ਰੇਲਵੇ ਪਾਰਕ ’ਚ ਲਹਿਰਾ ਰਿਹਾ ਫਟਿਆ ਤਿਰੰਗਾ ਝੰਡਾ ਲੋਕਾਂ ’ਚ ਬਣਿਆ ਚਰਚਾ ਦਾ ਵਿਸ਼ਾ
Sunday, Jul 29, 2018 - 12:57 AM (IST)
ਫਿਰੋਜ਼ਪੁਰ(ਕੁਮਾਰ, ਆਵਲਾ)–ਮੰਡੀ ਗੁਰੂਹਰਸਹਾਏ ਦੇ ਰੇਲਵੇ ਪਾਰਕ ’ਚ ਲਹਿਰਾ ਰਿਹਾ ਫਟਿਆ ਤਿਰੰਗਾ ਝੰਡਾ ਲੋਕਾਂ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਲੋਕਾਂ ਦਾ ਮੰਨਣਾ ਹੈ ਕਿ ਇਹ ਤਿਰੰਗਾ ਝੰਡਾ ਇਸ ਗੱਲ ਦਾ ਸਬੂਤ ਹੈ ਕਿ ਸਾਡੇ ਪ੍ਰਸ਼ਾਸਨ ਦੇ ਅਧਿਕਾਰੀ ਤਿਰੰਗੇ ਦੀ ਆਨ-ਬਾਨ ਤੇ ਸ਼ਾਨ ਤੋਂ ਬੇਖਬਰ ਹਨ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ ਕਿ ਸਾਡੇ ਦੇਸ਼ ਦਾ ਰਾਸ਼ਟਰੀ ਝੰਡਾ ਕਿਸੇ ਹਾਲਤ ਵਿਚ ਲਹਿਰਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਅਾਂ ਯੁਵਾ ਐੱਨ. ਜੀ. ਓ. ਜਿੰਮੀ ਮਨਚੰਦਾ ਨੇ ਕਿਹਾ ਕਿ ਇਸ ਗੱਲ ਤੋਂ ਬੇਖਬਰ ਰਹਿਣ ਵਾਲੇ ਅਧਿਕਾਰੀਆਂ ਨੂੰ ਹੀ ਜਾਣ ਲੈਣਾ ਚਾਹੀਦਾ ਹੈ ਕਿ ਇਹ ਲਾਪ੍ਰਵਾਹੀ ਇਕ ਤਰ੍ਹਾਂ ਦੀ ਰਾਸ਼ਟਰੀ ਝੰਡੇ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਇਸ ਤਿਰੰਗੇ ਦੇ ਮਾਣ-ਸਨਮਾਨ ਲਈ ਅੱਜ ਤੱਕ ਲੱਖਾਂ ਸੈਨਿਕ ਤੇ ਦੇਸ਼ ਭਗਤ ਕੁਰਬਾਨ ਹੋ ਚੁੱਕੇ ਹਨ ਅਤੇ ਦੂਸਰੇ ਪਾਸੇ ਸਾਡੀ ਅਫਸਰਸ਼ਾਹੀ ਦਾ ਫਟੇ ਹੋਏ ਤਿਰੰਗੇ ਝੰਡੇ ਨੂੰ ਸਨਮਾਨ ਤੇ ਸਤਿਕਾਰ ਦੇ ਨਾਲ ਬਦਲਣ ਵੱਲ ਧਿਆਨ ਨਹੀਂ ਹੈ। ਜਿੰਮੀ ਮਨਚੰਦਾ ਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਤੋਂ ਮੰਗ ਕੀਤੀ ਹੈ ਕਿ ਗੁਰੂਹਰਸਹਾਏ ਰੇਲਵੇ ਸਟੇਸ਼ਨ ਦੇ ਕੋਲ ਰੇਲਵੇ ਪਾਰਕ ’ਚ ਫਟੇ ਹੋਏ ਲੱਗੇ ਤਿਰੰਗੇ ਭਾਰਤੀ ਰਾਸ਼ਟਰੀ ਝੰਡੇ ਨੂੰ ਪੂਰੇ ਮਾਣ-ਸਨਮਾਨ ਦੇ ਨਾਲ ਜਲਦ ਤੋਂ ਜਲਦ ਬਦਲਿਆ ਜਾਵੇ।
