ਦਿੱਲੀ ਹਿੰਸਾ ਦੇ ਵਿਰੋਧ 'ਚ ਕਿਸਾਨਾਂ ਨੇ ਬਠਿੰਡਾ-ਚੰਡੀਗੜ੍ਹ ਰੇਲਵੇ ਟਰੈਕ ਕੀਤਾ ਜਾਮ
Sunday, Mar 01, 2020 - 02:09 PM (IST)
ਬਰਨਾਲਾ (ਬਿਊਰੋ): ਆਏ ਦਿਨ ਹੋ ਰਹੇ ਹਾਦਸਿਆਂ ਦੇ ਬਾਅਦ ਵੀ ਲੋਕ ਕੋਈ ਸਬਕ ਨਹੀਂ ਲੈ ਰਹੇ। ਨਤੀਜਾ ਅਣਮੋਲ ਜਾਨਾਂ ਮੌਤ ਦੇ ਮੂੰਹ 'ਚ ਜਾ ਰਹੀਆਂ ਹਨ। ਇਹ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ, ਬਰਨਾਲਾ ਦੀਆਂ ਹਨ, ਜਿਥੇ ਵੱਡੀ ਗਿਣਤੀ 'ਚ ਲੋਕ ਰੇਲਵੇ ਟਰੈਕ 'ਤੇ ਬੈਠੇ ਹੋਏ ਹਨ। ਲੁਧਿਆਣਾ 'ਚ ਰੇਲ ਹਾਦਸਾ ਵਾਪਰਿਆਂ ਅਜੇ 24 ਘੰਟੇ ਵੀ ਨਹੀਂ ਹੋਏ ਕਿ ਲੋਕ ਇਸ ਨੂੰ ਭੁੱਲ ਮੌਤ ਰੂਪੀ ਰੇਲਵੇ ਲਾਈਨਾਂ 'ਤੇ ਬੈਠ ਗਏ ਹਨ, ਬਿਨਾਂ ਸ਼ੱਕ ਇਹ ਸਾਰੇ ਪ੍ਰਦਰਸ਼ਨਕਾਰੀ ਹਨ, ਤੇ ਸਰਕਾਰ ਖਿਲਾਫ ਰੋਸ ਪ੍ਰਗਟ ਕਰਦਿਆਂ ਰੇਲਵੇ ਲਾਈਨਾਂ ਜਾਮ ਕਰਕੇ ਬੈਠੇ ਹਨ।
ਦਰਅਸਲ, ਦਿੱਲੀ 'ਚ ਹੋਏ ਦੰਗਿਆਂ ਦੌਰਾਨ ਮਾਰੇ ਗਏ ਵਿਅਕਤੀਆਂ ਦੀ ਆਤਮਿਕ ਸ਼ਾਂਤੀ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਜਿਥੇ ਸ਼ਾਂਤੀ ਮਾਰਚ ਕੱਢੇ ਜਾ ਰਹੇ ਹਨ, ਉਥੇ ਹੀ ਸੀ.ਏ.ਏ. ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਵਲੋਂ ਕਨੱ੍ਹਈਆ ਕੁਮਾਰ ਤੇ ਕੁਝ ਹੋਰ ਲੋਕਾਂ ਖਿਲਾਫ ਦੇਸ਼ਧ੍ਰੋਹ ਦਾ ਮੁਕੱਦਮਾ ਚਲਾਉਣ ਦੀ ਦਿੱਤੀ ਮਨਜ਼ੂਰੀ ਦੇ ਖਿਲਾਫ ਰੋਸ ਵਿਖਾਵਾ ਕੀਤਾ ਗਿਆ। ਇਸੇ ਪ੍ਰਦਰਸ਼ਨ ਤਹਿਤ ਭਾਕਿਯੂ ਉਗਰਾਹਾਂ ਵਲੋਂ ਬਠਿੰਡਾ-ਚੰਡੀਗੜ੍ਹ ਰੇਲਵੇ ਟਰੈਕ ਰੋਕ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਤੇ ਸਰਕਾਰ ਨੂੰ ਸੀ.ਏ.ਏ. ਤੇ ਐੱਨ.ਆਰ.ਸੀ. ਵਾਪਸ ਲੈਣ ਦੀ ਮੰਗ ਕੀਤੀ ਪਰ ਇਸ ਸਭ ਦੌਰਾਨ ਸੈਂਕੜੇ ਜਾਨਾਂ ਮੌਤ ਰੂਪੀ ਰੇਲ ਦੀ ਪਟੜੀ 'ਤੇ ਬੈਠੀਆਂ ਹਨ। ਜੇਕਰ ਇਸ ਦੌਰਾਨ ਕੋਈ ਹਾਦਸਾ ਹੁੰਦਾ ਹੈ ਤਾਂ ਇਸਦਾ ਜਿੰਮੇਵਾਰ ਕੌਣ ਹੋਵੇਗਾ? ਅੱਜ ਕੱਲ ਰਾਤ ਹੀ ਲੁਧਿਆਣਾ 'ਚ ਰੇਲਵੇ ਕ੍ਰਾਸ ਕਰਦਿਆਂ 2 ਵਿਅਕਤੀ ਟਰੇਨ ਦੀ ਲਪੇਟ 'ਚ ਆ ਗਏ ਸਨ ਪਰ ਇਸ ਹਾਦਸੇ ਤੋਂ ਲੋਕਾਂ ਨੇ ਕੋਈ ਸਬਕ ਨਹੀਂ ਸਿੱਖਿਆ।