ਅੰਮ੍ਰਿਤਸਰ ''ਚ ਇਨਸਾਨੀਅਤ ਸ਼ਰਮਸਾਰ, ਦਿਲ ਨੂੰ ਝੰਜੋੜ ਦੇਵੇਗੀ ਇਹ ਘਟਨਾ
01/29/2020 6:54:31 PM
ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ 'ਚ ਰੇਲਵੇ ਵਿਭਾਗ ਦਾ ਇਕ ਸ਼ਰਮਨਾਕ ਅਤੇ ਦਿਲ ਨੂੰ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਥੋਂ ਦੇ ਰਾਮ ਬਾਗ ਫਾਟਕ ਕੋਲ ਇਕ ਨੌਜਵਾਨ ਨੇ ਟ੍ਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਘਟਨਾ ਦੇਖ ਉਥੇ ਖੜ੍ਹੇ ਲੋਕ ਹੈਰਾਨ ਰਹਿ ਗਏ। ਮੌਕੇ 'ਤੇ ਮੌਜੂਦ ਲੋਕਾਂ ਮੁਤਾਬਿਕ ਇਸ ਅਣਪਛਾਤੇ ਸ਼ਖਸ ਨੇ ਟਰੇਨ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਜਦੋਂ ਉਹ ਟਰੇਨ ਹੇਠ ਆਇਆ ਤਾਂ ਟਰੇਨ ਕਾਫੀ ਸਮਾਂ ਰੁਕੀ ਰਹੀ ਪਰ ਕੋਈ ਪੁਲਸ ਅਧਿਕਾਰੀ ਜਾਂ ਰੇਲਵੇ ਪੁਲਸ ਦਾ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ ਅਤੇ ਨਾ ਹੀ ਕਿਸੇ ਵਲੋਂ ਲਾਸ਼ ਚੁੱਕੀ ਗਈ। ਕਾਫੀ ਉਡੀਕ ਕਰਨ ਤੋਂ ਬਾਅਦ ਟ੍ਰੇਨ ਚੱਲ ਪਈ ਅਤੇ ਇਸ ਦੌਰਾਨ ਦੂਜੀ ਟਰੇਨ ਵੀ ਆ ਗਈ ਅਤੇ ਉਹ ਮ੍ਰਿਤਕ ਦੇਹ ਦੇ ਉਪਰੋਂ ਗੁਜ਼ਰ ਗਈ, ਜੋ ਕਿ ਕਾਨੂੰਨ ਦੇ ਸਖਤ ਖਿਲਾਫ ਹੈ।
ਲੰਮੇ ਸਮੇਂ ਬਾਅਦ ਘਟਨਾ ਸਥਾਨ 'ਤੇ ਪਹੁੰਚੀ ਪੁਲਸ ਕੋਲੋਂ ਜਦੋਂ ਇਸ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਤਾਂ ਉਹ ਤੁਰੰਤ ਮੌਕੇ 'ਤੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਕਦੇ ਵੀ ਲਾਸ਼ ਉਪਰੋਂ ਟ੍ਰੇਨ ਨਹੀਂ ਲੰਘ ਸਕਦੀ। ਉਨ੍ਹਾਂ ਕਿਹਾ ਕਿ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾਏਗੀ ਅਤੇ ਬਣਦੀ ਕਾਰਵਾਈ ਕੀਤੀ ਜਾਏਗੀ।