ਚਾਰ ਦਿਨਾਂ ''ਚ ਦੂਜੀ ਬਾਰ ਲੀਹੋਂ ਲੱਥੀ ਮਾਲ-ਗੱਡੀ, ਟਲਿਆ ਵੱਡਾ ਹਾਦਸਾ

05/12/2019 5:40:13 PM

ਧੂਰੀ (ਸੰਜੀਵ ਜੈਨ) : ਐਤਵਾਰ ਸਵੇਰੇ ਮੁੜ ਇਕ ਵਾਰ ਫਿਰ ਵੱਡਾ ਰੇਲ ਹਾਦਸਾ ਹੋਣ ਤੋਂ ਉਸ ਸਮੇਂ ਬਚਾਅ ਰਹਿ ਗਿਆ, ਜਦੋਂ ਇਕ ਮਾਲਗੱਡੀ ਲੀਹੋਂ ਲੱਥ ਗਈ। ਹਾਸਲ ਜਾਣਕਾਰੀ ਅਨੁਸਾਰ ਐਤਵਾਰ ਸਵੇਰੇ ਲੁਧਿਆਣਾ ਤੋਂ ਧੂਰੀ ਆ ਰਹੀ ਇਕ ਮਾਲਗੱਡੀ ਸ਼ਹਿਰ ਦੇ ਮੁੱਖ ਫਾਟਕਾਂ ਨੇੜੇ ਲੀਹੋਂ ਲੱਥ ਗਈ, ਜਿਸ ਕਾਰਨ ਸ਼ਹਿਰ ਦੇ ਮੁੱਖ ਫਾਟਕ ਕਰੀਬ 2 ਘੰਟੇ ਬੰਦ ਰਹੇ ਅਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ।
ਦੱਸਣਯੋਗ ਹੈ ਕਿ ਮਹਿਜ਼ ਚਾਰ ਦਿਨਾਂ ਅੰਦਰ ਦੂਜੀ ਵਾਰ ਮਾਲਗੱਡੀ ਲੀਹੋਂ ਲੱਥਣ ਕਾਰਨ ਜਿੱਥੇ ਮੁਸਾਫ਼ਰਾਂ 'ਚ ਸਹਿਮ ਹੈ, ਉੱਥੇ ਹੀ ਰੇਲ ਵਿਭਾਗ ਦੀ ਕਾਰਗੁਜ਼ਾਰੀ 'ਤੇ ਵੀ ਸਵਾਲੀਆ ਨਿਸ਼ਾਨ ਖੜ੍ਹਾ ਹੁੰਦਾ ਹੈ। ਮੁਸਾਫ਼ਰਾਂ ਦਾ ਕਹਿਣਾ ਹੈ ਕਿ ਇਕੋ ਟਰੈਕ 'ਤੇ ਚਾਰ ਦਿਨਾਂ 'ਚ ਦੂਜੀ ਬਾਰ ਮਾਲਗੱਡੀ ਲੀਹੋਂ ਲੱਥ ਜਾਣਾ ਰੇਲ ਵਿਭਾਗ ਦੀ ਅਣਗਹਿਲੀ ਨੂੰ ਜੱਗ ਜ਼ਾਹਿਰ ਕਰਦਾ ਹੈ। ਉਨ੍ਹਾਂ ਕਿਹਾ ਕਿ ਮਾਲ-ਗੱਡੀ ਦੀ ਬਜਾਏ ਕੋਈ ਮੁਸਾਫ਼ਰ ਗੱਡੀ ਵੀ ਇਸ ਘਟਨਾ ਦਾ ਸ਼ਿਕਾਰ ਹੋ ਸਕਦੀ ਹੈ, ਜਿਸ ਕਾਰਨ ਸਫ਼ਰ ਕਰਨ ਸਮੇਂ ਉਨ੍ਹਾਂ ਦੇ ਮਨਾਂ 'ਚ ਸਹਿਮ ਬਣਿਆ ਰਹੇਗਾ। ਜ਼ਿਕਰਯੋਗ ਹੈ ਕਿ ਲੰਘੀ 9 ਮਈ ਨੂੰ ਵੀ ਲੁਧਿਆਣਾ ਵੱਲੋਂ ਧੂਰੀ ਆ ਰਹੀ ਮਾਲ-ਗੱਡੀ ਦੇ 2 ਡੱਬੇ ਲੀਹੋਂ ਲੱਥ ਗਏ ਸਨ।
ਇਸ ਸਬੰਧੀ ਸਟੇਸ਼ਨ ਸੁਪਰਡੈਂਟ ਨਾਲ ਫ਼ੋਨ 'ਤੇ ਸੰਪਰਕ ਕਰਨ 'ਤੇ ਉਨ੍ਹਾਂ ਰੇਲ ਵਿਭਾਗ ਦੀ ਨਾਕਾਮੀ ਨੂੰ ਛੁਪਾਉਂਦੇ ਹੋਏ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਜਾਣਕਾਰੀ ਰੇਲ ਵਿਭਾਗ ਦੇ ਸੀ.ਪੀ.ਆਰ.ਓ. ਹੀ ਦੇ ਸਕਦੇ ਹਨ ਪਰ ਸੀ.ਪੀ.ਆਰ.ਓ ਦਾ ਫ਼ੋਨ ਨੰਬਰ ਮੰਗਣ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਨੰਬਰ ਨਹੀਂ ਹੈ।


Gurminder Singh

Content Editor

Related News