ਰੇਲ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਨਹੀਂ ਮਿਲ ਰਹੀਆਂ ਸਿਹਤ ਸਹੂਲਤਾਂ
Friday, Mar 30, 2018 - 04:00 PM (IST)

ਲੁਧਿਆਣਾ (ਵਿਪਨ) : ਰੇਲ ਕਰਮਚਾਰੀਆਂ ਤੇ ਸੇਵਾਮੁਕਤ ਕਰਮਚਾਰੀਆਂ ਨੂੰ ਸਿਹਤ ਸੇਵਾਵਾਂ ਉਪਲੱਬਧ ਕਰਵਾਉਣ ਲਈ ਰੇਲ ਪ੍ਰਸ਼ਾਸਨ ਨਿੱਜੀ ਹਸਪਤਾਲਾਂ ਨਾਲ ਇਕਰਾਰਨਾਮਾ ਕਰ ਕੇ ਉਨ੍ਹਾਂ ਨੂੰ ਲੱਖਾਂ ਰੁਪਏ ਪ੍ਰਤੀ ਮਹੀਨਾ ਅਦਾ ਕਰ ਰਿਹਾ ਹੈ, ਬਾਵਜੂਦ ਇਸ ਦੇ ਆਏ ਦਿਨ ਰੇਲ ਕਰਮਚਾਰੀਆਂ ਤੇ ਪੈਨਸ਼ਨਰਾਂ ਵੱਲੋਂ ਸਿਹਤ ਸਹੂਲਤਾਂ ਮਿਲਣ 'ਚ ਅਸੁਵਿਧਾ ਦਾ ਸਾਹਮਣਾ ਕਰਨ ਦੀਆਂ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਹਨ। ਨਿੱਜੀ ਹਸਪਤਾਲ 'ਤੇ ਇਲਾਜ ਸਹੀ ਤਰੀਕੇ ਨਾਲ ਨਾ ਕਰਨ ਦੇ ਗੰਭੀਰ ਦੋਸ਼ ਲਾ ਕੇ ਰੇਲ ਕਰਮਚਾਰੀ ਆਏ ਦਿਨ ਧਰਨੇ ਪ੍ਰਦਰਸ਼ਨ ਕਰਦੇ ਰਹਿੰਦੇ ਹਨ। ਇਸ ਕਥਿਤ ਪ੍ਰੇਸ਼ਾਨੀ ਕਾਰਨ ਹੁਣ ਸਥਾਨਕ ਸਿਹਤ ਕੇਂਦਰ ਨੂੰ ਅਪਗ੍ਰੇਡ ਕੀਤੇ ਜਾਣ ਦੀ ਮੰਗ ਵੀ ਦਿਨੋ-ਦਿਨ ਜ਼ੋਰ ਫੜ੍ਹਦੀ ਜਾ ਰਹੀ ਹੈ।
ਲੁਧਿਆਣਾ ਰੇਲਵੇ ਸਟੇਸ਼ਨ ਅਧੀਨ ਕੰਮ ਕਰਦੇ ਰੇਲ ਕਰਮਚਾਰੀਆਂ ਤੇ ਰੇਲਵੇ ਪੈਨਸ਼ਨਰਾਂ ਨੂੰ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਲਈ ਸਿਵਲ ਲਾਈਨ ਸਾਈਡ ਵੱਲ ਬਣਾਏ ਗਏ ਰੇਲਵੇ ਹਸਪਤਾਲ ਨੂੰ ਪਿਛਲੇ ਕਾਫੀ ਸਮੇਂ ਤੋਂ ਬੰਦ ਕਰ ਕੇ ਸਿਹਤ ਕੇਂਦਰ 'ਚ ਤਬਦੀਲ ਕਰ ਦਿੱਤਾ ਗਿਆ, ਜਿਸ ਕਾਰਨ ਕਰਮਚਾਰੀਆਂ ਨੂੰ ਗੰਭੀਰ ਬੀਮਾਰੀਆਂ ਦੇ ਇਲਾਜ ਲਈ ਫਿਰੋਜ਼ਪੁਰ ਸਥਿਤ ਰੇਲਵੇ ਹਸਪਤਾਲ ਭੇਜਣਾ ਸ਼ੁਰੂ ਕਰ ਦਿੱਤਾ ਗਿਆ, ਜੋ ਕਿ ਰੇਲ ਕਰਮਚਾਰੀਆਂ ਅਨੁਸਾਰ ਉਨ੍ਹਾਂ ਲਈ ਕਾਫੀ ਪ੍ਰੇਸ਼ਾਨੀ ਦੇਣ ਵਾਲਾ ਸਾਬਤ ਹੋ ਰਿਹਾ ਸੀ। ਰੇਲ ਕਰਮਚਾਰੀ ਯੂਨੀਅਨਾਂ ਨੇ ਕਰਮਚਾਰੀਆਂ ਦੇ ਇਲਾਜ ਲਈ ਮਹਾਨਗਰ ਦੇ ਨਿੱਜੀ ਹਸਪਤਾਲ ਨਾਲ ਇਕਰਾਰਨਾਮਾ ਕਰਨ ਲਈ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦੇ ਨਤੀਜੇ ਵਜੋਂ ਰੇਲ ਪ੍ਰਸ਼ਾਸਨ ਵੱਲੋਂ ਸਥਾਨਕ ਕੁੱਝ ਨਿੱਜੀ ਹਸਪਤਾਲਾਂ ਨਾਲ ਇਕਰਾਰਨਾਮਾ ਕਰ ਕੇ ਰੇਲ ਕਰਮਚਾਰੀਆਂ ਨੂੰ ਆਪਣਾ ਇਲਾਜ ਉਥੋਂ ਕਰਵਾਉਣ ਦੀ ਸਹੂਲਤ ਪ੍ਰਦਾਨ ਕਰ ਦਿੱਤੀ ਗਈ। ਵੱਡੇ ਨਿੱਜੀ ਹਸਪਤਾਲਾਂ ਨਾਲ ਇਕਰਾਰਨਾਮਾ ਹੋਣ ਤੋਂ ਬਾਅਦ ਰੇਲ ਕਰਮਚਾਰੀਆਂ ਤੇ ਰੇਲਵੇ ਪੈਨਸ਼ਨਰਾਂ ਨੇ ਉਥੇ ਇਲਾਜ ਕਰਨ ਵਿਚ ਟਾਲ-ਮਟੋਲ ਕਰਨ ਦੇ ਦੋਸ਼ ਲਾ ਕੇ ਫਿਰ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਥਾਨਕ ਸਿਹਤ ਕੇਂਦਰ ਨੂੰ ਅੱਪਗ੍ਰੇਡ ਕਰਨ ਦੀ ਮੰਗ ਉੱਠਣ ਲੱਗੀ।