ਰੇਲਵੇ ਲਾਈਨ ’ਤੇ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ ’ਚ ਆਇਆ ਨਵਾਂ ਮੋੜ, ਲਾਏ ਕਤਲ ਦੇ ਦੋਸ਼

Sunday, Feb 21, 2021 - 11:52 AM (IST)

ਗੁਰਦਾਸਪੁਰ (ਹਰਮਨ) - ਕੁਝ ਦਿਨ ਪਹਿਲਾਂ ਅੰਮ੍ਰਿਤਸਰ-ਪਠਾਨਕੋਟ ਰੇਲਵੇ ਲਾਈਨ ’ਤੇ ਪਨਿਆੜ ਨੇੜੇ ਇਕ ਨੌਜਵਾਨ ਦੀ ਹੋਈ ਮੌਤ ਉਪਰੰਤ ਉਕਤ ਨੌਜਵਾਨ ਦੀ ਸ਼ਨਾਖਤ ਹੋ ਗਈ ਹੈ। ਉਸ ਦੇ ਨਾਲ ਹੀ ਦੂਜੇ ਪਾਸੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਮੌਤ ਨੂੰ ਲੈ ਕੇ ਵੱਡੇ ਦੋਸ਼ ਲਾਉਣ ਕਾਰਣ ਇਸ ਮਾਮਲੇ ’ਚ ਨਵਾਂ ਮੋੜ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਵਿਸ਼ਾਲ ਪੁੱਤਰ ਮੋਹਨ ਲਾਲ ਵਾਸੀ ਬੀ. ਐੱਸ. ਐੱਫ. ਚੌਕ ਗੁਰਦਾਸਪੁਰ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਮੋਹਨ ਲਾਲ ਨੇ ਦੱਸਿਆ ਕਿ 14 ਫਰਵਰੀ ਦੀ ਰਾਤ ਨੂੰ ਉਨ੍ਹਾਂ ਦਾ ਪੁੱਤਰ ਘਰ ਨਹੀਂ ਆਇਆ, ਜਿਸ ਦੇ ਬਾਅਦ ਅਗਲੇ ਦਿਨ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪੁੱਤਰ ਦਾ ਮੋਟਰਸਾਈਕਲ ਰੇਲਵੇ ਲਾਈਨ ਦੇ ਕਿਨਾਰੇ ਪਿਆ ਹੈ ਅਤੇ ਰੇਲਵੇ ਪੁਲਸ ਨੇ ਉਸ ਦੀ ਲਾਸ਼ ਵੀ ਉਥੋਂ ਹੀ ਬਰਾਮਦ ਕੀਤੀ ਸੀ।

ਉਨ੍ਹਾਂ ਦੋਸ਼ ਲਾਇਆ ਕਿ ਕੁਝ ਵਿਅਕਤੀਆਂ ਨੇ ਉਨ੍ਹਾਂ ਦੇ ਪੁੱਤਰ ਦਾ ਕਤਲ ਕੀਤਾ ਹੈ ਅਤੇ ਇਸ ਕਤਲ ਨੂੰ ਰੇਲ ਹਾਦਸਾ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਤਲ ਕਰਨ ਵਾਲੇ ਵਿਅਕਤੀਆਂ ਨੇ ਉਸ ਦੇ ਪੁੱਤਰ ਨੂੰ ਅਣਪਛਾਤਾ ਦੱਸਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਉਸ ਦਾ ਪਤਾ ਹੀ ਨਾ ਲੱਗੇ ਪਰ ਬਾਅਦ ’ਚ ਉਨ੍ਹਾਂ ਨੇ ਅਗਲੇ ਦਿਨ ਹੀ ਆਪਣੇ ਪੁੱਤਰ ਦੀ ਸ਼ਨਾਖ਼ਤ ਕਰ ਕੇ ਰੇਲਵੇ ਪੁਲਸ ਨੂੰ ਦੋਸ਼ੀਆਂ ਦੇ ਨਾਮ ਵੀ ਦੱਸੇ ਹਨ।

ਉਨ੍ਹਾਂ ਕਿਹਾ ਕਿ ਉਹ ਆਪਣੇ ਪੁੱਤਰ ਦੇ ਹੋਏ ਕਤਲ ਦੇ ਸਬੰਧੀ ਕਾਨੂੰਨੀ ਕਾਰਵਾਈ ਕਰਨਗੇ ਅਤੇ ਮੈਡੀਕਲ ਰਿਪੋਰਟ ’ਚ ਇਹ ਸਪੱਸ਼ਟ ਹੋ ਜਾਵੇਗਾ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਰੇਲ ਹਾਦਸੇ ਕਾਰਣ ਨਹੀਂ ਸਗੋਂ ਉਸ ਦਾ ਕਤਲ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਸਾਰੇ ਦੋਸ਼ੀਆਂ ਨੂੰ ਸਾਹਮਣੇ ਲਿਆ ਕੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਵਾਉਣਗੇ।

 


rajwinder kaur

Content Editor

Related News