂਜੇ ਪਾਸੇ ਏ. ਸੀ. ਵੈਗਨ ਵਿਚ ਫਿੱਟ ਕੀਤਾ ਸਿਲੰਡਰ ਵੀ ਬਹੁਤ ਖ਼ਰਾਬ ਹਾਲਤ ’ਚ ਸੀ ਅਤੇ ਕਿਸੇ ਨੇ ਇਸ ਦੀ ਮਿਆਦ ਮਿਤੀ ਨਾਲ ਛੇੜਛਾੜ ਕੀਤੀ ਸੀ। ਦੱਸਣਯੋਗ ਹੈ ਕਿ ਉਕਤ ਸਿਲੰਡਰ ’ਤੇ ਇੰਪੈਕਟ ਫਾਇਰ ਐਂਡ ਸੇਫਟੀ ਐਪਲਾਇੰਸਿਜ਼ ਪ੍ਰਾਈਵੇਟ ਲਿਮਟਿਡ ਦਾ ਜੋ ਸਟਿੱਕਰ ਚਿਪਕਾਏ ਸੀ, ਉਸ ਦੀ ਮਿਆਦ ਮਿਤੀ ਨਾਲ ਛੇੜਛਾੜ ਕੀਤੀ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਰੇਲਵੇ ਪ੍ਰਸ਼ਾਸਨ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਕਿੰਨਾ ਗੰਭੀਰ ਹੈ।

ਇਹ ਵੀ ਪੜ੍ਹੋ- ਦੁਖਦਾਈ ਖ਼ਬਰ: ਤਰਨਤਾਰਨ 'ਚ ਸੁੱਤੇ ਪਰਿਵਾਰ 'ਤੇ ਡਿੱਗੀ ਕੰਧ, 1 ਜੀਅ ਦੀ ਹੋਈ ਮੌਤ

ਰੇਲਵੇ ਦੀਆਂ ਬੋਗੀਆਂ ਅੰਦਰ ਲੱਗੇ ਸਨ ਗੰਦਗੀ ਦੇ ਢੇਰ

ਇਸ ਦੌਰਾਨ ਲੰਮੀ ਦੂਰੀ ’ਤੇ ਜਾਣ ਵਾਲੀਆਂ ਕਈ ਰੇਲ ਗੱਡੀਆਂ ਤੋਂ ਇਲਾਵਾ ਕਈ ਆਮ ਰੇਲ ਗੱਡੀਆਂ ਵਿਚ ਵੀ ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਖ਼ਰਾਬ ਹੁੰਦੀ ਨਜ਼ਰ ਆਈ। ਰੇਲਵੇ ਦੀਆਂ ਬੋਗੀਆਂ ਦੇ ਅੰਦਰ ਜਾਣ ਸਮੇਂ ਹੀ ਗੰਦਗੀ ਦੇ ਢੇਰ ਲੱਗੇ ਹੋਏ ਸਨ। ਗੌਰਤਲਬ ਹੈ ਕਿ ਰੇਲਵੇ ਨੇ ਇਸ ਦਾ ਠੇਕਾ ਇਕ ਪ੍ਰਾਈਵੇਟ ਫ਼ਰਮ ਨੂੰ ਵੀ ਦਿੱਤਾ ਹੋਇਆ ਹੈ, ਜਿਸ ਤਹਿਤ ਅੰਮ੍ਰਿਤਸਰ ਪਹੁੰਚਣ ’ਤੇ ਹਰੇਕ ਰੇਲਗੱਡੀ ਦੀ ਸਫ਼ਾਈ ਦੀ ਪੂਰੀ ਜ਼ਿੰਮੇਵਾਰੀ ਉਸ ਦੀ ਹੋਵੇਗੀ। ਇਸ ਲਈ ਉੱਤਰੀ ਰੇਲਵੇ ਵੀ ਉਕਤ ਫ਼ਰਮ ਨੂੰ ਹਰ ਮਹੀਨੇ ਵੱਡੀ ਰਕਮ ਅਦਾ ਕਰਦਾ ਹੈ ਪਰ ਦੌਰੇ ਦੌਰਾਨ ਕਿਸੇ ਵੀ ਰੇਲਗੱਡੀ ਦੀ ਸਫ਼ਾਈ ਅੱਪ-ਟੂ-ਡੇਟ ਨਜ਼ਰ ਨਹੀਂ ਆਈ। ਉਥੇ ਹਰ ਪਾਸੇ ਬਦਬੂ ਵਾਲਾ ਮਾਹੌਲ ਨਜ਼ਰ ਆ ਰਿਹਾ ਸੀ। ਇਸ ਤੋਂ ਸਪੱਸ਼ਟ ਹੈ ਕਿ ਉਕਤ ਫ਼ਰਮ ਦੇ ਬਿੱਲ ਰੇਲਵੇ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਪਾਸ ਨਹੀਂ ਹੋ ਸਕਦੇ। ਦੂਜੇ ਪਾਸੇ ਪੈਸੰਜਰ ਵੈਗਨਾਂ ਦੇ ਬਾਥਰੂਮਾਂ ਦੀ ਵੀ ਸਫ਼ਾਈ ਨਹੀਂ ਕੀਤੀ ਗਈ, ਜਿਸ ਕਾਰਨ ਸਵਾਰੀਆਂ ਵੈਗਨਾਂ ਦਾ ਸਾਰਾ ਮਾਹੌਲ ਬਦਬੂ ਨਾਲ ਗ੍ਰਸਤ ਹੋ ਗਿਆ ਅਤੇ ਯਾਤਰੀਆਂ ਨੂੰ ਮੂੰਹ ਢੱਕ ਕੇ ਬੈਠਣ ਲਈ ਮਜ਼ਬੂਰ ਹੋਣਾ ਪਿਆ।

ਇਹ ਵੀ ਪੜ੍ਹੋ- ਗਿਆਨੀ ਰਘਬੀਰ ਸਿੰਘ ਨੂੰ ਜਥੇਦਾਰ ਥਾਪਣ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਪੋਸਟ

ਸਰਕੂਲੇਟਿੰਗ ਏਰੀਏ ਦੇ ਸਥਿਤੀ

ਸਟੇਸ਼ਨ ਦੇ ਸਰਕੂਲੇਟਿੰਗ ਏਰੀਏ ਦੀ ਹਾਲਤ ਵੀ ਪੂਰੀ ਤਰ੍ਹਾਂ ਰਾਮ ਭਰੋਸੇ ਹੀ ਦਿਖੀ। ਉਥੋਂ ਦੇ ਸਾਈਕਲ ਅਤੇ ਸਕੂਟਰ ਸਟੈਂਡ ਕੋਲ ਥੋੜ੍ਹੇ ਜਿਹੇ ਮੀਂਹ ਪੈਣ ’ਤੇ ਉਥੇ ਛੋਟੇ ਛੱਪੜ ਦਾ ਰੂਪ ਧਾਰਨ ਕਰ ਲੈਂਦਾ ਹੈ, ਜਿਸ ਨਾਲ ਸਾਰਾ ਵਾਤਾਵਰਣ ਪੂਰੀ ਤਰ੍ਹਾਂ ਦੂਸ਼ਿਤ ਅਤੇ ਬਦਬੂਦਾਰ ਹੋ ਗਿਆ ਹੈ। ਇਸ ਸਬੰਧੀ ਸਟੇਸ਼ਨ ਪ੍ਰਸ਼ਾਸਨ ਅਤੇ ਨਿਗਮ ਪ੍ਰਸ਼ਾਸਨ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਪਰ ਹੁਣ ਤੱਕ ਨਤੀਜਾ ਇਕ ਢੱਕਣ ਦੇ ਤਿੰਨ ਪਤੀਲੇ ਵਾਲਾ ਹੀ ਹੈ।

ਇਹ ਵੀ ਪੜ੍ਹੋ- ਦਿੱਲੀ-ਕਟੜਾ ਐਕਸਪ੍ਰੈਸ ਵੇਅ ਨੂੰ ਲੈ ਕੇ ਅਹਿਮ ਖ਼ਬਰ, ਗੁਰਦਾਸਪੁਰ ਦੀਆਂ 20 ਪੰਚਾਇਤਾਂ ਨੇ ਪਾਏ ਇਹ ਮਤੇ

ਟਰੇਨਾਂ ਦੀ ਆਵਾਜਾਈ ਦੀ ਸਥਿਤੀ

ਇਸ ਦੌਰਾਨ ਜਦੋਂ ਕੁਝ ਰੇਲਵੇ ਯਾਤਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਹੁਣ ਤੱਕ (ਕੁਝ ਨੂੰ ਛੱਡ ਕੇ) ਟਰੇਨਾਂ ਨਿਰਧਾਰਿਤ ਸਮੇਂ ਅਨੁਸਾਰ ਚੱਲਣ ’ਚ ਅਸਫ਼ਲ ਰਹੀਆਂ ਹਨ। ਇਸ ਕਾਰਨ ਰੇਲਵੇ ਯਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਹੁੰਦੀ ਹੈ ਅਤੇ ਉਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੇ ਸਵਾਲ ਇਹ ਹੈ ਕਿ ਜੇਕਰ ਰੇਲਵੇ ਯਾਤਰੀਆਂ ਦੀ ਸੁਰੱਖਿਆ ਦੇ ਪ੍ਰਬੰਧਾਂ ਵੱਲ ਧਿਆਨ ਨਹੀਂ ਦੇ ਰਿਹਾ ਤਾਂ ਰੇਲਵੇ ਹਰ ਸਾਲ ਦੇ ਬਜਟ ’ਚ ਸੁਰੱਖਿਆ ਦੇ ਨਾਂ ’ਤੇ ਮੋਟੀ ਰਕਮ ਕਿਉਂ ਦਰਸਾਉਂਦੀ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News